ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਟੀਮ ਨੇ ਪਿਛਲੇ ਦਿਨੀ ਵੈਸਟਇੰਡੀਜ਼ ਦਾ ਦੌਰਾ ਕੀਤਾ ਸੀ ਜਿੱਥੇ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ ਹਿੱਸਾ ਲਿਆ ਸੀ। ਟੀਮ ਇੰਡੀਆ ਨੇ ਇਸ ਦੌਰੇ 'ਤੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਵੀ ਸ਼ਿਰਕਤ ਕੀਤੀ ਸੀ। ਇਸ ਦੌਰੇ ਨੂੰ ਲੈ ਕੇ ਹੁਣ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਦੋਵਾਂ ਟੀਮਾਂ ਵਿਚਾਲੇ ਏਂਟੀਗਾ ਵਿਚ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਇਕ ਬਦਕਿਸਮਤੀ ਵਾਲੀ ਘਟਨਾ ਵਿਚ ਟੀਮ ਇੰਡੀਆ ਦੇ ਸਹਿਯੋਗੀ ਸਟਾਫ ਦੇ ਇਕ ਮੈਂਬਰ 'ਤੇ ਹੋਟਲ ਕਰਮਚਾਰੀ ਨਾਲ ਛੇੜਛਾੜ ਦਾ ਦੋਸ਼ ਲੱਗਾ ਸੀ। ਹੁਣ ਇਸ ਦੋਸ਼ ਨੂੰ ਲੈ ਕੇ ਬੀਸੀਸੀਆਈ ਨੇ ਆਪਣਾ ਰੁਖ਼ ਸਾਫ਼ ਕੀਤਾ ਹੈ। ਦਰਅਸਲ, ਵੈਸਟਇੰਡੀਜ਼ ਦੌਰੇ 'ਤੇ ਟੀਮ ਇੰਡੀਆ ਦੇ ਮੈਨੇਜਰ ਸੁਨੀਲ ਸੁਬਰਾਮਣੀਅਮ ਨੇ ਦਾਅਵਾ ਕੀਤਾ ਸੀ ਕਿ ਏਂਟੀਗਾ ਟੈਸਟ ਤੋਂ ਪਹਿਲਾਂ ਟੀਮ ਬਹੁਤ ਮੁਸ਼ਕਲ ਸਥਿਤੀ ਵਿਚ ਫ਼ਸ ਗਈ ਸੀ। ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੂੰ 25 ਸਤੰਬਰ ਨੂੰ ਕੀਤੀ ਗਈ ਈ-ਮੇਲ ਵਿਚ ਸੁਬਰਾਮਣੀਅਮ ਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਬਾਅਦ ਵਿਚ ਇਸ ਨੂੰ ਵਾਪਸ ਲੈਂਦੇ ਹੋਏ ਸੁਝਾਅ ਦਿੱਤਾ ਸੀ ਕਿ ਦੋਸ਼ੀ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਹੁਣ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਸ ਗੱਲ ਨੂੰ ਮੰਨਿਆ ਕਿ ਟੀਮ ਹੋਟਲ ਵਿਚ ਅਜਿਹੀ ਘਟਨਾ ਹੋਈ ਸੀ ਪਰ ਇਹ ਗ਼ਲਤ ਪਛਾਣ ਦਾ ਮਾਮਲਾ ਸੀ, ਇਹੀ ਕਾਰਨ ਹੈ ਕਿ ਏਂਟੀਗਾ ਪੁਲਿਸ ਨੇ ਜਾਂਚ ਤੋਂ ਬਾਅਦ ਸਹਿਯੋਗੀ ਸਟਾਫ ਦੇ ਮੈਂਬਰ ਨੂੰ ਦੋਸ਼ ਮੁਕਤ ਕਰ ਦਿੱਤਾ ਸੀ।

ਮਾਮਲਾ ਨਿਕਲਿਆ ਗ਼ਲਤ ਪਛਾਣ ਦਾ :

ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਂਟੀਗਾ ਵਿਚ ਜਾਂਚ ਤੋਂ ਬਾਅਦ ਇਹ ਗ਼ਲਤ ਪਛਾਣ ਦਾ ਮਾਮਲਾ ਨਿਕਲਿਆ। ਜਿਸ ਹੋਟਲ ਕਰਮਚਾਰੀ ਨਾਲ ਮਾੜਾ ਵਤੀਰਾ ਹੋਇਆ ਸੀ ਉਸ ਨੂੰ ਟੀਮ ਇੰਡੀਆ ਦੇ ਸਹਿਯੋਗੀ ਸਟਾਫ ਦੇ ਸਾਰੇ ਮੈਂਬਰਾਂ ਦੀ ਫੋਟੋ ਦਿਖਾਈ ਗਈ ਪਰ ਉਹ ਉਨ੍ਹਾਂ ਵਿਚੋਂ ਕਿਸੇ ਨੂੰ ਨਹੀਂ ਪਛਾਣ ਸਕੀ। ਇਸ ਤੋਂ ਇਲਾਵਾ ਉਸ ਨੇ ਜਿਸ ਕਮਰਾ ਨੰਬਰ ਦੀ ਗੱਲ ਕੀਤੀ ਸੀ ਉਹ ਭਾਰਤੀ ਟੀਮ ਦੇ ਕਿਸੇ ਵੀ ਮੈਂਬਰ ਨਾਲ ਸਬੰਧਤ ਨਹੀਂ ਸੀ। ਏਂਟੀਗਾ ਟੈਸਟ 22 ਤੋਂ 26 ਅਗਸਤ ਵਿਚਾਲੇ ਖੇਡਿਆ ਗਿਆ ਸੀ।

