ਐਡੀਲੇਡ (ਏਐੱਫਪੀ) : ਆਸਟ੍ਰੇਲੀਆਈ ਦੌਰੇ 'ਤੇ ਆਪਣੀ ਬੇਇੱਜ਼ਤੀ ਕਰਵਾ ਰਹੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਸ਼ੀਸ਼ਾ ਸਪਿੰਨ ਗੇਂਦਬਾਜ਼ ਯਾਸਿਰ ਸ਼ਾਹ (113) ਨੇ ਦਿਖਾਇਆ ਜਦ ਉਨ੍ਹਾਂ ਨੇ ਐਤਵਾਰ ਨੂੰ ਡੇ-ਨਾਈਟ ਟੈਸਟ ਵਿਚ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕੰਗਾਰੂਆਂ ਖ਼ਿਲਾਫ਼ ਸੈਂਕੜਾ ਲਾ ਦਿੱਤਾ। ਆਸਟ੍ਰੇਲੀਆ ਖ਼ਿਲਾਫ਼ ਇਸ ਸੀਰੀਜ਼ ਵਿਚ ਪਾਕਿਸਤਾਨੀ ਬੱਲੇਬਾਜ਼ ਮੇਜ਼ਬਾਨ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਸਾਹਮਣੇ ਸੰਘਰਸ਼ ਕਰਦੇ ਆ ਰਹੇ ਹਨ ਤੇ ਇਹੀ ਹਾਲ ਉਨ੍ਹਾਂ ਦਾ ਸੀਰੀਜ਼ ਦੇ ਦੂਜੇ ਟੈਸਟ ਮੈਚ ਵਿਚ ਦੇਖਣ ਨੂੰ ਮਿਲਿਆ। ਸ਼ਾਹ ਨੇ ਇਨ੍ਹਾਂ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ। ਸ਼ਾਹ ਦੇ ਪਹਿਲੇ ਟੈਸਟ ਸੈਂਕੜੇ ਦੇ ਬਾਵਜੂਦ ਫਾਲੋਆਨ ਖੇਡਣ ਵਾਲੇ ਪਾਕਿਸਤਾਨ 'ਤੇ ਦੂਜੀ ਪਾਰੀ ਵਿਚ ਚੋਟੀ ਦੇ ਬੱਲੇਬਾਜ਼ਾਂ ਦੇ ਲੜਖੜਾਉਣ ਕਾਰਨ ਆਸਟ੍ਰੇਲੀਆ ਖ਼ਿਲਾਫ਼ ਪਾਰੀ ਦੀ ਹਾਰ ਦਾ ਖ਼ਤਰਾ ਮੰਡਰਾਅ ਰਿਹਾ ਹੈ। ਆਸਟ੍ਰੇਲੀਆ ਵੱਲੋਂ ਮਿਸ਼ੇਲ ਸਟਾਰਕ (6/66) ਨੇ ਪਹਿਲੀ ਪਾਰੀ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ। ਯਾਸਿਰ ਤੋਂ ਇਲਾਵਾ ਬਾਬਰ ਆਜ਼ਮ ਨੇ ਪਹਿਲੀ ਪਾਰੀ ਵਿਚ 97 ਦੌੜਾਂ ਬਣਾਈਆਂ ਤੇ ਪਾਕਿ ਟੀਮ ਨੇ ਪਹਿਲੀ ਪਾਰੀ ਵਿਚ 302 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਉਹ ਆਸਟ੍ਰੇਲੀਆ ਤੋਂ 287 ਦੌੜਾਂ ਪਿੱਛੇ ਰਹਿ ਗਈ ਜਿਸ ਨੇ ਆਪਣੀ ਪਹਿਲੀ ਪਾਰੀ ਵਿਚ ਤਿੰਨ ਵਿਕਟਾਂ 'ਤੇ 589 ਦੌੜਾਂ 'ਤੇ ਪਾਰੀ ਐਲਾਨੀ ਸੀ। ਪਾਕਿਸਤਾਨ ਨੇ ਐਤਵਾਰ ਨੂੰ ਤੀਜੇ ਦਿਨ ਬਾਰਿਸ਼ ਕਾਰਨ ਜਲਦੀ ਖੇਡ ਸਮਾਪਤ ਕੀਤੇ ਜਾਣ ਤਕ ਦੂਜੀ ਪਾਰੀ ਵਿਚ ਤਿੰਨ ਵਿਕਟਾਂ 'ਤੇ 39 ਦੌੜਾਂ ਬਣਾਈਆਂ ਸਨ ਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਅਜੇ ਵੀ 248 ਦੌੜਾਂ ਦੀ ਲੋੜ ਹੈ।

