ਨਈਦੁਨੀਆ, ਇੰਦੌਰ : ਕਪਤਾਨ ਵਿਰਾਟ ਕੋਹਲੀ ਨੇ ਬੰਗਲਾਦੇਸ਼ ਖ਼ਿਲਾਫ਼ ਲੜੀ ਦੇ ਪਹਿਲੇ ਟੈਸਟ ਤੋਂ ਇਕ ਦਿਨ ਪਹਿਲਾਂ ਹੀ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਦੁਨੀਆ ਦੇ ਸਭ ਤੋਂ ਸ਼ਾਨਦਾਰ ਗੇਂਦਬਾਜ਼ ਦੱਸਿਆ ਸੀ। ਇਸੇ ਦਾਅਵੇ ਨੂੰ ਪੁਖ਼ਤਾ ਕਰਦੇ ਹੋਏ ਭਾਰਤੀ ਤੇਜ਼ ਗੇਂਦਬਾਜ਼ਾਂ ਇਸ਼ਾਂਤ ਸ਼ਰਮਾ, ਉਮੈਸ਼ ਯਾਦਵ ਤੇ ਮੁਹੰਮਦ ਸ਼ੰਮੀ ਦੀ ਤਿੱਕੜੀ ਨੇ ਪਹਿਲੇ ਕ੍ਰਿਕਟ ਟੈਸਟ ਵਿਚ ਬੰਗਲਾਦੇਸ਼ ਦੀ ਪਹਿਲੀ ਪਾਰੀ ਨੂੰ 58.3 ਓਵਰਾਂ ਵਿਚ ਸਿਰਫ਼ 150 ਦੌੜਾਂ 'ਤੇ ਢੇਰੀ ਕਰ ਦਿੱਤਾ। ਇਸ ਤਿੱਕੜੀ ਨੇ ਸੱਤ ਵਿਕਟਾਂ ਝਟਕਦੇ ਹੋਏ ਬੰਗਲਾਦੇਸ਼ ਦੀ ਕਮਜ਼ੋਰ ਬੱਲੇਬਾਜ਼ੀ ਨੂੰ ਸਸਤੇ ਵਿਚ ਸਮੇਟ ਦਿੱਤਾ। ਸ਼ੰਮੀ ਨੇ ਤਿੰਨ, ਜਦਕਿ ਇਸ਼ਾਂਤ ਤੇ ਉਮੈਸ਼ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਦਿਨ ਦੇ ਆਖਰੀ ਸੈਸ਼ਨ ਵਿਚ ਬੱਲੇਬਾਜ਼ੀ ਲਈ ਉੱਤਰੀ ਭਾਰਤੀ ਟੀਮ ਨੇ ਸਲਾਮੀ ਬੱਲੇਬਾਜ਼ੀ ਰੋਹਿਤ ਸ਼ਰਮਾ (06) ਦੀ ਵਿਕਟ ਗੁਆ ਕੇ 26 ਓਵਰਾਂ ਵਿਚ 86 ਦੌੜਾਂ ਬਣਾ ਲਈਆਂ ਸਨ। ਉਹ ਅਜੇ ਵੀ ਪਹਿਲੀ ਪਾਰੀ ਵਿਚ ਬੰਗਲਾਦੇਸ਼ ਦੇ ਸਕੋਰ ਤੋਂ 64 ਦੌੜਾਂ ਪਿੱਛੇ ਹੈ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਮਿਅੰਕ ਅਗਰਵਾਲ (ਨਾਬਾਦ 37) ਅਤੇ ਚੇਤੇਸ਼ਵਰ ਪੁਜਾਰਾ (ਨਾਬਾਦ 43) ਕ੍ਰੀਜ਼ 'ਤੇ ਸਨ।

