ਮੁੰਬਈ : ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਖ਼ਿਲਾਫ਼ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਉਨ੍ਹਾਂ ਦੀ ਟੀਮ ਲਈ ਮਹੱਤਵਪੂਰਨ ਹੋਵੇਗਾ ਕਿ ਉਹ ਆਪਣੇ ਦਿਮਾਗ਼ 'ਚ ਜਸਪ੍ਰੀਤ ਬੁਮਰਾਹ ਦਾ ਡਰ ਨਾ ਰੱਖਣ। ਫਿੰਚ ਨੇ ਕਿਹਾ ਕਿ ਭਾਰਤ ਦਾ ਇਹ ਮੁੱਖ ਤੇਜ਼ ਗੇਂਦਬਾਜ਼ ਸਨਮਾਨ ਦਾ ਹੱਕਦਾਰ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਲਈ ਇਹ ਮਹੱਤਵਪੂਰਨ ਹੋਵੇਗਾ ਕਿ ਉਹ ਆਪਣੀ ਮਜ਼ਬੂਤੀ 'ਤੇ ਧਿਆਨ ਦੇਵੇ।

ਆਰੋਨ ਹੁਣ ਹੋ ਗਏ ਹਨ ਤਜਰਬੇਕਾਰ : ਮੈਕਡੋਨਲਡ

ਆਸਟ੍ਰੇਲੀਆ ਦੇ ਕਾਰਜਕਾਰੀ ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਹੈ ਕਿ ਆਰੋਨ ਫਿੰਚ ਇਕ ਕ੍ਰਿਕਟਰ ਵਜੋਂ ਕਾਫੀ ਤਜਰਬੇਕਾਰ ਹੋ ਗਏ ਹਨ ਤੇ ਉਨ੍ਹਾਂ ਨੇ ਸੀਮਤ ਓਵਰਾਂ ਵਿਚ ਕਪਤਾਨੀ ਨੂੰ ਲੈ ਕੇ ਪੈਦਾ ਹੋਈ ਕਮੀ ਨੂੰ ਭਰ ਦਿੱਤਾ ਹੈ। ਭਾਰਤ ਖ਼ਿਲਾਫ਼ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ 'ਚ ਜਸਟਿਨ ਲੈਂਗਰ ਦੀ ਥਾਂ ਮੈਕਨੋਲਡਨ ਕੋਚ ਦੀ ਭੂਮਿਕਾ ਨਿਭਾਉਣਗੇ।

ਕੋਹਲੀ ਵਾਂਗ ਬਣਨਾ ਚਾਹੁੰਦੇ ਹਨ ਲਾਬੂਸ਼ਾਨੇ

ਨਵੀਂ ਦਿੱਲੀ : ਲੈਅ 'ਚ ਚੱਲ ਰਹੇ ਆਸਟ੍ਰੇਲੀਆਈ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਭਾਰਤ ਖ਼ਿਲਾਫ਼ ਅਗਲੀ ਵਨ ਡੇ ਸੀਰੀਜ਼ ਉਨ੍ਹਾਂ ਨੂੰ ਵਿਰਾਟ ਕੋਹਲੀ ਤੇ ਸਟੀਵ ਸਮਿਥ ਤੋਂ ਸਿੱਖਣ ਦਾ ਵੱਡਾ ਮੌਕਾ ਪ੍ਰਦਾਨ ਕਰੇਗੀ। ਲਾਬੂਸ਼ਾਨੇ ਨੇ ਕਿਹਾ ਕਿ ਤੁਸੀਂ ਇਨ੍ਹਾਂ ਖਿਡਾਰੀਆਂ ਨੂੰ ਦੇਖੋ ਜਿਨ੍ਹਾਂ ਤੋਂ ਮੈਂ ਪ੍ਰੇਰਣਾ ਲੈਂਦਾ ਹਾ। ਸਟੀਵ ਸਮਿਥ, ਵਿਰਾਟ ਕੋਹਲੀ, ਕੇਨ ਵਿਲੀਅਮਸਨ, ਜੋ ਲੰਬੇ ਸਮੇਂ ਤੋਂ ਸਾਰੇ ਫਾਰਮੈਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਭਾਰਤ ਖ਼ਿਲਾਫ਼ ਅਹਿਮ ਭੂਮਿਕਾ 'ਚ ਹੋਣਗੇ ਸਪਿੰਨਰ : ਕਮਿੰਸ

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਕਿਹਾ ਹੈ ਕਿ ਭਾਰਤ ਖ਼ਿਲਾਫ਼ ਵਨ ਡੇ ਸੀਰੀਜ਼ ਵਿਚ ਉਨ੍ਹਾਂ ਦੀ ਟੀਮ ਦੇ ਸਪਿੰਨਰ ਅਹਿਮ ਭੂਮਿਕਾ ਨਿਭਾਉਣਗੇ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸੀਮਤ ਓਵਰਾਂ ਦੀ ਸੀਰੀਜ਼ ਦੌਰਾਨ ਉਨ੍ਹਾਂ ਨੂੰ ਖ਼ੁਰਦਰੀ ਪਿੱਚ ਮਿਲੇਗੀ। ਕਮਿੰਸ ਨੇ ਅੱਗੇ ਕਿਹਾ ਕਿ ਪਿਛਲੀ ਸੀਰੀਜ਼ ਵਿਚ ਮੈਨੂੰ ਲਗਦਾ ਹੈ ਕਿ ਅਸੀਂ ਦੋ ਸਪਿੰਨਰਾਂ ਨਾਲ ਉਤਰੇ ਸੀ ਇਸ ਲਈ ਵਿਚਾਲੇ ਦੇ ਓਵਰਾਂ 'ਚ ਸਪਿੰਨਰ ਅਹਿਮ ਹੋਣਗੇ।