ਐਡੀਲੇਡ (ਰਾਇਟਰ) : ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਇਥੇ ਐਡੀਲੇਡ ਓਵਲ ਮੈਦਾਨ 'ਚ ਖੇਡੇ ਗਏ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਪਾਕਿਸਤਾਨ ਨੂੰ ਪਾਰੀ ਤੇ 48 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਹੀ ਮੇਜ਼ਬਾਨ ਟੀਮ ਨੇ ਦੋ ਮੈਂਚਾਂ ਦੀ ਟੈਸਟ ਲੜੀ 'ਚ ਪਾਕਿਸਤਾਨ ਨੂੰ 2-0 ਨਾਲ ਕਲੀਨ ਸਵੀਪ ਕਰ ਦਿੱਤਾ। ਆਸਟ੍ਰੇਲੀਆ ਨੇ ਇਸ ਸੀਰੀਜ਼ 'ਚ ਲਗਾਤਾਰ ਦੂਜੀ ਵਾਰ ਪਾਕਿਸਤਾਨ ਨੂੰ ਪਾਰੀ ਨਾਲ ਹਰਾਇਆ ਹੈ। ਮੇਜ਼ਬਾਨ ਟੀਮ ਨੇ ਪਹਿਲੇ ਮੈਚ 'ਚ ਵੀ ਪਾਕਿਸਤਾਨ ਨੂੰ ਪਾਰੀ ਤੇ ਪੰਜ ਦੌੜਾਂ ਨਾਲ ਹਰਾਇਆ ਸੀ। ਦੋਵੇਂ ਟੀਮਾਂ ਵਿਚਾਲੇ ਖੇਡਿਆ ਗਿਆ ਇਹ ਦੂਜਾ ਡੇ-ਨਾਈਟ ਟੈਸਟ ਸੀ ਤੇ ਡੇ-ਨਾਈਟ ਟੈਸਟ ਮੈਚਾਂ 'ਚ ਆਸਟ੍ਰੇਲੀਆ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ।

ਆਸਟ੍ਰੇਲੀਆ ਦੀ ਆਪਣੇ ਘਰ 'ਚ ਪਾਕਿਸਤਾਨ ਖ਼ਿਲਾਫ਼ ਇਹ ਲਗਾਤਾਰ ਪੰਜਵੀਂ ਲੜੀ ਜਿੱਤ ਹੈ ਤੇ ਹਰ ਵਾਰ ਕੰਗਾਰੂਆਂ ਨੇ ਪਾਕਿਸਤਾਨ ਨੂੰ ਕਲੀਨ ਸਵੀਪ ਕੀਤਾ ਹੈ। ਉਥੇ, ਪਾਕਿਸਤਾਨ ਦੀ ਆਸਟ੍ਰੇਲੀਆ 'ਚ ਇਹ ਲਗਾਤਾਰ 14ਵੀਂ ਟੈਸਟ ਹਾਰ ਹੈ। ਇਸ ਮੈਦਾਨ 'ਤੇ ਪਾਕਿਸਤਾਨ ਦੀ ਦੂਜੀ ਹਾਰ ਹੈ। ਆਸਟ੍ਰੇਲੀਆ ਦੀ ਟੀਮ ਇਸ ਸਾਲ 'ਚ ਘਰ 'ਚ ਇਕ ਵੀ ਮੈਚ ਨਹੀਂ ਹਾਰੀ ਹੈ। ਆਸਟ੍ਰੇਲੀਆ ਨੇ ਦੂਜੇ ਮੈਚ ਦੀ ਆਪਣੀ ਪਹਿਲੀ ਪਾਰੀ ਤਿੰਨ ਵਿਕਟਾਂ 'ਤੇ 589 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਦਿੱਤੀ ਸੀ। ਇਸ ਦੇ ਜਵਾਬ 'ਚ ਪਾਕਿਸਤਾਨ ਦੀ ਟੀਮ ਯਾਸਿਰ ਸਾਹ ਦੇ ਸੈਂਕੜੇ ਦੇ ਬਾਵਜੂਦ ਆਪਣੀ ਪਹਿਲੀ ਪਾਰੀ 'ਚ 302 ਦੌੜਾਂ 'ਤੇ ਆਲਆਊਟ ਹੋ ਗਈ ਤੇ ਉਸ ਨੂੰ ਮੇਜ਼ਬਾਨ ਟੀਮ ਖ਼ਿਲਾਫ਼ ਫਾਲੋਆਨ ਖੇਡਣ ਲਈ ਮਜਬੂਰ ਹੋਣਾ ਪਿਆ ਸੀ। ਫਾਲੋਲਾਨ ਖੇਡਣ ਦੇ ਬਾਵਜੂਦ ਪਾਕਿਸਤਾਨ ਦੀ ਟੀਮ ਖੇਡ ਦੇ ਚੌਥੇ ਦਿਨ 230 ਦੌੜਾਂ 'ਤੇ ਆਲਆਊਟ ਹੋ ਗਈ ਤੇ ਉਸ ਨੂੰ ਪਾਰੀ ਤੇ 48 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਲਈ ਦੂਜੀ ਪਾਰੀ 'ਚ ਸ਼ਾਨ ਮਸੂਦ ਨੇ 68, ਅਸਦ ਸ਼ਫੀਕ ਨੇ 57 ਤੇ ਮੁਹੰਮਦ ਰਿਜ਼ਵਾਨ ਨੇ 45 ਦੌੜਾਂ ਦਾ ਯੋਗਦਾਨ ਦਿੱਤਾ।

