ਨਵੀਂ ਦਿੱਲੀ (ਜੇਐੱਨਐੱਨ) : ਫਾਫ ਡੁਪਲੇਸਿਸ ਸੈਂਕੜੇ ਤੋਂ ਪੰਜ ਦੌੜਾਂ ਦੂਰ ਰਹਿ ਗਏ ਜਦਕਿ ਉਨ੍ਹਾਂ ਦੇ ਸਲਾਮੀ ਜੋੜੀਦਾਰ ਰਿਤੂਰਾਜ ਗਾਇਕਵਾੜ ਨੇ ਵੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਉਸ ਤੋਂ ਬਾਅਦ ਦੀਪਕ ਚਾਹਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਿਸ ਦੀ ਮਦਦ ਨਾਲ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ ਆਈਪੀਐੱਲ ਮੁਕਾਬਲੇ ਵਿਚ 18 ਦੌੜਾਂ ਨਾਲ ਮਾਤ ਦਿੱਤੀ। ਸੀਐੱਸਕੇ ਨੇ 20 ਓਵਰਾਂ ਵਿਚ ਤਿੰਨ ਵਿਕਟਾਂ 'ਤੇ 220 ਦੌੜਾਂ ਦਾ ਵੱਡਾ ਸਕੋਰ ਬਣਾਇਆ।

ਡੁਪਲੇਸਿਸ ਨੇ 60 ਗੇਂਦਾਂ 'ਤੇ ਨੌਂ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ ਜਦਕਿ ਗਾਇਕਵਾੜ 42 ਗੇਂਦਾਂ 'ਤੇ ਛੇ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾ ਕੇ ਆਊਟ ਹੋਏ। ਜਵਾਬ ਵਿਚ ਚਾਹਰ ਦੀ ਗੇਂਦਬਾਜ਼ੀ ਦੇ ਅੱਗੇ ਕੇਕੇਆਰ ਦੀ ਟੀਮ ਆਂਦਰੇ ਰਸੇਲ ਤੇ ਪੈਟ ਕਮਿੰਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 19.1 ਓਵਰਾਂ ਵਿਚ 202 ਦੌੜਾਂ 'ਤੇ ਸਿਮਟ ਗਈ। ਕਮਿੰਸ ਨੇ 34 ਗੇਂਦਾਂ 'ਤੇ ਚਾਰ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ ਅਜੇਤੂ 66 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਆਂਦਰੇ ਰਸੇਲ ਨੇ ਵੀ 22 ਗੇਂਦਾਂ 'ਤੇ ਤਿੰਨ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਸੀਐੱਸਕੇ ਲਈ ਚਾਹਰ ਨੇ 29 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਲੁੰਗੀ ਨਗੀਦੀ ਨੇ 28 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।

ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਕੇਕੇਆਰ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਉਸ ਦੀਆਂ 31 ਦੌੜਾਂ ਤਕ ਪੰਜ ਵਿਕਟਾਂ ਡਿੱਗ ਗਈਆਂ ਸਨ। ਇਨ੍ਹਾਂ ਵਿਚੋਂ ਪਹਿਲੀਆਂ ਚਾਰ ਵਿਕਟਾਂ ਚਾਹਰ ਨੇ ਲਈਆਂ ਜਦਕਿ ਪੰਜਵੀਂ ਵਿਕਟ ਨਗੀਦੀ ਦੇ ਖਾਤੇ ਵਿਚ ਗਈ। ਇੱਥੋਂ ਦਿਨੇਸ਼ ਕਾਰਤਿਕ (40) ਤੇ ਰਸੇਲ ਨੇ ਛੇਵੀਂ ਵਿਕਟ ਲਈ 39 ਗੇਂਦਾਂ 'ਤੇ 89 ਦੌੜਾਂ ਦੀ ਭਾਈਵਾਲੀ ਕਰ ਕੇ ਸੀਐੱਸਕੇ ਦੇ ਖੇਮੇ ਵਿਚ ਹਲਚਲ ਮਚਾ ਦਿੱਤੀ। ਸੈਮ ਕੁਰਨ ਨੇ 12ਵੇਂ ਓਵਰ ਵਿਚ ਰਸੇਲ ਨੂੰ ਬੋਲਡ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਇਸ ਤੋਂ ਬਾਅਦ ਕਾਰਤਿਕ ਤੇ ਕਮਿੰਸ ਨੇ 22 ਗੇਂਦਾਂ 'ਤੇ 39 ਦੌੜਾਂ ਜੋੜੀਆਂ। 15ਵੇਂ ਓਵਰ ਵਿਚ ਕਾਰਤਿਕ ਦੇ ਆਊਟ ਹੋਣ ਤੋਂ ਬਾਅਦ ਕਮਿੰਸ ਨੇ ਪਿਛਲੇ ਬੱਲੇਬਾਜ਼ਾਂ ਨਾਲ ਮਿਲ ਕੇ ਕੇਕੇਆਰ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹੋਰ ਬੱਲੇਬਾਜ਼ ਦਾ ਸਾਥ ਨਾ ਮਿਲਿਆ।

Posted By: Sunil Thapa