ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਦਿੱਲੀ ਦੇ ਕ੍ਰਿਕਟਰ ਪ੍ਰਿੰਸ ਰਾਮ ਨਿਵਾਸ ਯਾਦਵ ਨੂੰ ਅੰਡਰ-19 ਟੂਰਨਾਮੈਂਟ 'ਚ ਉਮਰ 'ਚ ਹੇਰਾਫੇਰੀ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਬੀਸੀਸੀਆਈ ਨੇ ਅਗਲੇ ਦੋ ਸੈਸ਼ਨ ਲਈ ਘਰੇਲੂ ਕ੍ਰਿਕਟ ਖੇਡਣ 'ਤੇ ਪਾਬੰਦੀ ਲਾ ਦਿੱਤੀ ਹੈ।

ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨਾਲ ਰਜਿਸਟਰਡ ਯਾਦਵ ਨੂੰ ਬੀਸੀਸੀਆਈ ਨੇ ਫੌਰੀ ਪ੍ਰਭਾਵ ਨਾਲ ਅਯੋਗ ਕਰ ਦਿੱਤਾ ਤੇ ਨਾਲ ਹੀ 2020-21 ਤੇ 2021-22 ਘਰੇਲੂ ਸੈਸ਼ਨ 'ਚ ਉਸ ਦੇ ਹਿੱਸਾ ਲੈਣ 'ਤੇ ਪਾਬੰਦੀ ਲਾ ਦਿੱਤੀ ਹੈ।

ਡੀਡੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਨੂੰ ਬੀਸੀਸੀਆਈ ਤੋਂ ਸੂਚਨਾ ਮਿਲੀ ਹੈ ਕਿ ਪ੍ਰਿੰਸ ਯਾਦਵ ਨੂੰ ਉਮਰ 'ਚ ਹੇਰਾਫੇਰੀ ਦਾ ਦੋਸ਼ ਪਾਇਆ ਗਿਆ ਹੈ। ਬੀਸੀਸੀਆਈ ਨੇ ਸੀਬੀਐੱਸਈ ਵੱਲੋਂ ਜਾਰੀ ਪ੍ਰਮਾਣ ਪੱਤਰ ਦੇ ਆਧਾਰ 'ਤੇ ਕਾਰਵਾਈ ਕੀਤੀ ਜਿਸ 'ਚ ਪ੍ਰਿੰਸ ਯਾਦਵ ਦੀ ਜਨਮ ਤਰੀਕ 10 ਜੂਨ, 1996 ਸੀ, ਪਰ ਇਸ ਕ੍ਰਿਕਟਰ ਨੇ ਕ੍ਰਿਕਟ ਬੋਰਡ ਨੂੰ ਜੋ ਜਨਮ ਪ੍ਰਮਾਣ ਪੱਤਰ ਦਿੱਤਾ ਸੀ, ਉਸ 'ਚ ਉਸ ਦੀ ਜਨਮ ਤਰੀਕ 12 ਦਸੰਬਰ 2001 ਦਰਜ ਸੀ। ਡੀਸੀਸੀਏ ਨੂੰ ਭੇਜੇ ਈਮੇਲ 'ਚ ਬੀਬੀਸੀਆਈ ਨੇ ਕਿਹਾ ਕਿ ਪ੍ਰਿੰਸ ਰਾਮ ਨਿਵਾਸ ਯਾਦਵ (ਖਿਡਾਰੀ ਪਛਾਣ ਨੰ. 12968), ਜਿਸ ਨੂੰ ਡੀਡੀਸੀਏ ਨੇ 2018/19 ਸੈਸ਼ਨ 'ਚ ਅੰਡਰ-19 ਉਮਰ ਵਰਗ 'ਚ ਰਜਿਸਟਰਡ ਕੀਤਾ ਤੇ ਫਿਰ 2019/2020 'ਚ ਮੁੜ ਰਜਿਸਟਰਡ ਕੀਤਾ ਗਿਆ।

ਇਸ ਕ੍ਰਿਕਟਰ ਨੇ ਹਾਲ 'ਚ ਜੋ ਜਨਮ ਪ੍ਰਮਾਣ ਪੱਤਰ ਸੌਂਪਿਆ ਹੈ ਉਸ ਅਨੁਸਾਰ ਉਸ ਦੀ ਜਨਮ ਤਰੀਕ 12 ਦਸੰਬਰ, 2001 ਹੈ। ਬੀਸੀਸੀਆਈ ਨੇ 30 ਨਵੰਬਰ ਨੂੰ ਡੀਡੀਸੀਏ ਨੂੰ ਭੇਜੇ ਪੱਤਰ 'ਚ ਕਿਹਾ ਕਿ ਕ੍ਰਿਕਟਰ ਦੇ ਜ਼ਿਆਦਾ ਉਮਰ ਦਾ ਹੋਣ ਨਾਲ ਸਬੰਧਤ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਬੀਸੀਸੀਆਈ ਨੇ ਸੀਬੀਐੱਸਈ ਤੋਂ ਉਸ ਨਾਲ ਸਬੰਧਤ ਜਾਣਕਾਰੀ ਮੰਗੀ ਹੈ।