ਜੇਐੱਨਐੱਨ, ਨਵੀਂ ਦਿੱਲੀ : ਬੀਸੀਸੀਆਈ ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਭਾਰਤ ’ਚ ਅਗਲੇ ਸਾਲ 2023 ’ਚ ਹੋਣ ਵਾਲੇ ਵਿਸ਼ਵ ਕੱਪ ਲਈ ਸਰਕਾਰ ਤੋਂ ਟੈਕਸ ਛੋਟ ਦੀ ਮੰਗ ਕੀਤੀ ਹੈ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ, ਸਕੱਤਰ ਜੈਸ਼ਾਹ ਅਤੇ ਉਪ ਪ੍ਰਧਾਨ ਰਾਜੀਵ ਸੁਕਲਾ ਨੇ ਪਿਛਲੇ ਹਫ਼ਤੇ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਫਿਲਹਾਲ ਹੁਣ ਇਹ ਅਧਿਕਾਰੀ ਇੰਗਲੈਂਡ ਚਲੇ ਗਏ ਹਨ, ਜਿੱਥੇ ਟੀਮ ਇੰਡੀਆ ਨੇ ਸੀਰੀਜ਼ ਖੇਡਣੀ ਹੈ।

ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਦੈਨਿਕ ਜਾਗਰਣ ਨੂੰ ਦੱਸਿਆ ਕਿ ਸਾਡਾ ਵਫਦ ਵਿੱਤ ਮੰਤਰੀ ਨੂੰ ਮਿਲਿਆ ਸੀ। ਅਸੀਂ ਉਨ੍ਹਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜੇ ਟੈਕਸ ਤੋਂ ਛੋਟ ਨਾ ਦਿੱਤੀ ਗਈ ਤਾਂ ਭਵਿੱਖ ’ਚ ਭਾਰਤ ਵਿਚ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਉਣ ’ਚ ਦਿੱਕਤ ਆਵੇਗੀ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਪਹਿਲਾਂ ਵੀ ਸਾਨੂੰ ਦੇਸ਼ ਵਿਚ ਅੰਤਰਰਾਸ਼ਟਰੀ ਕਿ੍ਰਕਟ ਬੋਰਡ (ਆਈਸੀਸੀ) ਟੂਰਨਾਮੈਂਟਾਂ ਦੇ ਆਯੋਜਨ ਲਈ 10 ਫ਼ੀਸਦੀ ਟੀਡੀਐੱਸ ਦੀ ਛੋਟ ਮਿਲੀ ਹੈ। ਵਿੱਤ ਮੰਤਰੀ ਨੇ ਬੀਸੀਸੀਆਈ ਦੇ ਅਹੁਦੇਦਾਰਾਂ ਨੂੰ ਇਸ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।

ਆਈਸੀਸੀ ਇਕ ਰੋਜ਼ਾ ਵਿਸ਼ਵ ਕੱਪ ਅਗਲੇ ਸਾਲ ਅਕਤੂਬਰ-ਨਵੰਬਰ ਵਿਚ ਭਾਰਤ ’ਚ ਹੋਣਾ ਹੈ। ਇਸ ਤੋਂ ਪਹਿਲਾਂ 1987, 1996 ਅਤੇ 2011 ’ਚ ਭਾਰਤ ਨੇ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ ਪਰ ਇਹ ਪਹਿਲੀ ਵਾਰ ਹੋਵੇਗਾ, ਜਦੋਂ ਭਾਰਤ ਵਨਡੇ ਵਿਸਵ ਕੱਪ ਦੀ ਇਕੱਲਿਆਂ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਭਾਰਤ ਨੇ ਤਿੰਨੋਂ ਵਾਰ ਸਾਂਝੇ ਤੌਰ ’ਤੇ ਮੇਜ਼ਬਾਨੀ ਕੀਤੀ ਸੀ ਪਰ ਮੁੱਖ ਮੇਜ਼ਬਾਨ ਭਾਰਤ ਹੀ ਸੀ। ਕਿ੍ਰਕਟ ਦੀ ਆਲਮੀ ਸੰਸਥਾ ਆਈਸੀਸੀ ਆਪਣੇ ਕਿਸੇ ਵੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਮੇਜ਼ਬਾਨ ਦੇਸ਼ਾਂ ਦੀਆਂ ਸਰਕਾਰਾਂ ਤੋਂ ਟੈਕਸ ਛੋਟ ਦੀ ਗਾਰੰਟੀ ਲੈਂਦੀ ਹੈ। ਇਸ ਮਾਮਲੇ ਨੂੰ ਲੈ ਕੇ ਆਈਸੀਸੀ ਅਤੇ ਬੀਸੀਸੀਆਈ ਵਿਚਾਲੇ ਹਮੇਸ਼ਾ ਵਿਵਾਦ ਹੁੰਦਾ ਆਇਆ ਹੈ।

ਜਦੋਂ 2011 ਵਿਚ ਭਾਰਤ ’ਚ ਵਿਸ਼ਵ ਕੱਪ ਹੋਇਆ ਸੀ ਤਾਂ ਉਸ ਸਮੇਂ ਦੀ ਮਨਮੋਹਨ ਸਿੰਘ ਸਰਕਾਰ ਨੇ ਆਖ਼ਰੀ ਸਮੇਂ ਵਿਚ ਟੈਕਸ ਤੋਂ ਛੋਟ ਦੀ ਅਪੀਲ ਸਵੀਕਾਰ ਕਰ ਲਈ ਸੀ। 2016 ’ਚ ਜਦੋਂ ਭਾਰਤ ਨੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ, ਨਰਿੰਦਰ ਮੋਦੀ ਸਰਕਾਰ ਨੇ ਸਿਰਫ 10 ਫ਼ੀਸਦੀ ਟੀਡੀਐੱਸ ਛੋਟ ਦਿੱਤੀ ਸੀ। 2021 ਵਿਚ ਭਾਰਤ ਦੀ ਮੇਜ਼ਬਾਨੀ ’ਚ ਟੀ-20 ਵਿਸ਼ਵ ਕੱਪ ਵੀ ਖੇਡਿਆ ਗਿਆ ਸੀ ਪਰ ਫਿਰ ਦੇਸ਼ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਇਸ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਭਾਰਤ ਸਰਕਾਰ ਤੋਂ ਟੈਕਸ ਛੋਟ ਦੀ ਲੋੜ ਨਹੀਂ ਸੀ। ਹਾਲਾਂਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਭਾਰਤ ਤੋਂ 2021 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹਣ ਦੀਆਂ ਸੰਭਾਵਨਾਵਾਂ ਸਨ ਕਿਉਂਕਿ ਉਸ ਸਮੇਂ ਦੌਰਾਨ ਭਾਰਤ ਸਰਕਾਰ ਨੇ ਕਿਸੇ ਵੀ ਛੋਟ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬੀਸੀਸੀਆਈ ਨੇ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਹੀ ਛੱਡ ਦਿੱਤੀ ਸੀ।

Posted By: Harjinder Sodhi