ਜੇਐੱਨਐੱਨ, ਨਵੀਂ ਦਿੱਲੀ : IPL 2020 Opening Ceremony : ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਐੱਲ ਦੇ ਅਗਲੇ ਸੀਜ਼ਨ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਜਲਦ ਇਕ ਵੱਡਾ ਐਲਾਨ ਕਰ ਸਕਦਾ ਹੈ। ਇਸ ਇਕ ਫ਼ੈਸਲੇ ਨਾਲ ਕਰੋੜਾਂ ਰੁਪਏ ਬਚਾਏ ਜਾ ਸਕਦੇ ਹਨ। ਦੁਨੀਆ ਦੀ ਸਭ ਤੋਂ ਮਹਿੰਗੀ ਤੇ ਸਭ ਤੋਂ ਵੱਡੀ ਕ੍ਰਿਕਟ ਲੀਗ ਦਾ ਦਰਜਾ ਹਾਸਿਲ ਕਰ ਚੁੱਕੀ ਇਹ ਭਾਰਤੀ ਟੀ-20 ਲੀਗ ਦਾ ਅਗਲਾ ਸੀਜ਼ਨ ਸ਼ੁਰੂ ਹੋਣ 'ਚ ਫ਼ਿਲਹਾਲ ਕਈ ਮਹੀਨੇ ਬਾਕੀ ਹਨ।

2020 'ਚ ਅਪ੍ਰੈਲ ਤੋਂ ਜੂਨ ਵਿਚਕਾਰ ਆਈਪੀਐੱਲ ਦਾ 13ਵਾਂ ਸੀਜ਼ਨ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸੇ ਵਿਚਕਾਰ ਖ਼ਬਰ ਆ ਰਹੀ ਹੈ ਕਿ ਇਕ ਵਾਰ ਫਿਰ ਆਈਪੀਐੱਲ ਦੀ ਓਪਨਿੰਗ ਸੈਰੇਮਨੀ ਨਹੀਂ ਹੋਵੇਗੀ, ਜਿਸ ਵਿਚ ਕਰੋੜਾਂ ਰੁਪਏ ਖ਼ਰਚ ਕੇ ਬਾਲੀਵੁੱਡ ਤੇ ਹਾਲੀਵੁੱਡ ਸੈਲੀਬ੍ਰਿਟੀ ਤੋਂ ਡਾਂਸ ਤੇ ਸਿੰਗਿੰਗ ਕਰਵਾਈ ਜਾਂਦੀ ਹੈ। 2019 ਦੇ ਆਈਪੀਐੱਲ 'ਚ ਵੀ ਓਪਨਿੰਗ ਸੈਰੇਮਨੀ ਰੱਦ ਕਰ ਦਿੱਤੀ ਗਈ ਸੀ ਤੇ ਉਸ ਦਾ ਪੈਸਾ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਸੀ।

ਆਈਪੀਐੱਲ ਓਪਨਿੰਗ ਸੈਰੇਮਨੀ, ਪੈਸੇ ਦੀ ਬਰਬਾਦੀ

IPL 2020 ਦੀ ਓਪਨਿੰਗ ਸੈਰੇਮਨੀ ਸਬੰਧੀ ਬੀਸੀਸੀਆਈ ਦੇ ਅਧਿਕਾਰੀ ਨੇ ਇਸ ਨੂੰ ਫੰਡ ਦੀ ਬਰਬਾਦੀ ਦੱਸਿਆ ਹੈ। ਦਰਸ਼ਕਾਂ ਨੂੰ ਵੀ ਇਹ ਘੱਟ ਪਸੰਦ ਹੁੰਦਾ ਹੈ। ਇਸ ਤੋਂ ਇਲਾਵਾ ਸੈਲੀਬ੍ਰਿਟੀ ਵੀ ਬਹੁਤੀ ਰਕਮ ਦੀ ਡਿਮਾਂਡ ਕਰਦੇ ਹਨ ਜਿਸ ਨੂੰ ਬੋਰਡ ਨੂੰ ਦੇਣਾ ਪੈਂਦਾ ਹੈ। ਇੰਡੀਅਨ ਐਕਸਪ੍ਰੈੱਸ ਨਾਲ ਬੀਸੀਸੀਆਈ ਅਧਿਕਾਰੀ ਨੇ ਗੱਲ ਕਰਦਿਆਂ ਕਿਹਾ, 'ਓਪਨਿੰਗ ਸੈਰੇਮਨੀ ਪੈਸਿਆਂ ਦੀ ਬਰਬਾਦੀ ਹੈ। ਕ੍ਰਿਕਟ ਫੈਨਜ਼ ਨੂੰ ਇਹ ਪਸੰਦ ਨਹੀਂ ਹੈ ਤੇ ਹਸਤੀਆਂ ਵੀ ਮੋਟੀ ਰਕਮ ਮੰਗਦੀਆਂ ਹਨ।'

20 ਕਰੋੜ ਹੋ ਜਾਂਦੇ ਹਨ ਖ਼ਰਚ

ਪਿਛਲੇ ਸਾਲ ਬੀਸੀਸੀਆਈ ਨੇ ਆਈਪੀਐੱਲ ਦੀ ਓਪਨਿੰਗ ਸੈਰੇਮਨੀ ਲਈ 20 ਕਰੋੜ ਦਾ ਫੰਡ ਦਿੱਤਾ ਸੀ। ਹਾਲਾਂਕਿ, ਸੈਰੇਮਨੀ ਪੁਲਵਾਮਾ 'ਚ ਸੀਆਰਪੀਐੱਫ ਦੇ ਕਾਫ਼ਿਲੇ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਸੋਗ ਦੀ ਵਜ੍ਹਾ ਨਾਲ ਰੱਦ ਕਰ ਦਿੱਤੀ ਗਈ ਸੀ। ਇਸ 20 ਕਰੋੜ ਦੀ ਰਕਮ 'ਚੋਂ ਬੀਸੀਸੀਆਈ ਨੇ ਭਾਰਤੀ ਫ਼ੌਜ ਨੂੰ 11 ਕਰੋੜ, ਸੀਆਰਪੀਐੱਫ ਨੂੰ 7 ਕਰੋੜ ਤੇ ਇਕ-ਇਕ ਕਰੋੜ ਇੰਡੀਅਨ ਨੇਵੀ ਤੇ ਏਅਰਫੋਰਸ ਨੂੰ ਡੋਨੇਟ ਕੀਤੇ ਸਨ।

Posted By: Seema Anand