ਨਵੀਂ ਦਿੱਲੀ, (ਪੀਟੀਆਈ) : ਬੀਸੀਸੀਆਈ ਨੇ ਅਗਲੇ ਆਈਪੀਐੱਲ ਦੌਰਾਨ ਸੱਟੇਬਾਜ਼ੀ ਤੇ ਹੋਰ ਭਿ੍ਸ਼ਟ ਸਰਗਰਮੀਆਂ ਨੂੰ ਰੋਕਣ ਲਈ ਬਰਤਾਨੀਆ ਮੌਜੂਦ ਕੰਪਨੀ ਸਪੋਰਟਰਡਾਰ ਦੇ ਨਾਲ ਕਰਾਰ ਕੀਤਾ ਹੈ ਜੋ ਆਪਣੀ ਧੋਖਾਧੜੀ ਜਾਂਚ ਪ੍ਰਣਾਲੀ (ਐੱਫਡੀਐੱਸ) ਰਾਹੀਂ ਸੇਵਾਵਾਂ ਦੇਵੇਗੀ।

ਆਈਪੀਐੱਲ ਦਾ 13ਵਾਂ ਸੈਸ਼ਨ ਖ਼ਾਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ ਤੇ ਇਸ ਕਾਰਨ ਅਜੀਤ ਸਿੰਘ ਦੀ ਅਗਵਾਈ ਵਾਲੇ ਬੀਸੀਸੀਆਈ ਦੇ ਭਿ੍ਸ਼ਟਾਚਾਰ ਰੋਕੂ ਯੂਨਿਟ ਦੇ ਸਾਹਮਣੇ ਇਕ ਵੱਖਰੀ ਤਰ੍ਹਾਂ ਦੀ ਚੁਣੌਤੀ ਹੋਵੇਗੀ ਕਿਉਂਕਿ ਕੁਝ ਸੂਬਾਈ ਪੱਧਰੀ ਲੀਗਾਂ ਦੌਰਾਨ ਸੱਟੇਬਾਜ਼ੀ ਨਾਲ ਜੁੜੀ ਧੋਖਾਧੜੀ ਵਧੀ ਹੈ ਤੇ ਇਸ ਸ਼ਾਾਨਦਾਰ ਚੈਂਪੀਅਨਸ਼ਿਪ ਦੌਰਾਨ ਇਸ ਦੇ ਵਧਣ ਦੀ ਸੰਭਾਵਨਾ ਹੈ। ਆਈਪੀਐੱਲ ਦੇ ਇਕ ਸੂਤਰ ਨੇ ਕਿਹਾ ਕਿ ਹਾਂ, ਬੀਸੀਸੀਆਈ ਨੇ ਇਸ ਸਾਲ ਦੇ ਆਈਪੀਐੱਲ ਲਈ ਸਪੋਰਟਰਡਾਰ ਦੇ ਨਾਲ ਕਰਾਰ ਕੀਤਾ ਹੈ।

ਉਹ ਏਸੀਯੂ ਨਾਲ ਮਿਲ ਕੇ ਕੰਮ ਕਰਨਗੇ ਤੇ ਆਪਣੀਆਂ ਸੇਵਾਵਾਂ ਦੇਣਗੇ। ਸਪੋਰਟਰਡਾਰ ਨੇ ਪਿਛਲੇ ਦਿਨੀਂ ਗੋਆ ਫੁੱਟਬਾਲ ਲੀਗ ਦੇ ਅੱਧਾ ਦਰਜਨ ਮੈਚਾਂ ਨੂੰ ਸ਼ੱਕ ਦੇ ਘੇਰੇ ਵਿਚ ਰੱਖਿਆ ਸੀ। ਉਹ ਫੀਫਾ (ਵਿਸ਼ਵ ਫੁੱਟਬਾਲ ਸੰਸਥਾ), ਯੂਏਫਾ (ਯੂਰਪੀ ਫੁੱਟਬਾਲ ਦੀ ਸੰਸਥਾ) ਤੇ ਪੂਰੇ ਵਿਸ਼ਵ ਦੀਆਂ ਵੱਖ-ਵੱਖ ਲੀਗਾਂ ਦੇ ਨਾਲ ਕੰਮ ਕਰ ਚੁੱਕੇ ਹਨ। ਬੀਸੀਸੀਆਈ ਏਸੀਯੂ ਨੇ ਪਿਛਲੇ ਦਿਨੀਂ ਤਾਮਿਲਨਾਡੂ ਪ੍ਰਰੀਮੀਅਰ ਲੀਗ (ਟੀਐੱਨਪੀਐੱਲ) ਸਮੇਤ ਸੂਬਾਈ ਪੱਧਰੀ ਟੀ-20 ਲੀਗਾਂ ਦੌਰਾਨ ਸੱਟੇਬਾਜ਼ੀ ਦੇ ਵੱਖਰੇ ਤਰ੍ਹਾਂ ਦੇ ਨਮੂਨਿਆਂ ਦਾ ਪਤਾ ਲਾਇਆ ਹੈ। ਵੱਖਰੀ ਤਰ੍ਹਾਂ ਦੇ ਦਾਅ ਲਾਏ ਜਾਣ ਕਾਰਨ ਇਕ ਮੁੱਖ ਸੱਟਾ ਕੰਪਨੀ ਨੇ ਦਾਅ ਲਾਉਣਾ ਬੰਦ ਕਰ ਦਿੱਤਾ ਸੀ।

ਸਪੋਰਟਰਡਾਰ ਮੁਤਾਬਕ ਐੱਫਡੀਐੱਸ ਇਕ ਖ਼ਾਸ ਸੇਵਾ ਹੈ ਜੋ ਖੇਡਾਂ ਵਿਚ ਸੱਟੇਬਾਜ਼ੀ ਨਾਲ ਸਬੰਧਤ ਹੇਰਾਫੇਰੀ ਦਾ ਪਤਾ ਲਾਉਂਦੀ ਹੈ। ਇਹ ਇਸ ਲਈ ਉਪਯੋਗੀ ਸਾਬਤ ਹੋ ਸਕਦੀ ਹੈ ਕਿਉਂਕਿ ਐੱਫਡੀਐੱਸ ਕੋਲ ਮੈਚ ਫਿਕਸਿੰਗ ਦੇ ਟੀਚੇ ਨਾਲ ਲਾਈਆਂ ਜਾਣ ਵਾਲੀਆਂ ਬੋਲੀਆਂ ਨੂੰ ਸਮਝਣ ਲਈ ਚੰਗੀ ਪ੍ਰਣਾਲੀ ਹੈ।