ਮੁੰਬਈ, ਪੀਟੀਆਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਪ੍ਰਧਾਨ ਸੌਰਵ ਗਾਂਗੁਲੀ ਤੇ ਨਵੇਂ ਸਕੱਤਰ ਜੈਅ ਸ਼ਾਹ ਨੇ ਵੀਰਵਾਰ ਨੂੰ ਚੋਣ ਕਮੇਟੀ ਦੀ ਬੈਠਕ ਤੋਂ ਵੱਖ ਇੱਥੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਮੁਲਾਕਾਤ ਕੀਤੀ। ਸਾਬਕਾ ਕਪਤਾਨ ਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਹਿੱਟਮੈਨ ਰੋਹਿਤ ਸ਼ਰਮਾ ਤੇ ਦੌੜ ਮਸ਼ੀਨ ਵਿਰਾਟ ਕੋਹਲੀ ਨਾਲ ਕ੍ਰਿਕਟ ਟੀਮ ਦੀਆਂ ਅੱਗੇ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ।

ਇਹ ਵੀ ਪਤਾ ਲੱਗਾ ਹੈ ਕਿ ਸੌਰਵ ਗਾਂਗੁਲੀ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਾਲੇ ਇਸ ਮੁਲਾਕਾਤ 'ਚ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ 'ਚ ਭਵਿੱਖ 'ਤੇ ਵੀ ਚਰਚਾ ਕੀਤੀ ਗਈ। ਇਸ ਬੈਠਕ 'ਚ ਮੁੱਖ ਚੋਣ ਕਰਤਾ ਐੱਮਐੱਸਕੇ ਪ੍ਰਸਾਦ ਵੀ ਸ਼ਾਮਲ ਸਨ। ਹਾਲਾਂਕਿ ਸੌਰਵ ਗਾਂਗੁਲੀ ਤੋਂ ਲੈ ਕੇ ਐੱਮਐੱਸਕੇ ਪ੍ਰਸਾਦ ਤੇ ਵਿਰਾਟ ਤੋਂ ਲੈ ਕੇ ਰੋਹਿਤ ਸ਼ਰਮਾ ਨੇ ਇਸ ਬੈਠਕ ਸਬੰਧੀ ਚੁੱਪ ਬਰਕਰਾਰ ਰੱਖੀ।


ਸ਼ਾਸਤਰੀ ਨਹੀਂ ਸਨ ਬੈਠਕ ਦਾ ਹਿੱਸਾ

ਇਸ ਬੈਠਕ ਦਾ ਹਿੱਸਾ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨਹੀਂ ਸਨ। ਪਰ ਇਹ ਤੈਅ ਹੈ ਕਿ ਸੌਰਵ ਗਾਂਗੁਲੀ ਅਗਲੇ ਮਹੀਨੇ ਈਡਨ ਗਾਰਡਨ ਮੈਦਾਨ 'ਤੇ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੇ ਦੂਸਰੇ ਟੈਸਟ ਮੈਚ ਦੌਰਾਨ ਕੋਚ ਸ਼ਾਸਤਰੀ ਨਾਲ ਗੱਲਬਾਤ ਕਰਨਗੇ। ਦੱਸ ਦੇਈਏ ਕਿ ਰਵੀ ਸ਼ਾਸਤਰੀ ਤੇ ਗਾਂਗੁਲੀ ਵਿਚਾਲੇ ਰਿਸ਼ਤੇ ਠੀਕ ਨਹੀਂ ਹਨ, ਪਰ ਗਾਂਗੁਲੀ ਬਤੌਰ ਬੋਰਡ ਪ੍ਰਧਾਨ ਵਿਵਾਦਾਂ ਤੋਂ ਬਚ ਕੇ ਭਾਰਤੀ ਕ੍ਰਿਕਟ ਨੂੰ ਉਚਾਈਆਂ 'ਤੇ ਲੈ ਜਾਣ ਦੇ ਇਰਾਦੇ ਨਾਲ ਕੰਮ ਕਰਨ ਵਾਲੇ ਹਨ।

Posted By: Akash Deep