ਭਾਰਤੀ ਸਲਾਮੀ ਜੋੜੀ ਇਕ ਵਾਰ ਫਿਰ ਵੱਡਾ ਸਕੋਰ ਬਣਾਉਣ ਵਿਚ ਨਾਕਾਮ ਰਹੀ। ਪਿਛਲੇ 14 ਟੈਸਟ ਮੈਚਾਂ ਦੀ ਪਹਿਲੀ ਪਾਰੀ ਵਿਚ ਭਾਰਤੀ ਸਲਾਮੀ ਜੋੜੀ ਨੇ ਇਕ ਵਾਰ 317 ਦੌੜਾਂ ਦੀ ਭਾਈਵਾਲੀ ਕੀਤੀ ਹੈ, ਜਦਕਿ ਹੋਰ 13 ਪਾਰੀਆਂ ਵਿਚ ਉਹ ਕੁਲ 232 ਦੌੜਾਂ ਹੀ ਬਣਾ ਸਕੀ ਹੈ। ਇਸ ਵਾਰ ਰੋਹਿਤ ਛੇ ਦੌੜਾਂ ਬਣਾ ਕੇ ਅਬੂ ਜਾਏਦ ਦੀ ਗੇਂਦ 'ਤੇ ਡਰਾਈਵ ਕਰਨ ਦੀ ਕੋਸ਼ਿਸ਼ ਵਿਚ ਵਿਕਟ ਦੇ ਪਿੱਛੇ ਲਿਟਨ ਦਾਸ ਨੂੰ ਕੈਚ ਫੜਾ ਬੈਠੇ। ਇਸ ਤੋਂ ਬਾਅਦ ਮਿਅੰਕ ਤੇ ਪੁਜਾਰਾ ਨੇ ਟੀਮ ਕੋਈ ਝਟਕਾ ਨਹੀਂ ਲੱਗਣ ਦਿੱਤਾ। ਹਾਲਾਂਕਿ ਮਿਅੰਕ ਨੂੰ ਦਿਨ ਦੀ ਖੇਡ ਖ਼ਤਮ ਹੋਣ ਤੋਂ ਕੁਝ ਸਮੇਂ ਪਹਿਲਾਂ ਇਕ ਜੀਵਨਦਾਨ ਵੀ ਮਿਲਿਆ। ਜਾਏਦ ਦੀ ਗੇਂਦ 'ਤੇ ਸਲਿੱਪ ਵਿਚ ਇਮਰੂਲ ਕਾਏਸ ਨੇ ਉਨ੍ਹਾਂ ਦਾ ਸੌਖਾ ਕੈਚ ਛੱਡ ਦਿੱਤਾ। ਉਸ ਸਮੇਂ ਉਹ 32 ਦੌੜਾਂ 'ਤੇ ਸਨ। ਦਿਨ ਦੀ ਖੇਡ ਖ਼ਤਮ ਹੋਣ ਦੇ ਸਮੇਂ ਮਿਅੰਕ 81 ਗੇਂਦਾਂ 'ਤੇ ਛੇ ਚੌਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ ਅਤੇ ਪੁਜਾਰਾ 61 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾ ਕੇ ਡਟੇ ਹੋਏ ਸਨ। ਦੋਵੇਂ ਅਜੇ ਤਕ 72 ਦੌੜਾਂ ਦੀ ਭਾਈਵਾਲੀ ਕਰ ਚੁੱਕੇ ਹਨ।

ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਮੋਮਿਨੁਲ ਹੱਕ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ। ਭਾਰਤੀ ਟੀਮ ਵੱਲੋਂ ਚਾਰ ਕੈਚ ਛੱਡੇ ਗਏ ਪਰ ਇਸ ਨਾਲ ਟੀਮ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਇਨ੍ਹਾਂ ਵਿਚੋਂ ਤਿੰਨ ਅਜਿੰਕੇ ਰਹਾਣੇ ਅਤੇ ਇਕ ਕੈਚ ਕਪਤਾਨ ਵਿਰਾਟ ਕੋਹਲੀ ਤੋਂ ਛੁੱਟਿਆ।

ਭਾਰਤੀ ਗੇਂਦਬਾਜ਼ਾਂ ਨੇ ਇਸ ਦਾ ਪੂਰਾ ਫ਼ਾਇਦਾ ਚੁੱਕਦੇ ਹੋਏ ਇਕ ਘੰਟੇ ਵਿਚ 31 ਦੌੜਾਂ 'ਤੇ ਤਿੰਨ ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਸ ਭੇਜਿਆ ਸੀ। ਇਸ਼ਾਂਤ ਅਤੇ ਉਮੈਸ਼ ਯਾਦਵ ਨੇ ਸ਼ੁਰੂਆਤੀ ਤਿੰਨ ਓਵਰਾਂ ਵਿਚ ਬੰਗਲਾਦੇਸ਼ੀ ਬੱਲੇਬਾਜ਼ੀ ਸ਼ਾਦਮਾਨ ਇਸਲਾਮ ਤੇ ਇਮਰੂਲ ਕਾਏਸ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਉਮੈਸ਼ ਨੇ ਕਾਏਸ ਨੂੰ ਗਲੀ ਵਿਚ ਰਹਾਣੇ ਦੇ ਹੱਥੋਂ ਕੈਚ ਕਰਵਾਇਆ। ਦੂਜੇ ਪਾਸੇ ਅਗਲੇ ਹੀ ਓਵਰ ਵਿਚ ਇਸ਼ਾਂਤ ਨੇ ਸ਼ਾਦਮਾਨ ਨੂੰ ਫੁੱਲ ਲੈਂਥ ਗੇਂਦ ਸੁੱਟੀ, ਜੋ ਉਨ੍ਹਾਂ ਦੇ ਬੱਲੇ ਦੀ ਬਾਹਰੀ ਕੰਢਾ ਲੈਂਦੀ ਹੋਈ ਵਿਕਟਕੀਪਰ ਰਿਧੀਮਾਨ ਸਾਹਾ ਦੇ ਹੱਥਾਂ ਵਿਚ ਚਲੀ ਗਈ। ਇਸ ਵਿਚਕਾਰ ਮੋਮਿਨੁਲ ਹੱਕ ਨੂੰ ਜੀਵਨਦਾਨ ਵੀ ਮਿਲਿਆ, ਜਦ ਰਵੀਚੰਦਰਨ ਅਸ਼ਵਿਨ ਦੀ ਗੇਂਦ 'ਤੇ ਰਹਾਣੇ ਨੇ ਸਲਿੱਪ ਵਿਚ ਉਨ੍ਹਾਂ ਦਾ ਕੈਚ ਛੱਡ ਦਿੱਤਾ। ਖਾਣੇ ਦੇ ਸਮੇਂ ਤੋਂ ਪਹਿਲਾਂ ਮੁਹੰਮਦ ਸ਼ੰਮੀ ਨੇ ਮੁਹੰਮਦ ਮਿਥੁਨ (13) ਦੇ ਗੁੱਲੀਆਂ ਖਿੰਡਾ ਦਿੱਤੀਆਂ।

