ਨਵੀਂ ਦਿੱਲੀ (ਜੇਐੱਨਐੱਨ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਪੂਰੀ ਦੁਨੀਆ ਵਿਚ ਦਹਿਸ਼ਤ ਹੈ। ਲਗਭਗ ਹਰ ਦੇਸ਼ ਵਿਚ ਲਾਕਡਾਊਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਾਇਰਸ ਕਾਰਨ ਹੁਣ ਤਕ ਪੂਰੀ ਦੁਨੀਆ ਵਿਚ 19 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਬੰਗਲਾਦੇਸ਼ ਕ੍ਰਿਕਟ ਟੀਮ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਟੀਮ ਦੇ ਸਾਰੇ ਖਿਡਾਰੀਆਂ ਨੇ ਇਸ ਨਾਲ ਨਜਿੱਠਣ ਲਈ ਆਪਣੀ ਅੱਧੀ ਤਨਖ਼ਾਹ ਨੂੰ ਦਾਨ ਵਿਚ ਦੇਣ ਦਾ ਫ਼ੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਅਖ਼ਰਾਬ ਢਾਕਾ ਟਿ੍ਬਿਊਨਲ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਕ੍ਰਿਕਟ ਟੀਮ ਦੇ ਕੁੱਲ 27 ਖਿਡਾਰੀਆਂ ਨੇ ਮਿਲ ਕੇ ਆਪਸ ਵਿਚ ਇਹ ਫ਼ੈਸਲਾ ਕੀਤਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸਾਨਾਲਾ ਕੰਟਰੈਕਟ ਵਿਚ ਸ਼ਾਮਲ 17 ਖਿਡਾਰੀਆਂ ਤੇ ਇਸ ਤੋਂ ਬਾਹਰ ਰੱਖੇ ਗਏ 10 ਹੋਰ ਖਿਡਾਰੀਆਂ ਨੇ ਆਪਣੀ ਅੱਧੇ ਮਹੀਨੇ ਦੀ ਤਨਖ਼ਾਹ ਨੂੰ ਕੋਰੋਨਾ ਪੀੜਤ ਲੋਕਾਂ ਦੇ ਇਲਾਜ ਲਈ ਦਾਨ ਵਿਚ ਦੇਣ ਦਾ ਫ਼ੈਸਲਾ ਕੀਤਾ ਹੈ। ਖਿਡਾਰੀਆਂ ਵੱਲੋਂ ਇਸ ਮਾਮਲੇ ਵਿਚ ਇਹ ਸਾਂਝਾ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜ ਰਹੀ ਹੈ। ਕੋਰੋਨਾ ਵਾਇਰਸ ਦਾ ਵਧਦਾ ਖ਼ਤਰਾ ਬੰਗਲਾਦੇਸ਼ ਵਿਚ ਪੁੱਜਾ ਹੈ। ਅਸੀਂ ਸਾਰੇ ਕ੍ਰਿਕਟਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦੇਈਏ ਕਿ ਇਸ ਮਹਾਮਾਰੀ ਤੋਂ ਸੁਰੱਖਿਅਤ ਰਹਿਣ ਲਈ ਕੀ ਉਪਾਅ ਹਨ। ਅੱਗੇ ਕਿਹਾ ਗਿਆ ਹੈ ਕਿ ਕੁੱਲ 27 ਖਿਡਾਰੀਆਂ ਨੇ ਆਪਣੇ ਅੱਧੇ ਮਹੀਨੇ ਦੀ ਤਨਖ਼ਾਹ ਕੋਰੋਨਾ ਵਾਇਰਸ ਨਾਲ ਲੜਨ ਲਈ ਸਹਾਇਤਾ ਲਈ ਦੇਣ ਦਾ ਐਲਾਨ ਕੀਤਾ ਹੈ। ਟੈਕਸ ਨੂੰ ਵੱਖ ਕਰਨ ਤੋਂ ਬਾਅਦ ਇਹ ਰਕਮ ਲਗਭਗ 25 ਲੱਖ ਟਕਾ ਹੋਵੇਗੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਆਪਣੇ ਐੱਮਪੀ ਫੰਡ ਵਿਚੋਂ 50 ਲੱਖ ਰੁਪਏ ਦਿੱਲੀ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਸੀ। ਉਥੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਵੀ 25 ਲੱਖ ਰੁਪਏ ਦੀ ਰਕਮ ਦੀ ਮਦਦ ਕਰਨ ਲਈ ਫ਼ੈਸਲਾ ਲਿਆ ਹੈ।