ਦੁਬਈ (ਪੀਟੀਆਈ) : ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਅਤੇ ਆਸਟ੍ਰੇਲਿਆਈ ਮਹਿਲਾ ਟੀਮ ਦੀ ਵਿਕਟਕੀਪਰ ਏਲਿਸਾ ਹੀਲੀ ਨੂੰ ਮੰਗਲਵਾਰ ਨੂੰ ਅਪ੍ਰਰੈਲ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਆਈਸੀਸੀ ਦਾ ਮਹੀਨੇ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ।

ਆਜ਼ਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ 'ਚ ਖ਼ਤਮ ਹੋਈ ਸੀਰੀਜ਼ 'ਚ ਸਾਰੇ ਫਾਰਮੇਟਾਂ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ। ਪ੍ਰਸ਼ੰਸਕਾਂ ਅਤੇ ਆਈਸੀਸੀ ਵੋਟਿੰਗ ਅਕੈਡਮੀ ਵੱਲੋਂ ਉਨ੍ਹਾਂ ਨੂੰ ਅਪ੍ਰਰੈਲ ਦੇ ਜੇਤੂ ਦੇ ਰੂਪ 'ਚ ਚੁਣਿਆ ਗਿਆ। ਦੱਖਣੀ ਅਫਰੀਕਾ ਖ਼ਿਲਾਫ਼ ਤੀਸਰੇ ਵਨਡੇ ਮੈਚ 'ਚ ਉਨ੍ਹਾਂ ਨੇ 82 ਗੇਂਦਾਂ 'ਚ 94 ਦੌੜਾਂ ਦੀ ਮੈਚ ਜਿਤਾਉਣ ਵਾਲੀ ਪਾਰੀ ਖੇਡ ਕੇ 13 ਰੇਟਿੰਗ ਅੰਕ ਹਾਸਲ ਕੀਤੇ ਸਨ ਜਿਸ ਨਾਲ ਉਹ ਕਰੀਅਰ ਦੇ ਸਰਬੋਤਮ 865 ਅੰਕਾਂ ਤਕ ਪਹੁੰਚਣ 'ਚ ਸਫਲ ਰਹੇ। ਉਨ੍ਹਾਂ ਇਸੇ ਟੀਮ ਖ਼ਿਲਾਫ਼ ਟੀ-20 ਸੀਰੀਜ਼ ਦੇ ਤੀਸਰੇ ਮੈਚ 'ਚ 59 ਗੇਂਦਾਂ 'ਚ 122 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਨਾਲ ਪਾਕਿਸਤਾਨ ਨੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ।

ਹੀਲੀ ਨੇ ਇਸ ਦੌਰਾਨ ਨਿਊਜ਼ੀਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਤਿੰਨ ਵਨਡੇ ਮੈਚਾਂ 'ਚ 51.66 ਦੀ ਅੌਸਤ ਅਤੇ 98.72 ਦੀ ਸਟ੍ਰਾਈਕ ਰੇਟ ਨਾਲ 155 ਦੌੜਾਂ ਬਣਾਈਆਂ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨਾਲ ਆਸਟ੍ਰੇਲੀਆ ਲਗਾਤਾਰ ਸਭ ਤੋਂ ਜ਼ਿਆਦਾ ਵਨਡੇ ਮੈਚਾਂ ਨੂੰ ਜਿੱਤਣ ਦੇ ਆਪਣੇ ਰਿਕਾਰਡ ਨੂੰ 24 ਮੈਚਾਂ ਤਕ ਪਹੁੰਚਾਉਣ 'ਚ ਸਫਲ ਰਿਹਾ।