ਸੁਬਰਾਮਣੀਅਮ ਨੇ ਬਦਲਿਆ ਰੁਖ਼ :

ਇਸ ਤੋਂ ਪਹਿਲਾਂ ਸੁਬਰਾਮਣੀਅਮ ਨੇ ਸੀਓਏ ਨੂੰ ਜੋ ਪਹਿਲੀ ਮੇਲ ਲਿਖੀ ਸੀ ਉਸ ਵਿਚ ਲਿਖਿਆ ਸੀ ਕਿ ਜਾਂਚ ਵਿਚ ਇਹ ਗੱਲ ਸਾਬਤ ਹੋ ਗਈ ਹੈ ਕਿ ਸਹਿਯੋਗੀ ਸਟਾਫ ਦਾ ਜੂਨੀਅਰ ਮੈਂਬਰ ਦੋਸ਼ੀ ਪਾਇਆ ਗਿਆ ਹੈ ਇਹ ਮੈਂਬਰ ਭਾਰਤੀ ਟੀਮ ਦਾ ਹਿੱਸਾ ਹੈ। ਹੋਟਲ ਮੈਨੇਜਮੈਂਟ, ਏਂਟੀਗਾ ਪੁਲਿਸ ਤੇ ਕ੍ਰਿਕਟ ਵੈਸਟਇੰਡੀਜ਼ ਦੇ ਰੋਲੈਂਡ ਹੋਲਡਰ ਨਾਲ ਮੈਂ, ਟੀਮ ਇੰਡੀਆ ਦੇ ਸੁਰੱਖਿਆ ਮੈਨੇਜਰ ਤੇ ਲਾਜੀਸਟਿਕਸ ਮੈਨੇਜਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਸਹਿਯੋਗੀ ਸਟਾਫ ਦਾ ਮੈਂਬਰ ਹੈ। ਹਾਲਾਂਕਿ ਆਪਣੀ ਦੂਜੀ ਈ-ਮੇਲ ਵਿਚ ਸੁਬਰਾਮਣੀਅਮ ਨੇ ਉਕਤ ਘਟਨਾ 'ਤੇ ਆਪਣਾ ਰੁਖ਼ ਬਦਲਦੇ ਹੋਏ ਕਿਹਾ ਕਿ ਮੇਰਾ ਇਰਾਦਾ ਕਿਸੇ 'ਤੇ ਵੀ ਨਿੱਜੀ ਹਮਲਾ ਕਰਨ ਦਾ ਨਹੀਂ ਸੀ। ਚੰਗਾ ਹੋਵੇਗਾ ਕਿ ਸਹੋਯੀਗ ਸਟਾਫ ਦੇ ਮੈਂਬਰ ਨਾਲ ਗੱਲ ਕਰ ਕੇ ਭਵਿੱਖ ਵਿਚ ਅਜਿਹੀ ਘਟਨਾ ਨਾ ਦੁਹਰਾਉਣ ਲਈ ਕਿਹਾ ਜਾਵੇ।

ਖ਼ੁਦ ਵੀ ਫ਼ਸੇ ਸਨ ਸੁਨੀਲ

ਆਪਣੇ ਕਰੀਅਰ ਵਿਚ 74 ਪਹਿਲਾ ਦਰਜਾ ਮੈਚ ਖੇਡ ਚੁੱਕੇ ਸੁਨੀਲ ਸੁਬਰਾਮਣੀਅਮ ਇਸੇ ਦੌਰੇ ਵਿਚ ਖ਼ੁਦ ਵੀ ਭਾਰਤੀ ਹਾਈ ਕਮਿਸ਼ਨ ਦੇ ਸਟਾਫ ਨਾਲ ਮਾੜੇ ਵਤੀਰੇ ਦੇ ਮਾਮਲੇ ਵਿਚ ਫ਼ਸ ਗਏ ਸਨ। ਹਾਲਾਂਕਿ ਬਾਅਦ ਵਿਚ ਸੁਬਰਾਮਣੀਅਮ ਨੇ ਇਸ ਲਈ ਮਾਫੀ ਮੰਗ ਲਈ ਸੀ। ਸੁਬਰਾਮਣੀਅਮ ਨੇ ਜੋ ਦੂਜੀ ਮੇਲ ਕੀਤੀ ਉਸ ਵਿਚ ਲਿਖਿਆ ਕਿ ਦੋਸ਼ੀ ਨੇ ਕੁਝ ਗ਼ਲਤ ਨਹੀਂ ਕੀਤਾ ਸੀ। ਸੁਬਰਾਮਣੀਅਮ ਦੀ ਥਾਂ ਹੁਣ ਟੀਮ ਇੰਡੀਆ ਦੇ ਮੈਨੇਜਰ ਦੀ ਜ਼ਿੰਮੇਵਾਰੀ ਗਿਰੀਸ਼ ਡੋਂਗਰੇ ਸੰਭਾਲ ਰਹੇ ਹਨ।