ਸਿਡਨੀ (ਏਐੱਫਪੀ) : ਮਾਰਨਸ ਲਾਬੂਸ਼ਾਨੇ (215) ਨੇ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਾ ਕੇ ਇੱਥੇ ਸਿਡਨੀ ਕ੍ਰਿਕਟ ਮੈਦਾਨ 'ਤੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਵਿਚ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿਚ 454 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾ ਦਿੱਤਾ। ਜਵਾਬ ਵਿਚ ਨਿਊਜ਼ੀਲੈਂਡ ਨੇ ਵੀ ਚੰਗੀ ਸ਼ੁਰੂਆਤ ਕੀਤੀ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਨਿਊਜ਼ੀਲੈਂਡ ਨੇ ਵੀ ਬਿਨਾਂ ਕੋਈ ਵਿਕਟ ਗੁਆਏ 63 ਦੌੜਾਂ ਬਣਾ ਲਈਆਂ ਸਨ। ਉਸ ਦੀ ਟਾਮ ਲਾਥਮ (ਅਜੇਤੂ 26) ਤੇ ਟਾਮ ਬਲੰਡੇਲ (ਅਜੇਤੂ 34) ਦੀ ਸਲਾਮੀ ਜੋੜੀ ਵਿਕਟਾਂ 'ਤੇ ਮਜ਼ਬੂਤੀ ਨਾਲ ਖੜ੍ਹੀ ਹੋਈ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ ਦੇ ਨੁਕਸਾਨ 'ਤੇ 283 ਦੌੜਾਂ ਦੇ ਨਾਲ ਕੀਤੀ ਸੀ। ਲਾਬੂਸ਼ਾਨੇ 416 ਦੇ ਕੁੱਲ ਸਕੋਰ 'ਤੇ ਆਊਟ ਹੋਏ। ਉਨ੍ਹਾਂ ਨੇ ਆਪਣੀ ਪਾਰੀ ਵਿਚ 363 ਗੇਂਦਾਂ ਦਾ ਸਾਹਮਣਾ ਕਰ ਕੇ 19 ਚੌਕੇ ਤੇ ਇਕ ਛੱਕਾ ਲਾਇਆ। ਨਿਊਜ਼ੀਲੈਂਡ ਲਈ ਗਰੈਂਡਹੋਮ ਤੇ ਵੈਗਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ।