ਏਡੀਲੇਡ (ਆਈਏਐੱਨਐੱਸ) : ਮੈਨ ਆਫ ਦ ਮੈਚ ਡੇਵਿਡ ਵਾਰਨਰ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦੇ ਪਹਿਲੇ ਸੈਂਕੜੇ ਦੇ ਦਮ 'ਤੇ ਆਸਟ੍ਰੇਲੀਆ ਨੇ ਇੱਥੇ ਐਤਵਾਰ ਨੂੰ ਪਹਿਲੇ ਟੀ-20 ਮੈਚ ਵਿਚ ਸ੍ਰੀਲੰਕਾ ਨੂੰ 134 ਦੌੜਾਂ ਨਾਲ ਮਾਤ ਦਿੱਤੀ। ਵਾਰਨਰ ਨੇ 56 ਗੇਂਦਾਂ 'ਤੇ 10 ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ। ਇਸ ਕਾਰਨ ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਦੋ ਵਿਕਟਾਂ 'ਤੇ 233 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿਚ ਸ੍ਰੀਲੰਕਾਈ ਟੀਮ ਨੌਂ ਵਿਕਟਾਂ ਗੁਆ ਕੇ ਸਿਰਫ਼ 99 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਦੀ ਟੀ-20 ਵਿਚ ਇਹ ਸਭ ਤੋਂ ਵੱਡੀ ਜਿੱਤ ਹੈ ਜਦਕਿ ਸ੍ਰੀਲੰਕਾ ਦੀ ਸਭ ਤੋਂ ਵੱਡੀ ਹਾਰ। ਘਰੇਲੂ ਮੈਦਾਨ 'ਤੇ ਟੀ-20 ਵਿਚ ਆਸਟ੍ਰੇਲੀਆ ਦਾ ਇਹ ਸਭ ਤੋਂ ਵੱਡਾ ਸਕੋਰ ਵੀ ਹੈ। ਸ੍ਰੀਲੰਕਾ ਦੇ ਕਪਤਾਨ ਲਸਿਥ ਮਲਿੰਗਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਕਪਤਾਨ ਆਰੋਨ ਫਿੰਚ ਤੇ ਵਾਰਨਰ ਦੀ ਸਲਾਮੀ ਜੋੜੀ ਨੇ 10.5 ਓਵਰਾਂ 'ਚ 122 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਕੀਤੀ। ਫਿੰਚ ਨੇ ਸਿਰਫ਼ 36 ਗੇਂਦਾਂ 'ਤੇ ਅੱਠ ਚੌਕਿਆਂ ਤੇ ਤਿੰਨ ਛੱਕਿਆਂ ਮਦਦ ਨਾਲ 64 ਦੌੜਾਂ ਬਣਾਈਆਂ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਗਲੇਨ ਮੈਕਸਵੈਲ ਤੇ ਵਾਰਨਰ ਨੇ ਦੂਜੀ ਵਿਕਟ ਲਈ 107 ਦੌੜਾਂ ਜੋੜੀਆਂ। ਮੈਕਸਵੈਲ ਨੇ 28 ਗੇਂਦਾਂ 'ਤੇ ਸੱਤ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਵਾਰਨਰ ਨੇ ਪਾਰੀ ਦੀ ਆਖ਼ਰੀ ਗੇਂਦ 'ਤੇ ਸੈਂਕੜਾ ਪੂਰਾ ਕੀਤਾ।

ਜ਼ਾਂਪਾ ਨੇ ਲਈਆਂ ਤਿੰਨ ਵਿਕਟਾਂ

ਟੀਚੇ ਦਾ ਪਿੱਛਾ ਕਰਦੇ ਹੋਏ 50 ਦੌੜਾਂ ਅੰਦਰ ਹੀ ਮਹਿਮਾਨ ਟੀਮ ਦੇ ਅੱਧੇ ਬੱਲੇਬਾਜ਼ ਪਵੇਲੀਅਨ ਮੁੜ ਗਏ। ਇਸ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਸੰਭਲ ਨਹੀਂ ਸਕੀ। ਆਸਟ੍ਰੇਲੀਆ ਵੱਲੋਂ ਐਡਮ ਜ਼ਾਂਪਾ ਨੇ 14 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ।