ਮੁੰਬਈ (ਪੀਟੀਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਘੇਰੇ ਵਿਚ ਆਉਣ ਤੇ ਬੋਰਡ ਦੀਆਂ ਚੋਣਾਂ 'ਤੇ ਮੰਗਲਵਾਰ ਨੂੰ ਇੱਥੇ ਹੋਣ ਵਾਲੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਮੀਟਿੰਗ ਵਿਚ ਗਲੱਬਾਤ ਹੋਣ ਦੀ ਉਮੀਦ ਹੈ। ਪਿਛਲੇ ਹਫ਼ਤੇ ਬੀਸੀਸੀਆਈ ਦੇ ਨਾਡਾ ਦੇ ਘੇਰੇ 'ਚ ਆਉਣ 'ਤੇ ਸਹਿਮਤੀ ਜ਼ਾਹਿਰ ਕਰਨ ਤੋਂ ੰਬਾਅਦ ਸੀਓਏ ਦੀ ਇਹ ਪਹਿਲੀ ਮੀਟਿੰਗ ਹੋਵੇਗੀ। ਸੀਓਏ ਮੈਂਬਰਾਂ ਦੀ ਮੀਟਿੰਗ ਵਿਚ ਇਹ ਗੱਲਬਾਤ ਹੋਣ ਦੀ ਸੰਭਾਵਨਾ ਹੈ ਕਿ ਇਸ ਨਵੀਂ ਤਬਦੀਲੀ ਨੂੰ ਕਿਵੇਂ ਬੀਸੀਸੀਆਈ ਦੇ ਸੰਵਿਧਾਨ ਵਿਚ ਥਾਂ ਦਿੱਤੀ ਜਾਵੇ। ਸਾਲਾਂ ਦੇ ਇਨਕਾਰ ਤੋਂ ਬਾਅਦ ਬੀਸੀਸੀਆਈ ਨਵੀਂ ਦਿੱਲੀ ਵਿਚ ਖੇਡ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਨਾਲ ਆਪਣੇ ਸੀਈਓ ਰਾਹੁਲ ਜੌਹਰੀ ਦੀ ਮੀਟਿੰਗ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਨਾਡਾ ਦੇ ਘੇਰੇ ਵਿਚ ਆਉਣ 'ਤੇ ਸਹਿਮਤ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਡੋਪਿੰਗ ਦੇ ਪ੍ਰਤੀ 'ਜ਼ੀਰੋ ਟਾਲਰੈਂਸ' ਦੀ ਨੀਤੀ ਕਾਰਨ ਸੀਓਏ ਇਸ ਮੁੱਦੇ 'ਤੇ ਲੰਬੀ ਗੱਲਬਾਤ ਕਰ ਸਕਦਾ ਹੈ। ਸੀਓਏ ਵਿਚ ਪ੍ਰਧਾਨ ਵਿਨੋਦ ਰਾਏ ਤੋਂ ਇਲਾਵਾ ਡਾਇਨਾ ਇਡੁਲਜੀ ਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਰਵੀ ਥੋਡਗੇ ਵੀ ਸ਼ਾਮਲ ਹਨ। ਕਮੇਟੀ ਸੂਬਾਈ ਸੰਘਾਂ ਦੀਆਂ ਚੋਣਾਂ ਦੇ ਸੰਦਰਭ ਵਿਚ ਅਤੇ ਇਸ ਤੋਂ ਬਾਅਦ ਹੋਣ ਵਾਲੀਆਂ ਬੀਸੀਸੀਆਈ ਦੀਆਂ ਚੋਣਾਂ ਨੂੰ ਲੈ ਕੇ ਵੀ ਸਥਿਤੀ ਦਾ ਜਾਇਜ਼ਾ ਲਵੇਗੀ। ਬੀਸੀਸੀਆਈ ਚੋਣਾਂ 22 ਅਕਤੂਬਰ ਨੂੰ ਹੋਣੀਆਂ ਹਨ। ਕਮੇਟੀ ਇਸ 'ਤੇ ਵੀ ਗ਼ੌਰ ਕਰੇਗੀ ਕਿ ਕਿੰਨੇ ਸੂਬਾਈ ਸੰਘਾਂ ਨੇ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਅਪਣਾਇਆ ਹੈ ਤੇ ਕਿੰਨੇ ਸੰਘ ਹੁਣ ਵੀ ਇਸ ਦਾ ਪਾਲਨ ਨਹੀਂ ਕਰ ਸਕਦੇ। ਸੂਬਾਈ ਸੰਘਾਂ ਨੂੰ ਸਤੰਬਰ ਦੇ ਦੂਜੇ ਹਫਤੇ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਕਰਨੀ ਪਵੇਗੀ।

ਕੋਚ ਦੇ ਉਮੀਦਵਾਰਾਂ ਦੀ ਹੋਵੇਗੀ ਛਾਂਟੀ

ਇਕ ਹੋਰ ਮੁੱਦਾ ਜਿਸ 'ਤੇ ਗੱਲਬਾਤ ਹੋ ਸਕਦੀ ਹੈ ਉਹ ਮਰਦ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਦੀ ਇੰਟਰਵਿਊ ਲਈ ਉਮੀਦਵਾਰਾਂ ਦੀ ਛਾਂਟੀ ਕਰਨਾ। ਸਾਬਕਾ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਮੁੱਖ ਕੋਚ ਦੇ ਅਹੁਦੇ ਲਈ ਇੰਟਰਵਿਊ ਲਵੇਗੀ। ਚੋਟੀ ਦੇ ਅਹੁਦੇ ਲਈ ਕਈ ਬਿਨੈ ਮਿਲਣ ਤੋਂ ਬਾਅਦ ਸੀਓਏ ਉਨ੍ਹਾਂ ਉਮੀਦਵਾਰਾਂ ਦੀ ਛਾਂਟੀ ਕਰੇਗੀ ਜੋ ਇੰਟਰਵਿਊ 'ਚ ਹਿੱਸਾ ਲੈਣਗੇ। ਇੰਟਰਵਿਊ 16 ਅਗਸਤ ਨੂੰ ਹੋਣ ਦੀ ਉਮੀਦ ਹੈ। ਮੌਜੂਦਾ ਕੋਚ ਰਵੀ ਸ਼ਾਸਤਰੀ ਤੋਂ ਇਲਾਵਾ ਸਾਬਕਾ ਭਾਰਤੀ ਖਿਡਾਰੀ ਲਾਲਚੰਦ ਰਾਜਪੂਤ ਤੇ ਰੋਬਿਨ ਸਿੰਘ ਅਤੇ ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਇਕ ਹੇਸਨ ਇਸ ਅਹੁਦੇ ਲਈ ਹੋਰ ਉਮੀਦਵਾਰ ਹਨ।