ਆਬੂਧਾਬੀ (ਪੀਟੀਆਈ) : ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ਾਨਦਾਰ ਵਾਪਸੀ ਦੀ ਪ੍ਰਸ਼ੰਸਾ ਕੀਤੀ ਜੋ ਆਈਪੀਐੱਲ ਦੇ ਸ਼ੁਰੂਆਤੀ ਮੈਚ ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਦੁਨੀਆ ਦੇ ਨੰਬਰ ਇਕ ਟੈਸਟ ਗੇਂਦਬਾਜ਼ ਕਮਿੰਸ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਹਰੇਕ ਓਵਰ ਵਿਚ 16 ਤੋਂ ਜ਼ਿਆਦਾ ਦੌੜਾਂ ਦਿੱਤੀਆਂ ਸਨ ਤੇ ਕੋਈ ਵਿਕਟ ਵੀ ਹਾਸਲ ਨਹੀਂ ਕੀਤਾ ਪਰ ਸ਼ਨਿਚਰਵਾਰ ਨੂੰ ਉਨ੍ਹਾਂ ਨੇ 19 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤਾ ਜਿਸ ਨਾਲ ਕੇਕੇਆਰ ਨੇ ਸਨਰਾਈਜਰਜ਼ ਹੈਦਰਾਬਾਦ ਨੂੰ ਚਾਰ ਵਿਕਟਾਂ 'ਤੇ 142 ਦੌੜਾਂ ਦੇ ਸਕੋਰ 'ਤੇ ਰੋਕ ਦਿੱਤਾ।

ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ 62 ਗੇਂਦਾਂ ਵਿਚ ਅਜੇਤੂ 70 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਵਾਲੇ ਗਿੱਲ ਨੇ ਕਿਹਾ ਕਿ ਇਕ ਖ਼ਰਾਬ ਦਿਨ ਸਾਡੇ ਲਈ ਜ਼ਿਆਦਾ ਮਾਅਨੇ ਨਹੀਂ ਰੱਖਦਾ ਤੇ ਕਮਿੰਸ ਨੇ ਇਸ ਮੈਚ ਵਿਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਕੇਕੇਆਰ ਨੇ ਕਮਿੰਸ ਨੂੰ ਰਿਕਾਰਡ 15.5 ਕਰੋੜ ਰੁਪਏ ਵਿਚ ਖ਼ਰੀਦਿਆ ਤੇ ਉਨ੍ਹਾਂ ਨੇ ਸਪਿੰਨਰ ਸੁਨੀਲ ਨਰੇਨ ਨਾਲ ਨਵੀਂ ਗੇਂਦ ਨਾਲ ਗੇਂਦਬਾਜ਼ੀ ਕੀਤੀ। ਗਿੱਲ ਨੇ ਕਿਹਾ ਕਿ ਪੈਟ ਇਸ ਸਮੇਂ ਦੁਨੀਆ ਦੇ ਸਰਬੋਤਮ ਗੇਂਦਬਾਜ਼ਾਂ ਵਿਚੋਂ ਇਕ ਹਨ। ਸਾਨੂੰ ਪੈਟ ਤੇ ਸੁਨੀਲ ਨਾਲ ਸ਼ੁਰੂਆਤ ਕਰਨੀ ਪਈ।

ਸਲਾਮੀ ਬੱਲੇਬਾਜ਼ ਵਜੋਂ ਕ੍ਰੀਜ਼ 'ਤੇ ਰਹਿਣਾ ਅਹਿਮ

ਸ਼ੁਭਮਨ ਗਿੱਲ ਨੇ ਇਹ ਵੀ ਕਿਹਾ ਕਿ ਸਲਾਮੀ ਬੱਲੇਬਾਜ਼ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਪੂਰੀ ਪਾਰੀ ਦੌਰਾਨ ਬੱਲੇਬਾਜ਼ੀ ਕਰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਲਾਮੀ ਬੱਲੇਬਾਜ਼ ਵਜੋਂ ਕ੍ਰੀਜ਼ 'ਤੇ ਬਣੇ ਰਹਿਣਾ ਕਾਫੀ ਅਹਿਮ ਹੈ।