ਦੂਜੇ ਸੈਸ਼ਨ ਵਿਚ ਕਪਤਾਨ ਮੋਮਿਨੁਲ ਤੇ ਮੁਸ਼ਿਫਕੁਰ ਰਹੀਮ ਵਿਚਕਾਰ 68 ਦੌੜਾਂ ਦੀ ਭਾਈਵਾਲੀ ਹੋਈ। ਇਹ ਬੰਗਲਾਦੇਸ਼ ਪਾਰੀ ਦੀ ਸਭ ਤੋਂ ਵੱਡੀ ਸਾਂਝੇਦਾਰੀ ਰਹੀ। ਇਸ ਵਿਚਕਾਰ ਰਹੀਮ ਨੂੰ ਤਿੰਨ ਜੀਵਨਦਾਨ ਵੀ ਮਿਲੇ। ਇਨ੍ਹਾਂ ਵਿਚੋਂ ਦੋ ਵਾਰ ਰਹਾਣੇ ਨੇ ਅਤੇ ਇਕ ਵਾਰ ਕੋਹਲੀ ਉਨ੍ਹਾਂ ਦਾ ਕੈਚ ਛੱਡਿਆ। ਟੀਮ 100 ਦਾ ਅੰਕੜਾ ਪਾਰ ਕਰ ਪਾਉਂਦੀ ਉਸ ਤੋਂ ਪਹਿਲੀ ਹੀ ਮੋਮਿਨੁਲ ਨੂੰ ਅਸ਼ਵਿਨ ਨੇ ਬੋਲ ਕਰ ਕੇ ਇਸ ਭਾਈਵਾਲੀ ਨੂੰ ਤੋੜ ਦਿੱਤਾ। ਇਹ ਅਸ਼ਵਿਨ ਦਾ ਘਰੇਲੂ ਜ਼ਮੀਨ 'ਤੇ 250ਵੀਂ ਵਿਕਟ ਸੀ। ਮਹਿਮੂਦੁਲਾਹ (10) ਵੀ ਜ਼ਿਆਦਾ ਦੇਰ ਨਹੀਂ ਟਿਕ ਸਕੇ ਅਤੇ ਉਹ ਵੀ ਅਸ਼ਵਿਨ ਦਾ ਸ਼ਿਕਾਰ ਬਣੇ।

ਚਾਹ ਤੋਂ ਠੀਕ ਪਹਿਲਾਂ ਸ਼ੰਮੀ ਨੇ ਰਹੀਮ ਅਤੇ ਮੇਹਦੀ ਹਸਨ ਨੂੰ ਲਗਾਤਾਰ ਚੱਲਦਾ ਕੀਤਾ। ਰਹੀਮ ਨੇ 105 ਗੇਂਦਾਂ 'ਤੇ ਚਾਰ ਚੌਕੇ ਅਤੇ ਇਕ ਛੱਕਾ ਲਗਾਇਆ। ਇਸ਼ਾਂਤ ਨੇ ਚਾਹ ਤੋਂ ਬਾਅਦ ਹੀ ਪਹਿਲੀ ਗੇਂਦ 'ਤੇ ਲਿਟਨ ਦਾਸ (21) ਨੂੰ ਚੱਲਦਾ ਕਰ ਕੇ ਟੀਮ ਲਈ ਹੈਟਿ੍ਕ ਪੂਰੀ ਕੀਤੀ। ਹਾਲਾਂਕਿ, ਸ਼ੰਮੀ ਹੈਟਿ੍ਕ ਪੂਰੀ ਨਹੀਂ ਕਰ ਸਕੇ। ਤੈਜੁਲ ਇਸਲਾਮ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ। ਉਮੈਸ਼ ਨੇ ਇਬਾਦਤ ਹੁਸੈਨ (02) ਦੀਆਂ ਗੁੱਲੀਆਂ ਖਿੰਡਾਉਂਦੇ ਹੋਏ ਬੰਗਲਾਦੇਸ਼ ਦੀ ਪਾਰੀ ਦਾ ਅੰਤ ਕਰ ਦਿੱਤਾ।