ਨਵੀਂ ਦਿੱਲੀ (ਜੇਐੱਨਐੱਨ) : 17 ਦਸੰਬਰ 2007 ਨੂੰ ਜਦ ਉੱਤਰ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਆਪਣਾ ਪਹਿਲਾ ਰਣਜੀ ਮੁਕਾਬਲਾ ਖੇਡਣ ਬੰਗਾਲ ਖ਼ਿਲਾਫ਼ ਉਤਰੇ ਸੀ ਤਾਂ ਉਨ੍ਹਾਂ ਦੀਆਂ ਲਈਆਂ ਗਈਆਂ ਅਹਿਮ ਤਿੰਨ ਵਿਕਟਾਂ ਨੇ ਉਨ੍ਹਾਂ ਦੇ ਭਵਿੱਖ ਦੀ ਤਕਦੀਰ ਤੈਅ ਕਰ ਦਿੱਤੀ ਸੀ। ਉਨ੍ਹਾਂ ਹੀ ਭੁਵਨੇਸ਼ਵਰ ਨੇ ਐਤਵਾਰ ਨੂੰ ਪੋਰਟ ਆਫ ਸਪੇਨ ਵਿਚ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨ ਡੇ ਵਿਚ ਚਾਰ ਵਿਕਟਾਂ ਹਾਸਲ ਕਰ ਕੇ ਭਾਰਤ ਨੂੰ ਡਕਵਰਥ ਲੁਇਸ ਨਿਯਮ ਦੇ ਆਧਾਰ 'ਤੇ 59 ਦੌੜਾਂ ਨਾਲ ਜਿੱਤ ਦਿਵਾਈ। ਭਾਰਤ ਨੇ ਪਹਿਲਾਂ ਖੇਡਦੇ ਹੋਏ ਮੈਨ ਆਫ ਦ ਮੈਚ ਵਿਰਾਟ ਕੋਹਲੀ ਦੀਆਂ 120 ਦੌੜਾਂ ਦੀ ਬਦੌਲਤ ਸੱਤ ਵਿਕਟਾਂ 'ਤੇ 279 ਦੌੜਾਂ ਬਣਾਈਆਂ ਸਨ ਜਦਕਿ ਮੇਜ਼ਬਾਨ ਟੀਮ 42 ਓਵਰਾਂ ਵਿਚ 210 ਦੌੜਾਂ 'ਤੇ ਆਲ ਆਊਟ ਹੋ ਗਈ। ਬਾਰਿਸ਼ ਕਾਰਨ ਵੈਸਟਇੰਡੀਜ਼ ਨੂੰ ਡਕਵਰਥ ਲੁਇਸ ਦੇ ਆਧਾਰ 'ਤੇ 46 ਓਵਰਾਂ ਵਿਚ 270 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਭੁਵੀ ਦੀ ਦਮਦਾਰ ਗੇਂਦਬਾਜ਼ੀ ਸਾਹਮਣੇ ਕੈਰੇਬਿਆਈ ਬੱਲੇਬਾਜ਼ਾਂ ਦਾ ਦਮ ਨਿਕਲ ਗਿਆ। ਭਾਰਤ ਨੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ। ਪਿਛਲਾ ਮੈਚ ਬਾਰਿਸ਼ ਕਾਰਨ ਬਿਨਾ ਨਤੀਜੇ ਦੇ ਸਮਾਪਤ ਹੋਇਆ ਸੀ ਜਦਕਿ ਆਖ਼ਰੀ ਮੁਕਾਬਲਾ ਬੁੱਧਵਾਰ ਨੂੰ ਹੋਵੇਗਾ। ਭਾਰਤੀ ਦਿੱਗਜ ਸਚਿਨ ਤੇਂਦੁਲਕਰ ਨੂੰ ਘਰੇਲੂ ਕ੍ਰਿਕਟ ਵਿਚ ਪਹਿਲੀ ਵਾਰ ਜ਼ੀਰੋ 'ਤੇ ਆਊਟ ਕਰ ਕੇ ਸੁਰਖ਼ੀਆਂ ਬਣਨ ਵਾਲੇ ਭੁਵਨੇਸ਼ਵਰ ਇਸ ਸਮੇਂ ਟੀਮ ਇੰਡੀਆ ਦੇ ਮੁੱਖ ਗੇਂਦਬਾਜ਼ ਹਨ। ਮੇਰਠ ਦੇ ਪ੍ਰਵੀਣ ਕੁਮਾਰ ਤੋਂ ਪ੍ਰੇਰਨਾ ਲੈ ਕੇ ਸਵਿੰਗ ਗੇਂਦਬਾਜ਼ ਬਣਨ ਵਾਲੇ ਪਤਲੇ ਸਰੀਰ ਵਾਲੇ ਭੁਵਨੇਸ਼ਵਰ ਹੁਣ ਦੁਨੀਆ ਦੇ ਮਜ਼ਬੂਤ ਗੇਂਦਬਾਜ਼ ਹੋ ਗਏ ਹਨ। ਕਦੀ ਘੱਟ ਰਫ਼ਤਾਰ ਕਾਰਨ ਬਾਅਦ ਦੇ ਓਵਰਾਂ ਵਿਚ ਅਸਰਦਾਰ ਨਾ ਰਹਿਣ ਵਾਲੇ ਭੁਵਨੇਸ਼ਵਰ ਨੇ ਆਪਣੀ ਗੇਂਦਬਾਜ਼ੀ ਵਿਚ ਅਹਿਮ ਤਬਦੀਲੀ ਕੀਤੀ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਪੋਰਟ ਆਫ ਸਪੇਨ ਦੀ ਪਿੱਚ 'ਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਵੈਸਟਇੰਡੀਜ਼ ਦੀ ਪਾਰੀ ਦੇ 10ਵੇਂ ਓਵਰ ਵਿਚ ਪਹਿਲਾ ਵਿਕਟ ਹਾਸਲ ਕੀਤਾ। ਕ੍ਰਿਸ ਗੇਲ ਉਨ੍ਹਾਂ ਦੀ ਗੇਂਦ ਨੂੰ ਸਮਝ ਨਹੀਂ ਸਕੇ ਤੇ ਲੱਤ ਅੜਿੱਕਾ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 42 ਦੌੜਾਂ 'ਤੇ ਖੇਡ ਰਹੇ ਨਿਕੋਲਸ ਪੂਰਨ ਨੂੰ ਆਊਟ ਕੀਤਾ। ਤਿੰਨ ਗੇਂਦਾਂ ਬਾਅਦ ਭੁਵਨੇਸ਼ਵਰ ਨੇ ਰੋਸਟਨ ਚੇਜ ਦਾ ਆਪਣੀ ਹੀ ਗੇਂਦ 'ਤੇ ਕਮਾਲ ਦਾ ਕੈਚ ਫੜ ਕੇ ਉਨ੍ਹਾਂ ਨੂੰ ਪਵੇਲੀਅਨ ਭੇਜਿਆ। ਫਿਰ ਕੇਮਾਰ ਰੋਚ ਦੀ ਵਿਕਟ ਲੈ ਕੇ ਉਨ੍ਹਾਂ ਨੇ ਆਪਣੇ ਵਨ ਡੇ ਕਰੀਅਰ ਵਿਚ ਚੌਥੀ ਵਾਰ ਪਾਰੀ ਵਿਚ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ ਤੇ ਮੁਹੰਮਦ ਸ਼ਮੀ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਖ਼ਲੀਲ ਨੂੰ ਇਕ ਵਿਕਟ ਮਿਲੀ। ਵੈਸਟਇੰਡੀਜ਼ ਨੇ ਇਕ ਸਮੇਂ 'ਤੇ ਚਾਰ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਬਣਾ ਲਈਆਂ ਸਨ ਪਰ ਉਸ ਦੀਆਂ ਬਾਕੀ ਛੇ ਵਿਕਟਾਂ 62 ਦੌੜਾਂ 'ਤੇ ਹੀ ਡਿੱਗ ਗਈਆਂ। ਵੈਸਟਇੰਡੀਜ਼ ਵੱਲੋਂ ਸਭ ਤੋਂ ਜ਼ਿਆਦਾ 65 ਦੌੜਾਂ ਇਵਿਨ ਲੁਇਸ ਨੇ ਬਣਾਈਆਂ।

