ਮੈਲਬੌਰਨ (ਏਐੱਫਪੀ) : ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਇੱਥੇ ਬਾਕਸਿੰਗ ਡੇ-ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਦੀਆਂ ਦੋ ਵਿਕਟਾਂ ਜਲਦੀ ਕੱਢ ਕੇ ਮੈਚ 'ਤੇ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ। ਮੇਜ਼ਬਾਨ ਟੀਮ ਨੇ ਟ੍ਰੈਵਿਸ ਹੈੱਡ ਦੀਆਂ 114 ਦੌੜਾਂ ਦੀ ਬਦੌਲਤ ਪਹਿਲੀ ਪਾਰੀ ਵਿਚ 467 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 44 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ। ਲਾਥਮ ਨੌਂ ਤੇ ਰਾਸ ਟੇਲਰ ਦੋ ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।

ਕਪਤਾਨ ਕੇਨ ਵਿਲੀਅਮਸਨ ਸਿਰਫ਼ 14 ਗੇਂਦਾਂ ਵਿਚ ਨੌਂ ਦੌੜਾਂ ਹੀ ਬਣਾ ਸਕੇ ਤੇ ਜੇਮਜ਼ ਪੈਟੀਂਸਨ ਦੀ ਗੇਂਦ 'ਤੇ ਵਿਕਟਕੀਪਰ ਟਿਮ ਪੇਨ ਨੂੰ ਕੈਚ ਦੇ ਕੇ ਪਵੇਲੀਅਨ ਮੁੜ ਗਏ। ਉਥੇ ਜੀਤ ਰਾਵਲ ਦੀ ਥਾਂ ਟੀਮ ਵਿਚ ਸ਼ਾਮਲ ਕੀਤੇ ਗਏ ਟਾਮ ਬਲੰਡੇਲ ਸਿਰਫ਼ 15 ਦੌੜਾਂ ਬਣਾ ਸਕੇ ਤੇ ਪੈਟ ਕਮਿੰਸ ਦੀ ਗੇਂਦ 'ਤੇ ਆਊਟ ਹੋਏ। ਮਹਿਮਾਨਾਂ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿਚ ਜਿੱਤ ਦੀ ਉਮੀਦ ਜਿਊਂਦੀ ਰੱਖਣ ਲਈ ਇਹ ਟੈਸਟ ਜਿੱਤਣਾ ਜ਼ਰੂਰੀ ਹੈ ਕਿਉਂਕਿ ਪਰਥ ਵਿਚ ਖੇਡੇ ਗਏ ਪਹਿਲੇ ਟੈਸਟ ਵਿਚ ਮੇਜ਼ਬਾਨਾਂ ਨੇ ਕੀਵੀਆਂ ਨੂੰ 296 ਦੌੜਾਂ ਨਾਲ ਮਾਤ ਦੇ ਦਿੱਤੀ ਸੀ।