ਆਸਟ੍ਰੇਲੀਆ ਵੱਲੋਂ ਨਾਥਨ ਲਿਓਨ ਨੇ ਪੰਜ ਤੇ ਜੋਸ਼ ਹੇਜ਼ਲਵੁੱਡ ਨੇ ਤਿੰਨ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੂੰ ਇਕ ਵਿਕਟ ਮਿਲੀ। ਮੈਚ 'ਚ ਰਿਕਾਰਡ ਅਜੇਤੂ 335 ਦੌੜਾਂ ਦੀ ਪਾਰੀ ਖੇਡਣ ਵਾਲੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਮੈਨ ਆਫ ਦਿ ਮੈਚ ਤੇ ਮੈਨ ਆਫ ਦਿ ਸੀਰੀਜ਼ ਐਲਾਨਿਆ ਗਿਆ। ਵਾਰਨਰ ਨੇ ਦੋ ਮੈਚਾਂ ਦੀ ਸੀਰੀਜ਼ 'ਚ 489 ਦੌੜਾਂ ਬਣਾਈਆਂ।

ਆਪਣੇ ਇਸ ਪ੍ਰਦਰਸ਼ਨ ਦੇ ਦਮ 'ਤੇ ਆਸਟ੍ਰੇਲੀਆ ਦੀ ਟੀਮ ਹੁਣ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਚ ਦੂਜੇ ਨੰਬਰ 'ਤੇ ਪੁੱਜ ਗਈ ਹੈ। ਭਾਰਤ ਹਾਲੇ ਵੀ ਸਿਖਰ 'ਤੇ ਕਾਇਮ ਹੈ। ਆਈਸੀਸੀ ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਬਾਅਦ ਭਾਰਤ ਤੋਂ ਇਲਾਵਾ ਆਸਟ੍ਰੇਲੀਆ ਹੀ ਇਕ ਅਜਿਹੀ ਟੀਮ ਹੈ ਜਿਸ ਨੇ ਹੁਣ ਤਕ ਤਿੰਨ ਟੈਸਟਾਂ ਦੀ ਸੀਰੀਜ਼ ਜਿੱਤੀ ਹੈ।

ਚੈਪਲ ਨੇ ਸਮਿਥ 'ਤੇ ਲਾਏ ਪੈਨ ਦੀ ਅਣਦੇਖੀ ਦੇ ਦੋਸ਼

ਐਡੀਲੇਡ (ਆਈਏਐੱਨਐੱਸ) : ਸਾਬਕਾ ਕ੍ਰਿਕਟਰ ਇਆਨ ਚੈਪਲ ਨੇ ਸੋਮਵਾਰ ਨੂੰ ਸਟੀਵ ਸਮਿਥ 'ਤੇ ਆਸਟ੍ਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਟਿਮ ਪੈਨ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ ਤੇ ਕਿਹਾ ਹੈ ਕਿ ਸਮਿਥ ਮੈਦਾਨ 'ਤੇ ਫੀਲਡਿੰਗ 'ਚ ਬਦਲਾਅ ਕਰ ਰਹੇ ਸਨ ਜੋ ਪੈਨ ਨੇ ਲਾਈ ਸੀ। ਚੈਪਲ ਨੇ ਕਿਹਾ ਕਿ ਸਮਿਥ ਲਗਾਤਾਰ ਪੈਨ ਵੱਲੋਂ ਲਾਈ ਗਈ ਫੀਲਡਿੰਗ 'ਚ ਤਬਦੀਲੀ ਕਰਦੇ ਰਹਿੰਦੇ ਹਨ। ਚੈਪਲ ਨੇ ਕਿਹਾ, 'ਮੈਂ ਪਸੰਦ ਨਹੀਂ ਕਰਦਾ ਕਿ ਸਟੀਵ ਸਮਿਥ ਫੀਲਡਰਾਂ ਦੀ ਜਗ੍ਹਾ ਬਦਲਣ। ਉਨ੍ਹਾਂ ਨੇ ਟਿਮ ਪੈਨ ਨਾਲ ਗੱਲ ਕੀਤੀ ਸੀ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਪੈਨ ਨੇ ਸਮਿਥ ਮੁਤਾਬਕ ਹੀ ਫੀਲਡਰ ਬਦਲਿਆ। ਉਦੋਂ ਸਮਿਥ ਬਦਲਣ ਲੱਗੇ, ਮੈਨੂੰ ਇਹ ਪਸੰਦ ਨਹੀਂ ਆਇਆ।'

ਵਾਰਨਰ ਦੀ ਪਤਨੀ ਨੇ ਪਤੀ ਦੀ ਤਰੀਫ 'ਚ ਕੀਤਾ ਮਹਾਤਮਾ ਗਾਂਧੀ ਜ਼ਿਕਰ

ਐਡੀਲੇਡ (ਆਈਏਐੱਨਐੱਸ) : ਆਸਟ੍ਰੇਲੀਆ ਕ੍ਰਿਕਟ ਟੀਮ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਨੇ ਆਪਣੇ ਪਤੀ ਦੀ ਤਰੀਫ਼ ਕਰਦਿਆਂ ਮਹਾਤਮਾ ਗਾਂਧੀ ਦਾ ਜ਼ਿਕਰ ਕੀਤਾ। ਵਾਰਨਰ ਨੇ ਦੂਜੇ ਟੈਸਟ ਮੈਚ 'ਚ ਪਾਕਿਸਤਾਨ ਖ਼ਿਲਾਫ਼ 335 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਕੈਂਡਿਸ ਨੇ ਟਵਿਟਰ ਕਰ ਕੇ ਆਪਣੇ ਪਤੀ ਦੀ ਤਰੀਫ ਕਰਦਿਆਂ ਲਿਖਿਆ ਕਿ ਤਾਕਤ ਸਰੀਰਕ ਸ਼ਕਤੀ ਨਾਲ ਨਹੀਂ ਆਉਂਦੀ ਹੈ, ਇਹ ਮਜ਼ਬੂਤ ਇੱਛਾ ਸ਼ਕਤੀ ਨਾਲ ਆਉਂਦੀ ਹੈ (ਮਹਾਤਮਾ ਗਾਂਧੀ)। ਉਨ੍ਹਾਂ ਨੇ ਅੱਗੇ ਕਿਹਾ ਇਹ ਜ਼ਰੂਰੀ ਨਹੀਂ ਹੈ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਖ਼ੁਦ 'ਤੇ ਕਿੰਨਾ ਭਰੋਸਾ ਕਰਦੇ ਹੋ।