ਸਿਰਫ਼ ਸ਼ੁਰੂਆਤ ਦੀ ਖੇਡ ਨਹੀਂ

ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਭੁਵਨੇਸ਼ਵਰ ਨੂੰ ਸ਼ੁਰੂਆਤੀ ਓਵਰਾਂ ਵਿਚ ਲਾਓ ਤੇ ਉਹ ਨਵੀਂ ਗੇਂਦ ਨਾਲ ਸ਼ੁਰੂ ਦੇ ਪੰਜ ਛੇ ਓਵਰਾਂ ਵਿਚ ਗੇਂਦ ਨੂੰ ਸਵਿੰਗ ਕਰਵਾ ਕੇ ਵਿਕਟਾਂ ਲੈਣਗੇ ਪਰ ਹੁਣ ਉਨ੍ਹਾਂ ਨੇ ਆਪਣੇ ਘੇਰੇ ਨੂੰ ਵਧਾ ਲਿਆ ਹੈ। 30 ਦਸੰਬਰ 2012 ਨੂੰ ਪਾਕਿਸਤਾਨ ਖ਼ਿਲਾਫ਼ ਆਪਣਾ ਪਹਿਲਾ ਵਨ ਡੇ ਖੇਡਣ ਵਾਲਾ ਇਹ ਤੇਜ਼ ਗੇਂਦਬਾਜ਼ ਹੁਣ ਰਫ਼ਤਾਰ, ਸਵਿੰਗ ਤੇ ਚਲਾਕੀ ਦੇ ਮੇਲ ਨਾਲ ਟੀਮ ਇੰਡੀਆ ਦਾ ਸਭ ਤੋਂ ਭਰੋਸੇਮੰਦ ਗੇਂਦਬਾਜ਼ ਬਣ ਚੁੱਕਾ ਹੈ। ਭੁਵੀ ਦੀਆਂ 113 ਮੈਚਾਂ ਵਿਚ 34.24 ਦੀ ਔਸਤ ਨਾਲ 132 ਵਿਕਟਾਂ ਹੋ ਗਈਆਂ ਹਨ।

