ਬਿ੍ਸਬੇਨ (ਏਐੱਫਪੀ) : ਡੇਵਿਡ ਵਾਰਨਰ ਤੇ ਸਟੀਵ ਸਮਿਥ ਦੇ ਅਜੇਤੂ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਬੁੱਧਵਾਰ ਨੂੰ ਇੱਥੇ ਨੌਂ ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾਈ। ਪਾਕਿਸਤਾਨ 'ਤੇ 3-0 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਇੱਥੇ ਪੁੱਜੀ ਸ੍ਰੀਲੰਕਾ ਨੇ ਇਸੇ ਨਾਲ ਤਿੰਨ ਮੈਚਾਂ ਦੀ ਸੀਰੀਜ਼ ਗੁਆ ਦਿੱਤੀ ਹੈ। ਐਡੀਲੇਡ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਉਸ ਨੂੰ 134 ਦੌੜਾਂ ਨਾਲ ਹਾਰ ਸਹਿਣੀ ਪਈ ਸੀ। ਤੀਜਾ ਤੇ ਆਖ਼ਰੀ ਮੈਚ ਮੈਲਬੌਰਨ 'ਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਆਸਟ੍ਰੇਲੀਆ ਦੀ ਕਿਫ਼ਾਇਤੀ ਗੇਂਦਬਾਜ਼ੀ ਸਾਹਮਣੇ ਸ੍ਰੀਲੰਕਾਈ ਟੀਮ 19 ਓਵਰਾਂ 'ਚ 117 ਦੌੜਾਂ 'ਤੇ ਸਿਮਟ ਗਈ ਜਿਸ ਵਿਚ ਕੁਸ਼ਲ ਪਰੇਰਾ ਨੇ ਸਭ ਤੋਂ ਜ਼ਿਆਦਾ 27 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ 13 ਓਵਰਾਂ ਵਿਚ ਇਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ ਤੇ ਇਸ ਤਰ੍ਹਾਂ 42 ਗੇਂਦਾਂ ਬਾਕੀ ਰਹਿੰਦੇ ਜਿੱਤ ਦਰਜ ਕਰ ਲਈ।

ਫਿੰਚ ਦੇ ਆਊਟ ਹੋਣ ਤੋਂ ਬਾਅਦ ਵਰ੍ਹੇ ਦਿੱਗਜ

ਵਾਰਨਰ (ਅਜੇਤੂ 60) ਤੇ ਸਮਿਥ ਅਜੇਤੂ (53) ਨੇ ਆਰੋਨ ਫਿੰਚ ਦੇ ਪਹਿਲੇ ਓਵਰ ਵਿਚ ਆਊਟ ਹੋਣ ਤੋਂ ਬਾਅਦ ਜ਼ਿੰਮੇਵਾਰੀ ਸੰਭਾਲੀ ਤੇ ਦੂਜੀ ਵਿਕਟ ਲਈ 117 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਫਿੰਚ ਨੂੰ ਲਸਿਥ ਮਲਿੰਗਾ ਨੇ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ। ਵਾਰਨਰ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਵਿਚ ਨੌਂ ਚੌਕੇ ਲਾਏ। ਸਮਿਥ ਨੇ ਇਕ ਵਿਚਾਲੇ ਤੇਜ਼ੀ ਨਾਲ ਦੌੜ ਲੈਣ ਦੀ ਆਪਣੀ ਯੋਗਤਾ ਦਿਖਾਈ। ਉਨ੍ਹਾਂ ਦੀ ਪਾਰੀ ਵਿਚ ਛੇ ਚੌਕੇ ਸ਼ਾਮਲ ਹਨ।