ਇਸ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਚਾਹ ਦੇ ਸਮੇਂ ਤਕ ਪੰਜ ਵਿਕਟਾਂ 'ਤੇ 431 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ਵਿਚ ਸੀ ਪਰ ਇਸ ਤੋਂ ਬਾਅਦ ਪੂਰੀ ਟੀਮ ਨੌਂ ਓਵਰਾਂ ਵਿਚ ਹੀ 467 ਦੌੜਾਂ ਬਣਾ ਕੇ ਆਲਆਊਟ ਹੋ ਗਈ। ਆਸਟ੍ਰੇਲੀਆਈ ਕਪਤਾਨ ਟਿਮ ਪੇਨ ਚਾਹ ਦੇ ਸਮੇਂ ਤੋਂ ਬਾਅਦ ਸਿਰਫ਼ ਸੱਤ ਗੇਂਦਾਂ ਖੇਡ ਕੇ 79 ਦੌੜਾਂ 'ਤੇ ਆਊਟ ਹੋ ਗਏ। ਉਥੇ ਮਿਸ਼ੇਲ ਸਟਾਰਕ ਵੀ ਸਿਰਫ਼ ਇਕ ਗੇਂਦ ਖੇਡ ਕੇ ਪਵੇਲੀਅਨ ਮੁੜ ਗਏ। ਹੈੱਡ, ਕਮਿੰਸ ਤੇ ਨਾਥਨ ਲਿਓਨ ਵੀ ਨੀਲ ਵੈਗਨਰ (4/83) ਤੇ ਟਿਮ ਸਾਊਥੀ (3/103) ਦਾ ਸਾਹਮਣਾ ਨਾ ਕਰ ਸਕੇ ਤੇ ਪੂਰੀ ਟੀਮ ਆਲ ਆਊਟ ਹੋ ਗਈ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਦਿਨ ਦੀ ਸ਼ੁਰੂਆਤ ਚਾਰ ਵਿਕਟਾਂ 'ਤੇ 257 ਦੌੜਾਂ ਤੋਂ ਅੱਗੇ ਕੀਤੀ ਸੀ। ਸਟੀਵ ਸਮਿਥ 77 ਤੇ ਹੈੱਡ 25 ਦੌੜਾਂ 'ਤੇ ਅਜੇਤੂ ਸਨ। ਹੈੱਡ ਦਬਾਅ ਵਿਚ ਬੱਲੇਬਾਜ਼ੀ ਕਰਨ ਆਏ ਸਨ ਪਰ ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਸਿਰਫ਼ ਦੂਜਾ ਸੈਂਕੜਾ ਲਾ ਕੇ ਆਪਣੇ ਨਿੰਦਾ ਕਰਨ ਵਾਲਿਆਂ ਨੂੰ ਜਵਾਬ ਦੇ ਦਿੱਤਾ। ਹੈੱਡ ਨੇ 222 ਗੇਂਦਾਂ ਖੇਡ ਕੇ ਸੈਂਕੜਾ ਲਾਇਆ। ਹੈੱਡ ਨੇ ਦਿਨ ਦੀ ਖੇਡ ਸਮਾਪਤ ਹੋਣ ਤੋਂ ਬਾਅਦ ਕਿਹਾ ਕਿ ਯੋਗਦਾਨ ਦੇ ਕੇ ਕਾਫੀ ਚੰਗਾ ਲੱਗ ਰਿਹਾ ਹੈ।

ਸੈਂਟਨਰ ਕਾਰਨ ਹਾਰੇਗੀ ਨਿਊਜ਼ੀਲੈਂਡ ਟੀਮ : ਵਾਅ

ਮੈਲਬੌਰਨ : ਆਸਟ੍ਰੇਲੀਆ ਦੇ ਸਾਬਕਾ ਦਿੱਗਜ ਬੱਲੇਬਾਜ਼ ਮਾਰਕ ਵਾਅ ਨੇ ਕਿਹਾ ਹੈ ਕਿ ਸਪਿੰਨਰ ਮਿਸ਼ੇਲ ਸੈਂਟਨਰ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਨਿਊਜ਼ੀਲੈਂਡ ਟੀਮ ਨੂੰ ਇੱਥੇ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਜਾਰੀ ਬਾਕਸਿੰਗ ਡੇ ਟੈਸਟ ਗੁਆਉਣਾ ਪੈ ਸਕਦਾ ਹੈ। ਕੀਵੀ ਟੀਮ ਵੱਲੋਂ ਤੇਜ਼ ਗੇਂਦਬਾਜ਼ਾਂ ਨੇ ਸਾਰੀਆਂ 10 ਵਿਕਟਾਂ ਲਈਆਂ ਜਦਕਿ ਸੈਂਟਨਰ ਨੇ ਨਿਰਾਸ਼ ਕੀਤਾ। ਮਾਰਕ ਨੇ ਸੈਂਟਨਰ ਨੂੰ ਲੈ ਕੇ ਕਿਹਾ ਕਿ ਉਹ ਵਨ ਡੇ ਦਾ ਗੇਂਦਬਾਜ਼ ਹੈ।

ਡੀਆਰਐੱਸ ਤਕਨੀਕ 'ਤੇ ਭੜਕੇ ਟਿਮ ਪੇਨ

ਮੈਲਬੌਰਨ : ਆਸਟ੍ਰੇਲੀਆਈ ਕਪਤਾਨ ਟਿਮ ਪੇਨ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ ਵਿਵਾਦਤ ਤਰੀਕੇ ਨਾਲ ਆਊਟ ਹੋਣ ਤੋਂ ਬਾਅਦ ਕ੍ਰਿਕਟ ਦੀ ਡੀਆਰਐੱਸ ਪ੍ਰਣਾਲੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਤਕਨੀਕ ਦੇ ਨਤੀਜਿਆਂ ਨਾਲ ਉਹ ਨਿਰਾਸ਼ ਤੇ ਨਾਰਾਜ਼ ਹੋ ਗਏ ਹਨ। ਪੇਨ ਨੇ ਆਪਣੀਆਂ ਸਰਬੋਤਮ ਪਾਰੀਆਂ ਵਿਚੋਂ ਇਕ ਖੇਡੀ ਤੇ ਉਹ ਆਪਣਾ ਪਹਿਲਾ ਟੈਸਟ ਸੈਂਕੜਾ ਲਾਉਣ ਦੇ ਨੇੜੇ ਸਨ ਜਦ ਨਿਊਜ਼ੀਲੈਂਡ ਨੇ ਅੰਪਾਇਰ ਦੇ ਨਾਟਆਊਟ ਦੇ ਫ਼ੈਸਲੇ ਦੀ ਸਮੀਖਿਆ ਲਈ ਸੀ ਤੇ ਉਨ੍ਹਾਂ ਨੂੰ ਨੀਲ ਵੈਗਨਰ ਨੇ 79 ਦੌੜਾਂ ਦੇ ਸਕੋਰ 'ਤੇ ਲੱਤ ਅੜਿੱਕਾ ਆਊਟ ਕੀਤਾ।

ਨੰਬਰ ਗੇਮ

-2019 'ਚ 100 ਵਿਕਟਾਂ ਪੂਰੀਆਂ ਕੀਤੀਆਂ ਆਸਟ੍ਰੇਲੀਆਈ ਗੇਂਦਬਾਜ਼ ਪੈਟ ਕਮਿੰਸ ਨੇ। ਉਨ੍ਹਾਂ ਤੋਂ ਪਹਿਲਾਂ ਸ਼ੇਨ ਵਾਰਨ, ਗਲੇਨ ਮੈਕਗ੍ਰਾ ਨੇ ਦੋ ਵਾਰ, ਡੇਨਿਸ ਲਿਲੀ, ਬ੍ਰੈਟ ਲੀ, ਮਿਸ਼ੇਲ ਜਾਨਸਨ ਨੇ ਇਕ-ਇਕ ਵਾਰ ਅਜਿਹਾ ਕੀਤਾ।

-46 ਟੈਸਟ ਖੇਡ ਕੇ ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਵਿਚ ਨੀਲ ਵੈਗਨਰ (198) ਦੂਜੇ ਨੰਬਰ 'ਤੇ ਆ ਗਏ ਹਨ। ਉਨ੍ਹਾਂ ਤੋਂ ਅੱਗੇ ਇਸ ਮਾਮਲੇ ਵਿਚ ਰਿਚਰਡ ਹੈਡਲੀ ਹਨ ਜਿਨ੍ਹਾਂ ਨੇ 210 ਵਿਕਟਾਂ ਲਈਆਂ ਹਨ।

-02 ਟੈਸਟ ਸੈਂਕੜੇ ਲਾਉਣ ਵਾਲੇ ਆਸਟ੍ਰੇਲੀਆ ਦੇ 20ਵੇਂ ਖਿਡਾਰੀ ਬਣੇ ਟ੍ਰੈਵਿਸ ਹੈੱਡ