ਨੰਬਰ ਗੇਮ

-2006 ਤੋਂ ਬਾਅਦ ਅੱਠਵੇਂ ਨੰਬਰ 'ਤੇ ਖੇਡਦੇ ਹੋਏ ਸ਼ਾਹ ਪਾਕਿਸਤਾਨ ਲਈ ਟੈਸਟ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ। 2006 ਵਿਚ ਕਾਮਰਾਨ ਅਕਮਲ ਨੇ ਭਾਰਤ ਖ਼ਿਲਾਫ਼ ਕਰਾਚੀ ਵਿਚ 113 ਦੌੜਾਂ ਬਣਾਈਆਂ ਸਨ।

-13 ਟੈਸਟ ਮੈਚ ਲਗਾਤਾਰ ਪਾਕਿਸਤਾਨ ਦੀ ਟੀਮ ਨੇ ਆਸਟ੍ਰੇਲੀਆ ਵਿਚ ਗੁਆਏ ਹਨ।

ਰੋਹਿਤ ਸ਼ਰਮਾ ਤੋੜ ਸਕਦੈ ਲਾਰਾ ਦਾ ਰਿਕਾਰਡ : ਵਾਰਨਰ

ਐਡੀਲੇਡ : ਆਸਟ੍ਰੇਲੀਆ ਦੇ ਹਮਲਾਵਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਹੈ ਕਿ ਭਾਰਤ ਦੇ ਰੋਹਿਤ ਸ਼ਰਮਾ ਟੈਸਟ ਮੈਚਾਂ ਵਿਚ ਅਜੇਤੂ 400 ਦੌੜਾਂ ਦੇ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦੇ ਰਿਕਾਰਡ ਨੂੰ ਤੋੜ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਆਈਪੀਐੱਲ ਦੌਰਾਨ ਸਹਿਵਾਗ ਨੇ ਇਕ ਦਿਨ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਬਿਹਤਰ ਟੈਸਟ ਬੱਲੇਬਾਜ਼ ਬਣ ਸਕਦੇ ਹਨ।

ਮੁੜ ਆਸਟ੍ਰੇਲੀਆ ਨਾ ਜਾਵੇ ਪਾਕਿਸਤਾਨ : ਰਾਜਾ

ਲਾਹੌਰ : ਆਸਟ੍ਰੇਲੀਆ ਹੱਥੋਂ ਪਹਿਲੇ ਟੈਸਟ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਦੂਜੇ ਟੈਸਟ ਵਿਚ ਪਾਰੀ ਦੀ ਹਾਰ ਕੰਢੇ ਖੜ੍ਹੀ ਹੈ। ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਸਾਬਕਾ ਪਾਕਿਸਤਾਨੀ ਕ੍ਰਿਕਟਰ ਰਮੀਜ਼ ਰਾਜਾ ਨੇ ਆਪਣੇ ਦੇਸ਼ ਦੀ ਟੀਮ ਨੂੰ ਭਵਿੱਖ ਵਿਚ ਆਸਟ੍ਰੇਲੀਆ ਦਾ ਦੌਰਾ ਨਾ ਕਰਨ ਦੀ ਸਲਾਹ ਦਿੱਤੀ ਹੈ।