ਆਬੂ ਧਾਬੀ (ਪੀਟੀਆਈ) : ਆਸਟ੍ਰੇਲੀਆ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸ਼ਨਿਚਰਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਗਰੁੱਪ-ਇਕ ਦੇ ਸ਼ੁਰੂਆਤੀ ਮੈਚ ਵਿਚ ਦੱਖਣੀ ਅਫਰੀਕਾ ਨੂੰ ਦੋ ਗੇਂਦਾਂ ਬਾਕੀ ਰਹਿੰਦੇ ਪੰਜ ਵਿਕਟਾਂ ਨਾਲ ਹਰਾ ਕੇ ਦੋ ਅੰਕ ਆਪਣੇ ਖ਼ਾਤੇ ਵਿਚ ਪਾਏ। ਦੱਖਣੀ ਅਫਰੀਕਾ ਦੀ ਟੀਮ ਸਿਖਰਲੇ ਬੱਲੇਬਾਜ਼ਾਂ ਦੇ ਨਾਕਾਮ ਰਹਿਣ ਕਾਰਨ ਨੌਂ ਵਿਕਟਾਂ 'ਤੇ 118 ਦੌੜਾਂ ਹੀ ਬਣਾ ਸਕੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲਿਆਈ ਟੀਮ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਸੀ ਪਰ ਮਾਰਕਸ ਸਟੋਈਨਿਸ (ਅਜੇਤੂ 24) ਤੇ ਮੈਥਿਊ ਵੇਡ (ਅਜੇਤੂ 15) ਨੇ ਛੇਵੀਂ ਵਿਕਟ ਲਈ ਅਜੇਤੂ 40 ਦੌੜਾਂ ਜੋੜ ਕੇ 19.4 ਓਵਰਾਂ 'ਚ ਪੰਜ ਵਿਕਟਾਂ 'ਤੇ 121 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਟਾਸ ਜਿੱਤ ਕੇ ਆਸਟ੍ਰੇਲੀਆ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੱਖਣੀ ਅਫਰੀਕਾ ਵੱਲੋਂ ਸਰਬੋਤਮ ਸਕੋਰਰ ਮਾਰਕਰੈਮ ਰਹੇ ਜਿਨ੍ਹਾਂ ਨੇ ਇਕ ਛੱਕੇ ਤੇ ਤਿੰਨ ਚੌਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਗੇਂਦਬਾਜ਼ੀ ਕਰਦਿਆਂ ਸਟਾਰਕ, ਹੇਜ਼ਲਵੁਡ ਤੇ ਜ਼ਾਂਪਾ ਨੇ ਦੋ-ਦੋ ਤੇ ਮੈਕਸਵੈਲ ਤੇ ਕਮਿੰਸ ਨੇ ਇਕ-ਇਕ ਵਿਕਟ ਹਾਸਲ ਕੀਤੀ। ਜਵਾਬ 'ਚ ਆਸਟ੍ਰੇਲੀਆ ਵੱਲੋਂ ਸਭ ਤੋਂ ਵੱਧ ਦੌੜਾਂ ਸਟੀਵ ਸਮਿਥ (35) ਨੇ ਬਣਾਈਆ। ਉਨ੍ਹਾਂ ਨੇ ਆਪਣੀ ਪਾਰੀ ਵਿਚ ਤਿੰਨ ਚੌਕੇ ਲਾਏ। ਦੱਖਣੀ ਅਫਰੀਕਾ ਵੱਲੋਂ ਨਾਰਤਜੇ ਨੇ ਦੋ ਜਦਕਿ ਕੈਗਿਸੋ ਰਬਾਦਾ, ਕੇਸ਼ਵ ਮਹਾਰਾਜ ਤੇ ਤਬਰੇਜ਼ ਸ਼ਮਸੀ ਨੇ ਇਕ-ਇਕ ਵਿਕਟ ਹਾਸਲ ਕੀਤੀ।

Posted By: Jatinder Singh