ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਿਖਰਲੇ ਟੈਸਟ ਖਿਡਾਰੀ ਅਗਲੇ ਦੋ ਮਹੀਨੇ ਆਈਪੀਐੱਲ ਵਿਚ ਰੁੱਝੇ ਰਹਿਣਗੇ ਪਰ ਜੇ ਉਹ ਇਸ ਟੀ-20 ਲੀਗ ਦੌਰਾਨ ਲਾਲ ਗੇਂਦ ਨਾਲ ਅਭਿਆਸ ਕਰਨਾ ਚਾਹੁਣਗੇ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਉਨ੍ਹਾਂ ਨੂੰ ਡਿਊਕ ਗੇਂਦ ਉਪਲੱਬਧ ਕਰਵਾਉਣ ਲਈ ਤਿਆਰ ਹੈ। ਅਜਿਹਾ ਆਈਪੀਐੱਲ ਤੋਂ ਬਾਅਦ ਭਾਰਤ ਦੇ ਟੈਸਟ ਪ੍ਰੋਗਰਾਮ ਨੂੰ ਦੇਖਦੇ ਹੋਏ ਕੀਤਾ ਜਾ ਸਕਦਾ ਹੈ। ਭਾਰਤ ਨੂੰ ਆਈਪੀਐੱਲਸ ਤੋਂ ਬਾਅਦ 18 ਤੋਂ 22 ਜੂਨ ਵਿਚਾਲੇ ਨਿਊਜ਼ੀਲੈਂਡ ਖ਼ਿਲਾਫ਼ ਸਾਊਥੈਂਪਟਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ ਤੇ ਫਿਰ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਪਰ ਇਹ ਪੂਰੀ ਤਰ੍ਹਾਂ ਇਕ ਬਦਲ ਹੋਵੇਗਾ ਜਿਸ ਦਾ ਬੀਸੀਸੀਆਈ ਨਾਲ ਕਰਾਰ ਹਾਸਲ ਖਿਡਾਰੀ ਲਾਭ ਉਠਾ ਸਕਦੇ ਹਨ। ਬੀਸੀਸੀਆਈ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਜੇ ਕਿਸੇ ਖਿਡਾਰੀ ਨੂੰ ਲਗਦਾ ਹੈ ਕਿ ਉਸ ਨੂੰ ਲਾਲ ਗੇਂਦ ਨਾਲ ਵੀ ਅਭਿਆਸ ਕਰਨਾ ਚਾਹੀਦਾ ਹੈ ਤਾਂ ਬੀਸੀਸੀਆਈ ਉਨ੍ਹਾਂ ਨੂੰ ਲਾਲ ਡਿਊਕ ਗੇਂਦ ਉਪਲੱਬਧ ਕਰਵਾਏਗੀ। ਕਿਸੇ ਵੀ ਤਰ੍ਹਾਂ ਦੀ ਮਦਦ ਲਈ ਰਾਸ਼ਟਰੀ ਟੀਮ ਦੇ ਕੋਚ ਤੁਰੰਤ ਹੀ ਉਨ੍ਹਾਂ ਦੀ ਮਦਦ ਕਰਨਗੇ।

ਚੇਤੇਸ਼ਵਰ ਤੇ ਰਹਾਣੇ ਨੂੰ ਮਿਲੇਗਾ ਫ਼ਾਇਦਾ :

ਮੰਨਿਆ ਜਾ ਰਿਹਾ ਹੈ ਕਿ ਚੇਤੇਸ਼ਵਰ ਪੁਜਾਰਾ ਤੇ ਅਜਿੰਕੇ ਰਹਾਣੇ ਨੂੰ ਆਪਣੀਆਂ ਫਰੈਂਚਾਈਜ਼ੀ ਟੀਮਾਂ ਨਾਲ ਖੇਡਣ ਦਾ ਵੱਧ ਮੌਕਾ ਨਹੀਂ ਮਿਲੇਗਾ ਇਸ ਕਾਰਨ ਉਹ ਇਸ ਸਮੇਂ ਦਾ ਉਪਯੋਗ ਟੈਸਟ ਮੈਚਾਂ ਦੀ ਤਿਆਰੀ ਲਈ ਕਰ ਸਕਦੇ ਹਨ। ਇਸੇ ਤਰ੍ਹਾਂ ਮੁਹੰਮਦ ਸ਼ਮੀ ਲਾਲ ਡਿਊਕ ਗੇਂਦ ਨਾਲ ਗੇਂਦਬਾਜ਼ੀ ਦਾ ਅਭਿਆਸ ਕਰ ਸਕਦੇ ਹਨ।