ਵਾਰਨਰ ਨੂੰ ਵਧਾਈ ਦੇਣ ਦੀ ਤਿਆਰੀ ਕਰ ਰਿਹਾ ਸਾਂ : ਲਾਰਾ

ਐਡੀਲੇਡ (ਪੀਟੀਆਈ) : ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚ ਸ਼ੁਮਾਰ ਵੈਸਟ ਇੰਡੀਜ਼ ਦੇ ਬ੍ਰਾਇਨ ਲਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਡੇਵਿਡ ਵਾਰਨਰ ਨੂੰ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਨਿੱਜੀ ਸਕੋਰ ਦਾ ਉਨ੍ਹਾਂ ਦਾ ਰਿਕਾਰਡ ਤੋੜਨ ਲਈ ਵਧਾਈ ਦੇਣ ਦੀ ਤਿਆਰੀ ਕਰ ਲਈ ਸੀ। ਲਾਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਹਮਵਤਨ ਗੈਰੀ ਸੋਬਰਜ਼ ਦਾ ਰਿਕਾਰਡ ਤੋੜਿਆ ਸੀ ਤਾਂ ਉਨ੍ਹਾਂ ਨੇ ਇਸ ਵਿੰਡੀਜ਼ ਦਿੱਗਜ਼ ਨੂੰ ਵਧਾਈ ਦਿੱਤੀ ਸੀ। ਲਾਰਾ ਨੇ ਦੋ ਵਾਰ ਸਰਬੋਤਮ ਨਿੱਜੀ ਟੈਸਟ ਸਕੋਰ ਦਾ ਰਿਕਾਰਡ ਤੋੜਿਆ। ਪਹਿਲੇ ਉਨ੍ਹਾਂ ਨੇ 1994 'ਚ ਇੰਗਲੈਂਡ ਖ਼ਿਲਾਫ਼ 375 ਦੌੜਾਂ ਬਣਾ ਕੇ ਸੋਬਰਜ਼ ਦੇ 365 ਦੌੜਾਂ ਦੇ 36 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ। ਇਸ ਤੋਂ ਬਾਅਦ 2004 'ਚ ਉਨ੍ਹਾਂ ਨੇ ਆਪਣੇ ਹੀ ਰਿਕਾਰਡ 'ਚ ਸੁਧਾਰ ਕਰਦਿਆਂ ਅਜੇਤੂ 400 ਦੌੜਾਂ ਬਣਾਈਆਂ ਸਨ। ਵਾਰਨਰ ਨੇ ਸ਼ਨਿਚਰਵਾਰ ਨੂੰ ਪਾਕਿਸਤਾਨ ਖ਼ਿਲਾਫ਼ ਅਜੇਤੂ 335 ਦੌੜਾਂ ਦੀ ਪਾਰੀ ਖੇਡੀ। ਉਹ ਲਾਰਾ ਦੇ ਰਿਕਾਰਡ ਵੱਲ ਵਧ ਰਹੇ ਪਰ ਕਪਤਾਨ ਟਿਮ ਪੈਨ ਨੇ ਪਾਰੀ ਐਲਾਨ ਦਿੱਤੀ। ਕਾਰੋਬਾਰੀ ਹਿੱਤਾਂ ਕਾਰਨ ਐਡੀਲੈਡ 'ਚ ਮੌਜੂਦ ਲਾਰਾ ਨੇ ਕਿਹਾ ਕਿ ਉਹ ਵਾਰਨਰ ਨੂੰ ਮਿਲਣ ਦੀ ਤਿਆਰੀ ਕਰ ਰਹੇ ਸਨ। ਲਾਰਾ ਨੇ ਕਿਹਾ ਕਿ ਉਹ ਉਮੀਦ ਕਰ ਰਹੇ ਸਨ ਕਿ ਉਹ ਮੈਨੂੰ ਫੜ ਲਵੇਗਾ ਤੇ ਪਿੱਛੇ ਛੱਡ ਦੇਵੇਗਾ। ਇਹ ਜਾਣਾ ਸ਼ਾਨਦਾਰ ਹੁੰਦਾ। ਰਿਕਾਰਡ ਤੋੜ ਲਈ ਹੀ ਬਣਦੇ ਹਨ। ਇਹ ਦੇਖ ਕੇ ਸ਼ਾਨਦਾਰ ਲੱਗਦਾ ਹੈ ਕਿ ਹੁਣ ਹਮਲਾਵਰ ਖਿਡਾਰੀ ਇਨ੍ਹਾਂ ਨੂੰ ਤੋੜਦੇ ਹਨ।

ਆਸਟ੍ਰੇਲੀਆ ਨੂੰ ਉਸ ਦੇ ਘਰ 'ਚ ਸਿਰਫ ਭਾਰਤ ਹਰਾ ਸਕਦਾ ਹੈ : ਵਾਰਨ

ਲੰਡਨ (ਏਐੱਫਪੀ) : ਆਸਟ੍ਰੇਲੀਆ ਨੇ ਇਸ ਸਾਲ ਆਪਣੇ ਘਰ 'ਚ ਪੰਜ ਟੈਸਟ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ ਚਾਰ 'ਚ ਜਿੱਤ ਦਰਜ ਕੀਤੀ ਹੈ ਜਦਕਿ ਇਕ ਡਰਾਅ ਰਿਹਾ ਹੈ। ਆਸਟ੍ਰੇਲੀਆ ਨੂੰ ਇਹ ਡਰਾਅ ਭਾਰਤ ਖ਼ਿਲਾਫ਼ ਖੇਡਣਾ ਪਿਆ ਸੀ। ਆਸਟ੍ਰੇਲੀਆ ਦੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਰਨ ਨੇ ਕਿਹਾ ਕਿ ਸਿਰਫ ਭਾਰਤ ਹੀ ਇਕ ਅਜਿਹੀ ਟੀਮ ਹੈ ਜੋ ਮੌਜੂਦਾ ਦੌਰ 'ਚ ਆਸਟ੍ਰੇਲੀਆ ਨੂੰ ਉਸ ਦੇ ਘਰ ਚ ਹਰਾ ਸਕਦੀ ਹੈ। ਵਾਰਨ ਨੇ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖ਼ਤਮ ਹੋਏ ਦੂਜੇ ਟੈਸਟ ਮੈਚ ਤੋਂ ਬਾਅਦ ਟਵਿਟਰ 'ਤੇ ਲਿਖਿਆ ਕਿ ਆਸਟ੍ਰੇਲੀਆ ਨੂੰ ਇਨ੍ਹਾਂ ਹਾਲਾਤ 'ਚ ਹਰਾਉਣ ਲਈ ਸਿਰਫ ਭਾਰਤ ਕੋਲ ਹੀ ਉਪਕਰਨ ਮੌਜੂਦ ਸਨ। ਭਾਰਤੀ ਟੀਮ ਅਗਲੇ ਸਾਲ ਆਸਟ੍ਰੇਲੀਆ ਦਾ ਦੌਰਾ ਕਰਨ ਵਾਲੀ ਹੈ।