ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਟੀ-20 ਲੀਗ ਦੀ ਟੀਮ ਜੋਹਾਨਸਬਰਗ ਫਰੈਂਚਾਈਜ਼ੀ ਦਾ ਮੈਂਟਰ ਬਣਨ ਦੀ ਚਰਚਾ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸਾਫ਼ ਕਰ ਦਿੱਤਾ ਹੈ ਕਿ ਧੋਨੀ ਸੰਨਿਆਸ ਲੈਣ ਤੋਂ ਬਾਅਦ ਹੀ ਦੁਨੀਆ ਦੀ ਕਿਸੇ ਹੋਰ ਲੀਗ ਵਿਚ ਕਿਸੇ ਤਰ੍ਹਾਂ ਦੀ ਭੂਮਿਕਾ ਨਿਭਾਅ ਸਕਦੇ ਹਨ।

ਧੋਨੀ ਨੇ 2020 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਉਹ ਘਰੇਲੂ ਕ੍ਰਿਕਟ ਵਿਚ ਵੀ ਨਹੀਂ ਖੇਡਦੇ ਹਨ। ਧੋਨੀ ਆਈਪੀਐੱਲ ਵਿਚ ਹੀ ਖੇਡਦੇ ਨਜ਼ਰ ਆਉਂਦੇ ਹਨ। ਸੀਐੱਸਏ ਟੀ-20 ਲੀਗ ਵਿਚ ਆਈਪੀਐੱਲ ਦੇ ਹੀ ਮਾਲਕਾਂ ਨੇ ਟੀਮਾਂ ਖ਼ਰੀਦੀਆਂ ਹਨ। ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੇ ਮਾਲਕਾਂ ਨੇ ਜੋਹਾਨਸਬਰਗ ਫਰੈਂਚਾਈਜ਼ੀ ਖ਼ਰੀਦੀ ਹੈ। ਧੋਨੀ ਨੂੰ ਹੁਣ ਇਸੇ ਟੀਮ ਦਾ ਮੈਂਟਰ ਬਣਾਉਣ ਦੀ ਗੱਲ ਚੱਲ ਰਹੀ ਹੈ ਪਰ ਧੋਨੀ ਨੂੰ ਇਸ ਲਈ ਆਈਪੀਐੱਲ ਤੋਂ ਵੀ ਸੰਨਿਆਸ ਲੈਣਾ ਪਵੇਗਾ। ਰਿਪੋਰਟ ਮੁਤਾਬਕ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਸਾਫ਼ ਹੈ ਕਿ ਘਰੇਲੂ ਖਿਡਾਰੀਆਂ ਸਮੇਤ ਕੋਈ ਵੀ ਭਾਰਤੀ ਖਿਡਾਰੀ ਤਦ ਤਕ ਕਿਸੇ ਹੋਰ ਲੀਗ ਵਿਚ ਹਿੱਸਾ ਨਹੀਂ ਲੈ ਸਕਦਾ ਜਦ ਤਕ ਉਹ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਨਹੀਂ ਲੈ ਲੈਂਦਾ। ਜੇ ਕੋਈ ਖਿਡਾਰੀ ਇਨ੍ਹਾਂ ਅਗਲੀਆਂ ਲੀਗਾਂ ਵਿਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਤਦ ਹੀ ਕਰ ਸਕਦਾ ਹੈ ਜਦ ਉਹ ਬੀਸੀਸੀਆਈ ਨਾਲ ਸਾਰੇ ਸਬੰਧ ਤੋੜ ਲਵੇ। ਧੋਨੀ ਦੇ ਮੈਂਟਰ ਬਣਨ ਦੇ ਸਵਾਲ 'ਤੇ ਅਧਿਕਾਰੀ ਨੇ ਸਾਫ਼ ਕਰ ਦਿੱਤਾ ਕਿ ਉਹ ਫਿਰ ਚੇਨਈ ਸੁਪਰ ਕਿੰਗਜ਼ ਲਈ ਆਈਪੀਐੱਲ ਵਿਚ ਨਹੀਂ ਖੇਡ ਸਕਣਗੇ। ਉਨ੍ਹਾਂ ਨੂੰ ਸੰਨਿਆਸ ਲੈਣਾ ਹੀ ਪਵੇਗਾ। ਇਸ ਨਾਲ ਸਾਫ਼ ਹੋ ਗਿਆ ਹੈ ਕਿ ਧੋਨੀ ਸੀਐੱਸਕੇ ਲਈ ਖੇਡਦੇ ਹੋਏ ਦੱਖਣੀ ਅਫਰੀਕਾ ਲੀਗ ਵਿਚ ਕਿਸੇ ਵੀ ਭੂਮਿਕਾ ਵਿਚ ਨਜ਼ਰ ਨਹੀਂ ਆਉਣਗੇ।

Posted By: Gurinder Singh