ਐਡੀਲੇਡ (ਏਐੱਫਪੀ) : ਆਸਟ੍ਰੇਲੀਆ ਨੇ ਇੱਥੇ ਐਡੀਲੇਡ ਓਵਲ ਦੇ ਮੈਦਾਨ 'ਤੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਪਾਕਿਸਤਾਨ ਦੀ ਹਾਲਤ ਖ਼ਰਾਬ ਕਰ ਦਿੱਤੀ। ਦਿਨ ਦੀ ਖੇਡ ਸਮਾਪਤ ਹੋਣ ਤਕ ਪਾਕਿਸਤਾਨ ਨੇ ਆਪਣੀਆਂ ਛੇ ਵਿਕਟਾਂ 96 ਦੌੜਾਂ 'ਤੇ ਗੁਆ ਦਿੱਤੀਆਂ। ਆਸਟ੍ਰੇਲੀਆਈ ਕਪਤਾਨ ਟਿਮ ਪੇਨ ਨੇ ਅਜਿਹੇ ਸਮੇਂ ਟੀਮ ਦੀ ਪਾਰੀ ਐਲਾਨੀ ਜਦ ਉਨ੍ਹਾਂ ਦਾ ਇਕ ਖਿਡਾਰੀ ਇਤਿਹਾਸ ਰਚਨ ਦੇ ਨੇੜੇ ਸੀ। ਪੇਨ ਨੇ ਤਿੰਨ ਵਿਕਟਾਂ 'ਤੇ 589 ਦੇ ਕੁੱਲ ਸਕੋਰ 'ਤੇ ਪਾਰੀ ਐਲਾਨ ਦਿੱਤੀ। ਉਸ ਸਮੇਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 335 ਦੌੜਾਂ ਬਣਾ ਕੇ ਖੇਡ ਰਹੇ ਸਨ। ਉਥੇ ਸਟੀਵ ਸਮਿਥ ਨੇ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। ਜਿਨ੍ਹਾਂ ਨੇ 73 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਵਾਰਨਰ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਸਨ ਉਸ ਨਾਲ ਲੱਗ ਰਿਹਾ ਸੀ ਕਿ ਉਹ ਆਸਾਨੀ ਨਾਲ 400 ਦਾ ਅੰਕੜਾ ਛੂਹ ਲੈਣਗੇ ਪਰ ਪੇਨ ਨੇ ਉਨ੍ਹਾਂ ਨੂੰ ਇਹ ਮੌਕਾ ਨਾ ਦਿੱਤਾ। ਆਸਟ੍ਰੇਲੀਆ ਦੇ ਵਿਸ਼ਾਲ ਸਕੋਰ ਦੇ ਲਿਹਾਜ਼ ਨਾਲ ਪਾਕਿਸਤਾਨ ਅਜੇ ਵੀ ਉਨ੍ਹਾਂ ਤੋਂ 493 ਦੌੜਾਂ ਪਿੱਛੇ ਹੈ। ਪਾਕਿਸਤਾਨ ਦੇ ਬਾਬਰ ਆਜ਼ਮ ਇਕ ਪਾਸੇ 43 ਦੌੜਾਂ ਬਣਾ ਕੇ ਖੜ੍ਹੇ ਹੋਏ ਹਨ। ਉਨ੍ਹਾਂ ਦੇ ਨਾਲ ਲੈੱਗ ਸਪਿੰਨਰ ਯਾਸਿਰ ਸ਼ਾਹ ਚਾਰ ਦੌੜਾਂ ਬਣਾ ਕੇ ਅਜੇਤੂ ਹਨ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਦਿਨ ਦੀ ਸ਼ੁਰੂਆਤ ਇਕ ਵਿਕਟ ਦੇ ਨੁਕਸਾਨ 'ਤੇ 302 ਦੌੜਾਂ ਨਾਲ ਕੀਤੀ। ਵਾਰਨਰ ਨੇ ਆਪਣੀ ਪਾਰੀ ਨੂੰ 166 ਦੌੜਾਂ ਤੋਂ ਅੱਗੇ ਵਧਾਇਆ ਤੇ ਮਾਰਨਸ ਲਾਬੂਸ਼ਾਨੇ ਨੇ 126 ਦੌੜਾਂ ਤੋਂ। ਲਾਬੂਸ਼ਾਨੇ 162 ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸਟੀਵ ਸਮਿਥ 64 ਗੇਂਦਾਂ 'ਤੇ 32 ਦੌੜਾਂ ਬਣਾ ਕੇ ਆਊਟ ਹੋ ਗਏ। ਵਾਰਨਰ ਨੇ ਇਸ ਦੌਰਾਨ 300 ਦੇ ਅੰਕੜੇ ਨੂੰ ਪਹਿਲੀ ਵਾਰ ਛੂਹਿਆ।

ਸਮਿਥ ਨੇ ਤੋੜਿਆ 73 ਸਾਲ ਪੁਰਾਣਾ ਰਿਕਾਰਡ

ਐਡੀਲੇਡ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਇਕ ਉਪਲੱਬਧੀ ਆਪਣੇ ਨਾਂ ਕਰ ਲਈ। 30 ਸਾਲ ਦੇ ਸਮਿਥ ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਪਾਰੀਆਂ ਵਿਚ 7000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ। ਸਮਿਥ ਨੇ ਆਪਣੇ 70ਵੇਂ ਟੈਸਟ ਮੈਚ ਦੀ 126ਵੀਂ ਪਾਰੀ ਵਿਚ ਤੇਜ਼ ਗੇਂਦਬਾਜ਼ ਮੁਹੰਮਦ ਮੂਸਾ ਦੀ ਗੇਂਦ 'ਤੇ ਇਕ ਦੌੜ ਲੈ ਕੇ ਵਾਲੀ ਹੇਮੰਡ ਦਾ 73 ਸਾਲ ਪੁਰਾਣਾ ਰਿਕਾਰਡ ਤੋੜਿਆ। ਇੰਗਲੈਂਡ ਦੇ ਇਸ ਸਾਬਕਾ ਬੱਲੇਬਾਜ਼ ਨੇ ਭਾਰਤ ਖ਼ਿਲਾਫ਼ ਓਵਲ ਵਿਚ 1946 ਵਿਚ ਇਹ ਕੀਰਤੀਮਾਨ ਹਾਸਲ ਕੀਤਾ ਸੀ। ਹੇਮੰਡ ਨੇ 131 ਟੈਸਟ ਪਾਰੀਆਂ ਵਿਚ 7000 ਦੌੜਾਂ ਪੂਰੀਆਂ ਕੀਤੀਆਂ ਸਨ। ਭਾਰਤ ਦੇ ਵਿਰਾਟ ਕੋਹਲੀ ਨੇ 138 ਪਾਰੀਆਂ ਵਿਚ ਇਸ ਅੰਕੜੇ ਨੂੰ ਛੂਹਿਆ ਸੀ। ਸਮਿਥ ਨੇ ਟੈਸਟ ਕਰੀਅਰ ਵਿਚ ਡਾਨ ਬਰੈਡਮੈਨ ਨੂੰ ਵੀ ਪਿੱਛੇ ਛੱਡ ਦਿੱਤਾ। ਬਰੈਡਮੈਨ ਨੇ ਟੈਸਟ ਕਰੀਅਰ ਵਿਚ 6996 ਦੌੜਾਂ ਬਣਾਈਆਂ ਹਨ ਜਦਕਿ ਸਮਿਥ ਨੇ 7000 ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਬਰੈਡਮੈਨ ਨੇ ਸਿਰਫ਼ 52 ਟੈਸਟ ਮੈਚਾਂ ਵਿਚ 99.94 ਦੀ ਅੌਸਤ ਨਾਲ 6996 ਦੌੜਾਂ ਬਣਾਈਆਂ ਸਨ।