ਚੰਡੀਗੜ੍ਹ (ਪੀਟੀਆਈ) : ਬਲਬੀਰ ਸਿੰਘ ਸੀਨੀਅਰ ਨੇ ਨਾਮ ਨਾਲ ਹਾਕੀ ਅਨਿੱਖੜਵੇਂ ਰੂਪ 'ਚ ਜੁੜੀ ਹੋਈ ਹੈ ਪਰ ਇਹ ਮਹਾਨ ਖਿਡਾਰੀ ਵੀ ਭਾਰਤ ਦੀ ਸਭ ਤੋਂ ਹਰਮਨ ਪਿਆਰੀ ਖੇਡ ਕ੍ਰਿਕਟ ਦੀ ਚਮਕ ਤੋਂ ਅਛੂਤਾ ਨਹੀਂ ਰਿਹਾ ਤੇ ਇਕ ਵਾਰ ਉਨ੍ਹਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕਿਹਾ ਸੀ ਕਿ ਤੁਹਾਡੀ ਜਿੱਤ ਨਾਲ ਮੇਰੀ ਸਿਹਤ ਬਿਹਤਰ ਹੁੰਦੀ ਹੈ। ਓਲੰਪਿਕ 'ਚ ਲਗਾਤਾਰ ਤਿੰਨ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ 96 ਸਾਲ ਦੇ ਬਲਬੀਰ ਸੀਨੀਅਰ ਦਾ ਸੋਮਵਾਰ ਨੂੰ ਮੋਹਾਲੀ 'ਚ ਦੇਹਾਂਤ ਹੋ ਗਿਆ। ਧੋਨੀ ਨਾਲ ਉਨ੍ਹਾਂ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਹੋਈ ਸੀ ਜਦੋਂ ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਵਿਸ਼ਵ ਟੀ-20 ਮੁਕਾਬਲੇ ਤੋਂ ਪਹਿਲਾਂ ਮੋਹਾਲੀ ਦੇ ਪੀਸੀਏ ਸਟੇਡੀਅਮ 'ਚ ਸੀ। ਬਲਬੀਰ ਸਿੰਘ ਸੀਨੀਅਰ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣਾ ਚਾਹੁੰਦੇ ਸਨ। ਧੋਨੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਜਿਸ 'ਤੇ ਇਸ ਦਿੱਗਜ਼ ਹਾਕੀ ਖਿਡਾਰੀ ਨੇ ਹੱਸਦੇ ਹੋਏ ਜਵਾਬ ਦਿੱਤਾ ਸੀ, 'ਤੁਹਾਡੀ ਜਿੱਤ ਨਾਲ ਮੇਰੀ ਸਿਹਤ ਬਿਹਤਰ ਹੁੰਦੀ ਹੈ।' ਉਸ ਸਮੇਂ 92 ਸਾਲ ਦੇ ਬਲਬੀਰ ਸੀਨੀਅਰ ਨੇ ਕਿਹਾ ਸੀ, 'ਮੈਂ ਟੀਮ ਨੂੰ ਤੀਸਰਾ ਵਿਸ਼ਵ ਖ਼ਿਤਾਬ ਜਿੱਤਣ ਤੇ ਗੋਲਡਨ ਹੈਟਿ੍ਕ ਪੂਰੀ ਕਰਨ ਦੀਆਂ ਸ਼ੁੱਭਕਾਮਨਾਵਾਂ ਦੇਣ ਆਇਆ ਹਾਂ।' ਭਾਰਤ ਨੇ ਉਦੋਂ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਸੀ ਪਰ ਇਸ ਤੋਂ ਬਾਅਦ ਸੈਮੀਫਾਈਨਲ 'ਚ ਵੈਸਟਇੰਡੀਜ਼ ਤੋਂ ਹਾਰ ਗਿਆ ਸੀ। ਭਾਰਤ ਨੇ ਧੋਨੀ ਦੀ ਅਗਵਾਈ 'ਚ 2007 'ਚ ਵਿਸ਼ਵ ਟੀ-20 ਤੇ 2011 'ਚ ਵਨਡੇ ਵਿਸ਼ਵ ਕੱਪ ਜਿੱਤਿਆ ਸੀ।