ਲਗਾਤਾਰ ਤਬਦੀਲੀ ਨਾਲ ਭਰਿਆ ਦੌਰ

ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਵਿਚ ਭੁਵਨੇਸ਼ਵਰ ਦੀ ਤਾਕਤ ਸਵਿੰਗ ਰਹਿੰਦੀ ਸੀ। ਇਕ ਸਮਾਂ ਅਜਿਹਾ ਵੀ ਆਇਆ ਜਦ ਉਨ੍ਹਾਂ ਨੂੰ ਖ਼ਾਸ ਹਾਲਾਤ ਦਾ ਗੇਂਦਬਾਜ਼ ਕਿਹਾ ਜਾਣ ਲੱਗਾ। ਸਪਾਟ ਪਿੱਚਾਂ 'ਤੇ ਸਵਿੰਗ ਨਾ ਮਿਲਣ ਨਾਲ ਉਹ ਸਾਈਡ ਲਾਈਨ ਹੁੰਦੇ ਚਲੇ ਗਏ। 2015 ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਾਬਲੀਅਤ ਨੂੰ ਸਵਿੰਗ ਦੀਆਂ ਜੰਜ਼ੀਰਾਂ ਤੋਂ ਬਾਹਰ ਕੱਢਣਾ ਸ਼ੁਰੂ ਕੀਤਾ ਤੇ ਆਪਣੇ ਸਰੀਰ 'ਤੇ ਵੀ ਕੰਮ ਕੀਤਾ। ਵਿਸ਼ਵ ਕੱਪ ਤੋਂ ਪਹਿਲਾਂ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਹੋਏ ਇਸ ਟੂਰਨਾਮੈਂਟ ਵਿਚ ਸਿਰਫ਼ ਇਕ ਮੈਚ ਯੂਏਈ ਦੇ ਖ਼ਿਲਾਫ਼ ਖੇਡਣ ਨੂੰ ਮਿਲਿਆ। ਵਿਸ਼ਵ ਕੱਪ ਤੋਂ ਬਾਅਦ ਭੁਵੀ ਨੇ ਆਪਣਾ ਵਜ਼ਨ ਵਧਾਇਆ ਜਿਸ ਨਾਲ ਉਨ੍ਹਾਂ ਦੀ ਸਪੀਡ 130-132 ਤੋਂ ਵਧ ਕੇ 140 ਕਿਲੋਮੀਟਰ ਪ੍ਰਤੀ ਘੰਟਾ ਤਕ ਪੁੱਜ ਗਈ। 2016 ਤੇ 2017 ਆਈਪੀਐੱਲ ਵਿਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਵਿਕਟਾਂ ਲੈ ਕੇ ਪਰਪਲ ਕੈਪ ਹਾਸਲ ਕੀਤੀ। ਹੁਣ ਭੁਵੀ ਸ਼ੁਰੂਆਤੀ ਓਵਰਾਂ ਵਿਚ ਸੰਵਿਗ ਤੇ ਆਖ਼ਰੀ ਓਵਰਾਂ ਵਿਚ ਆਪਣੀ ਚਲਾਕੀ ਨਾਲ ਵਿਕਟਾਂ ਲੈਣਾ ਸਿੱਖ ਗਏ ਹਨ।

ਕੋਟ

''ਜਦ ਮੈਂ ਗੇਂਦਬਾਜ਼ੀ ਲਈ ਆਇਆ ਤਾਂ ਸਿਰਫ਼ ਇੰਨਾ ਸੋਚ ਰਿਹਾ ਸੀ ਕਿ ਮੈਂ ਕਿਫ਼ਾਇਤੀ ਗੇਂਦਬਾਜ਼ੀ ਕਰਨੀ ਹੈ, ਜ਼ਿਆਦਾ ਖਾਲੀ ਗੇਂਦਾਂ ਸੁੱਟੀਆਂ ਹਨ। ਮੈਨੂੰ ਲਗਦਾ ਹੈ ਕਿ ਜੇ ਤੁਸੀਂ ਕਿਫ਼ਾਇਤੀ ਗੇਂਦਬਾਜ਼ੀ ਕਰੋਗੇ ਤਾਂ ਵਿਕਟਾਂ ਤੁਹਾਨੂੰ ਆਪਣੇ ਆਪ ਮਿਲਣਗੀਆਂ। ਮੈਂ ਨਤੀਜੇ ਬਾਰੇ ਜ਼ਿਆਦਾ ਨਹੀਂ ਸੋਚਦਾ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਅਸੀਂ ਇਕ ਜਾਂ ਦੋ ਵਿਕਟਾਂ ਹਾਸਲ ਕਰਾਂਗੇ ਤਾਂ ਮੈਚ ਵਿਚ ਹਮੇਸ਼ਾ ਵਾਪਸੀ ਕਰ ਸਕਦੇ ਹਾਂ'

-ਭੁਵਨੇਸ਼ਵਰ ਕੁਮਾਰ