ਲੰਡਨ (ਪੀਟੀਆਈ) : ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਟੀਮ ਇੰਡੀਆ ਹੱਥੋਂ ਮਿਲੀ 10 ਵਿਕਟਾਂ ਦੀ ਹਾਰ ਤੋਂ ਬਾਅਦ ਇੰਗਲੈਂਡ ਦੀ ਟੀਮ ਨਿਸ਼ਾਨੇ 'ਤੇ ਆ ਗਈ ਹੈ ਤੇ ਉਸ ਦੀ ਬਹੁਤ ਨਿੰਦਾ ਕੀਤੀ ਜਾ ਰਹੀ ਹੈ। ਸਾਬਕਾ ਇੰਗਲਿਸ਼ ਬੱਲੇਬਾਜ਼ ਇਆਨ ਬੈੱਲ ਨੇ ਟੀਮ ਦੀ ਰੋਟੇਸ਼ਨ ਨੀਤੀ ਨੂੰ ਲੈ ਕੇ ਝਾੜ ਪਾਈ ਹੈ। ਬੈੱਲ ਨੇ ਕਿਹਾ ਕਿ ਭਾਰਤੀ ਟੀਮ ਇਸ ਸਾਲ ਗਰਮੀਆਂ ਵਿਚ ਇੰਗਲੈਂਡ ਆਵੇਗੀ ਪਰ ਉਹ ਸੀਰੀਜ਼ ਵਿਚ 1-0 ਜਾਂ 2-0 ਨਾਲ ਅੱਗੇ ਰਹਿੰਦੇ ਹਨ ਤਾਂ ਕੀ ਉਹ ਟੀਮ ਵਿਚ ਤਬਦੀਲੀ ਕਰਨਗੇ, ਬਿਲਕੁਲ ਨਹੀਂ। ਜੇ ਤੁਸੀਂ ਆਸਟ੍ਰੇਲੀਆ ਤੇ ਭਾਰਤ ਵਿਚ ਜਿੱਤਦੇ ਹੋ ਤਾਂ ਤੁਸੀਂ ਬਹੁਤ ਦਿਨਾਂ ਤਕ ਯਾਦ ਕੀਤੇ ਜਾਓਗੇ। ਇਕ ਚੀਜ਼ ਯਾਦ ਰੱਖੋ ਕਿ ਜੇ ਭਾਰਤੀ ਟੀਮ ਇੰਗਲੈਂਡ ਵਿਚ ਖੇਡਣ ਆਉਂਦੀ ਹੈ ਤਾਂ ਉਹ 1-0 ਨਾਲ ਅੱਗੇ ਹੋਣ ਤੋਂ ਬਾਅਦ ਆਪਣੇ ਖਿਡਾਰੀਆਂ ਨੂੰ ਬਾਹਰ ਨਹੀਂ ਕਰਨਗੇ ਤੇ ਨਾ ਹੀ ਤਬਦੀਲੀ ਕਰਨਗੇ। ਇਸ ਸਾਬਕਾ ਇੰਗਲਿਸ਼ ਬੱਲੇਬਾਜ਼ ਨੇ ਕਿਹਾ ਕਿ ਅੰਤਰਰਰਾਸ਼ਟਰੀ ਕ੍ਰਿਕਟ ਵਿਚ ਤੁਹਾਨੂੰ ਸੰਤੁਲਨ ਬਣਾਈ ਰੱਖਣ ਦੇ ਵਿਸ਼ੇ 'ਤੇ ਸੋਚਣਾ ਪੈਂਦਾ ਹੈ। ਲੈਅ ਆਉਂਦੀ-ਜਾਂਦੀ ਰਹੇਗੀ ਪਰ ਖਿਡਾਰੀਆਂ ਨੂੰ ਬਦਲੋ ਨਾ। ਸਰਬਤੋਮ ਟੀਮ ਨੂੰ ਜੇਤੂ ਟੀਮ ਬਣਾਈ ਰੱਖਣ ਦੀ ਲੋੜ ਪੈਂਦੀ ਹੈ। ਇਹ ਐਸ਼ੇਜ਼ ਤੋਂ ਘੱਟ ਮਹੱਤਵਪੂਰਨ ਨਹੀਂ ਹੈ। ਮੈਨੂੰ ਨਹੀਂ ਸਮਝ ਆ ਰਹੀ ਕਿ ਅਸੀਂ ਗ਼ਲਤੀ ਕਿਉਂ ਕਰ ਰਹੇ ਹਾਂ।

Posted By: Susheel Khanna