ਨਵੀਂ ਦਿੱਲੀ (ਜੇਐੱਨਐੱਨ) : ਐਤਵਾਰ ਨੂੰ ਟੀ-20 ਕ੍ਰਿਕਟ ਵਿਚ ਇਕ ਓਵਰ ਵਿਚ ਲਗਾਤਾਰ ਛੇ ਛੱਕੇ ਲਾ ਕੇ ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਖ਼ਾਸ ਉਪਲੱਬਧੀ ਹਾਸਲ ਕੀਤੀ। ਕ੍ਰਿਕਟ ਮੈਚ ਦੇ ਇਕ ਓਵਰ ਦੀਆਂ ਛੇ ਗੇਂਦਾਂ 'ਤੇ ਛੇ ਛੱਕੇ ਲਾਉਣ ਵਾਲੇ ਕਾਰਟਰ ਦੁਨੀਆ ਦੇ ਸੱਤਵੇਂ ਬੱਲੇਬਾਜ਼ ਹਨ। ਅੰਤਰਰਾਸ਼ਟਰੀ ਟੀ-20 ਵਿਚ ਭਾਰਤ ਦੇ ਯੁਵਰਾਜ ਸਿੰਘ ਦੇ ਨਾਂ ਲਗਾਤਾਰ ਛੇ ਛੱਕੇ ਲਾਉਣ ਦਾ ਰਿਕਾਰਡ ਦਰਜ ਹੈ। ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਐਤਵਾਰ ਨੂੰ ਘਰੇਲੂ ਟੀ-20 ਟੂਰਨਾਮੈਂਟ ਵਿਚ ਕੈਂਟਰਬਰੀ ਟੀਮ ਵੱਲੋਂ ਖੇਡਦੇ ਹੋਏ ਇਹ ਕਮਾਲ ਕੀਤਾ। ਲਿਓ ਨੇ ਨਾਰਦਰਨ ਨਾਈਟਸ ਖ਼ਿਲਾਫ਼ ਇਕ ਓਵਰ ਵਿਚ ਲਗਾਤਾਰ ਛੇ ਛੱਕੇ ਲਾਉਂਦੇ ਹੋਏ ਇਹ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ ਨਾਈਟਸ ਦੀ ਟੀਮ ਦੇ ਸਪਿੰਨ ਗੇਂਦਬਾਜ਼ ਏਂਟਨ ਡੇਵਸਿਚ ਦੇ ਇਕ ਓਵਰ ਵਿਚ ਛੇ ਲਗਾਤਾਰ ਛੱਕੇ ਲਾਏ। ਪਾਰੀ ਦਾ 16ਵਾਂ ਓਵਰ ਕਰਨ ਆਏ ਡੇਵਸਿਚ ਦੇ ਇਕ ਓਵਰ ਵਿਚ ਕਾਰਟਰ ਨੇ ਇਹ ਕਮਾਲ ਕੀਤਾ। ਭਾਰਤ ਦੇ ਯੁਵਰਾਜ ਸਿੰਘ ਨੇ ਸਾਲ 2007 ਵਿਚ ਆਈਸੀਸੀ ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਖ਼ਿਲਾਫ਼ ਲਗਾਤਾਰ ਛੇ ਗੇਂਦਾਂ 'ਤੇ ਛੇ ਛੱਕੇ ਲਾਏ ਸਨ। ਯੁਵਰਾਜ ਨੇ ਸਟੂਅਰਟ ਬਰਾਡ ਦੇ ਓਵਰ ਵਿਚ ਲਗਾਤਾਰ ਛੇ ਗੇਂਦਾਂ 'ਤੇ ਛੇ ਛੱਕੇ ਲਾਏ ਸਨ। ਇਸ ਮੈਚ ਵਿਚ ਕੈਂਟਰਬਰੀ ਦੀ ਟੀਮ ਨਾਰਦਰਨ ਨਾਈਟਸ ਵੱਲੋਂ ਦਿੱਤੇ ਗਏ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਕਾਰਟਰ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 29 ਗੇਂਦਾਂ 'ਤੇ 70 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਲਗਾਤਾਰ ਛੇ ਗੇਂਦਾਂ 'ਤੇ ਛੇ ਛੱਕੇ ਲਾ ਕੇ ਉਨ੍ਹਾਂ ਨੇ ਟੀਮ ਨੂੰ ਸੱਤ ਗੇਂਦਾਂ ਬਾਕੀ ਰਹਿੰਦੇ ਹੀ ਸੱਤ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।

ਇਕ ਓਵਰ ਵਿਚ ਛੇ ਛੱਕੇ ਲਾਉਣ ਵਾਲੇ ਬੱਲੇਬਾਜ਼ :

ਇਕ ਓਵਰ ਵਿਚ ਛੇ ਛੱਕੇ ਲਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਹੋਣ ਵਾਲੇ ਕਾਰਟਰ ਦੁਨੀਆ ਦੇ ਸੱਤਵੇਂ ਬੱਲੇਬਾਜ਼ ਹਨ। ਵੈਸਟਇੰਡੀਜ਼ ਦੇ ਦਿੱਗਜ ਗੈਰੀ ਸੋਬਰਸ, ਭਾਰਤ ਦੇ ਰਵੀ ਸ਼ਾਸਤਰੀ ਤੇ ਹਰਫ਼ਨਮੌਲਾ ਯੁਵਰਾਜ ਸਿੰਘ, ਸਾਬਕਾ ਦੱਖਣੀ ਅਫਰੀਕੀ ਬੱਲੇਬਾਜ਼ ਹਰਸ਼ਲ ਗਿੱਬਜ਼, ਇੰਗਲੈਂਡ ਦੇ ਰਾਸਟ ਵਿਟੀਲੀ ਤੇ ਅਫ਼ਗਾਨਿਸਤਾਨ ਦੇ ਬੱਲੇਬਾਜ਼ ਹਜ਼ਰਤ-ਉੱਲਾ-ਜਜ਼ਈ ਦੇ ਨਾਂ ਇਹ ਖ਼ਾਸ ਉਪਲੱਬਧੀ ਦਰਜ ਹੈ।