ਜੇਐੱਨਐੱਨ, ਨਵੀਂ ਦਿੱਲੀ : ਰਾਇਲ ਚੈਂਲੰਜਰਜ਼ ਬੈਂਗਲੁਰੂ (ਆਰਸੀਬੀ) ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਆਈਪੀਐੱਲ ਮੈਚ ਦਾ ਨਤੀਜਾ 40 ਓਵਰਾਂ ਪੂਰੇ ਹੋਣ 'ਤੇ ਵੀ ਸਾਹਮਣੇ ਨਾ ਆ ਸਕਿਆ ਤੇ ਦੋਵੇਂ ਟੀਮਾਂ 201 ਦੌੜਾਂ ਬਣਾ ਕੇ ਬਰਾਬਰ ਰਹੀਆਂ। ਇਸ ਤੋਂ ਬਾਅਦ ਮੈਚ ਦੇ ਨਤੀਜੇ ਲਈ ਸੁਪਰ ਓਵਰ ਦੀ ਖੇਡ ਹੋਈ, ਜਿਸ 'ਚ ਆਰਸੀਬੀ ਨੇ ਆਖ਼ਰੀ ਗੇਂਦ 'ਚ ਵਿਰਾਟ ਕੋਹਲੀ ਨੇ ਚੌਕਾ ਮਾਰ ਕੇ ਟੀਮ ਨੂੁੰ ਜਿੱਤ ਦਿਵਾਈ। ਸੁਪਰ ਓਵਰ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਵੱਲੋਂ ਡੇਰੋਨ ਪੋਲਾਰਡ ਤੇ ਹਾਰਦਿਕ ਪਾਂਡਿਆ ਓਪਨਰ ਵਜੋਂ ਮੈਦਾਨ 'ਤੇ ਉਤਰੇ। ਬੈਂਗਲੁਰੂ ਵੱਲੋਂ ਇਕਲੌਤਾ ਓਵਰ ਕਰਨ ਦੀ ਜ਼ਿੰਮੇਵਾਰੀ ਨਵਦੀਪ ਸੈਣੀ ਨੂੰ ਸੌਂਪੀ ਗਈ ਜਿਨ੍ਹਾਂ ਨੇ ਆਪਣੇ ਓਵਰ 'ਚ ਪੋਲਾਰਡ ਨੂੰ ਆਊਟ ਕਰਨ ਤੋਂ ਇਲਾਵਾ ਸਿਰਫ 7 ਦੌੜਾਂ ਦੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਸੁਪਰ ਓਵਰ 'ਚ 8 ਦੌੜਾਂ ਦਾ ਟੀਚਾ ਪੂਰਾ ਕਰਨ ਲਈ ਰਾਇਲ ਚੈਂਲਜਰਜ਼ ਬੈਂਗਲੁਰੂ ਵੱਲੋਂ ਖ਼ੁਦ ਕਪਤਾਨ ਵਿਰਾਟ ਕੋਹਲੀ ਤੇ ਏਬੀ ਡਿਵੀਲੀਅਰਸ ਮੈਦਾਨ 'ਚ ਉਤਰੇ। ਮੁੰਬਈ ਵੱਲੋਂ ਜਸਪ੍ਰਰੀਤ ਬੁਮਰਾਹ ਨੇ ਸੁਪਰ ਓਵਰ ਸੁੱਟਿਆ। ਇਸ ਓਵਰ 'ਚ ਕੋਹਲੀ ਤੇ ਏਬੀ ਡਿਵੀਲੀਅਰਸ ਨੇ ਧੀਰਜ ਨਾਲ ਬੱਲਬਾਜ਼ੀ ਕਰਦੇ ਹੋਏ ਆਖਰੀ ਗੇਂਦ 'ਚ ਜਿੱਤ ਹਾਸਲ ਕੀਤੀ।

ਇਸ ਤੋਂ ਪਹਿਲਾਂ 20-20 ਓਵਰਾਂ ਦੇ ਹੋਏ ਮੈਚ 'ਚ ਜਿੱਥੇ ਬੈਂਗਲੁਰੂ ਵੱਲੋਂ ਐਰੋਨ ਫਿੰਚ, ਦੇਵਦੱਤ ਪਡੀਕੁੱਲ ਤੇ ਏਬੀ ਡਿਵੀਲੀਅਰਸ ਨੇ ਅਰਧ ਸੈਂਕੜੇ ਬਣਾਏ ਉੱਥੇ ਮੁੰਬਈ ਦੀ ਟਾਮ ਵੱਲੋਂ ਇਸ਼ਾਨ ਕਿਸ਼ਨ ਨੇ 58 ਗੇਂਦਾਂ 'ਚ ਸ਼ਾਨਦਾਰ 99 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪੋਲਾਰਡ ਨੇ ਵੀ ਤੇਜ਼ ਪਾਰੀ ਖੇਡਦੇ ਹੋਏ 24 ਗੇਂਦਾਂ 'ਚ 60 ਦੌੜਾਂ ਬਣਾਈਆਂ।