ਨਵੀਂ ਦਿੱਲੀ : ਸਾਊਥੈਂਪਟਨ 'ਚ ਆਸਟ੍ਰੇਲੀਆ ਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡੇ ਗਏ ਵਿਸ਼ਵ ਕੱਪ 2019 ਦੇ ਅਭਿਆਸ ਮੈਚ ਵਿਚ ਟਾਸ ਜਿੱਤ ਕੇ ਇੰਗਲਿਸ਼ ਟੀਮ ਨੇ ਪਹਿਲਾਂ ਗੇਂਦਬਾਜ਼ੀ ਚੁਣੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਸਟੀਵ ਸਮਿਥ ਦੇ ਸੈਂਕੜੇ (116) ਤੇ ਡੇਵਿਡ ਵਾਰਨਰ ਦੀ 43 ਦੌੜਾਂ ਦੀ ਪਾਰੀ ਦੇ ਦਮ 'ਤੇ ਇੰਗਲੈਂਡ ਨੂੰ 298 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆ ਨੇ ਨੌਂ ਵਿਕਟਾਂ ਗੁਆ ਕੇ ਤੈਅ 50 ਓਵਰਾਂ ਵਿਚ 297 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਲਿਆਮ ਪਲੰਕੇਟ ਨੇ ਚਾਰ, ਲਿਆਮ ਡਾਸਨ, ਮਾਰਕ ਵੁਡ ਤੇ ਟਾਮ ਕੁਰਨ ਨੇ ਇਕ ਇਕ ਵਿਕਟ ਆਪਣੇ ਨਾਂ ਕੀਤੀ।

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਇਸ ਮੈਚ 'ਚ ਸ਼ਰਮਿੰਦਾ ਹੋਣਾ ਪਿਆ। ਦਰਅਸਲ ਇੰਗਲੈਂਡ ਦੇ ਦਰਸ਼ਕਾਂ ਨੇ ਸਟੀਵ ਸਮਿਥ ਦੇ ਮੈਦਾਨ 'ਤੇ ਆਉਂਦੇ ਹੀ ਉਨ੍ਹਾਂ ਨੂੰ ਚੀਟਰ... ਚੀਟਰ... ਕਹਿਣਾ ਸ਼ੁਰੂ ਕਰ ਦਿੱਤਾ ਪਰ ਸਟੀਵ ਸਮਿਥ ਨੇ ਇੰਗਲੈਂਡ ਦੇ ਦਰਸ਼ਕਾਂ ਨੂੰ ਉਨ੍ਹਾਂ ਦੇ ਹੀ ਦੇਸ਼ ਖ਼ਿਲਾਫ਼ ਸੈਂਕੜਾ ਠੋਕ ਕੇ ਕਰਾਰਾ ਜਵਾਬ ਦਿੱਤਾ। ਆਸਟ੍ਰੇਲੀਆਈ ਟੀਮ ਵਿਚ ਇਕ ਸਾਲ ਦੀ ਪਾਬੰਦੀ ਤੋਂ ਬਾਅਦ ਵਾਪਸੀ ਕਰਨ ਵਾਲੇ ਸਟੀਵ ਸਮਿਥ ਨੇ ਅਭਿਆਸ ਮੈਚ ਵਿਚ ਮਿਡਲ ਆਰਡਰ ਵਿਚ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਖ਼ਿਲਾਫ਼ 102 ਗੇਂਦਾਂ ਵਿਚ 116 ਦੌੜਾਂ ਦੀ ਪਾਰੀ ਖੇਡੀ ਹਾਲਾਂਕਿ ਸਟੀਵ ਸਮਿਥ 50ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਆਊਟ ਹੋ ਗਏ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਦਰਸ਼ਕਾਂ ਨੂੰ ਕਰਾਰਾ ਜਵਾਬ ਸੈਂਕੜੇ ਦੇ ਰੂਪ ਵਿਚ ਦਿੱਤਾ। ਸਟੀਵ ਸਮਿਥ ਨੇ ਇਸ ਪਾਰੀ ਵਿਚ ਅੱਠ ਚੌਕੇ ਤੇ ਤਿੰਨ ਛੱਕੇ ਲਾਏ। ਪਾਬੰਦੀ ਤੋਂ ਬਾਅਦ ਮੁੜੇ ਸਟੀਵ ਸਮਿਥ ਦੀ ਇਹ ਪਹਿਲੀ ਵੱਡੀ ਪਾਰੀ ਹੈ।

ਦੱਖਣੀ ਅਫਰੀਕਾ 'ਚ ਹੋਇਆ ਸੀ ਵਿਵਾਦ :

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੱਖਣੀ ਅਫਰੀਕਾ ਖ਼ਿਲਾਫ਼ ਕੇਪਟਾਊਨ ਟੈਸਟ ਵਿਚ ਗੇਂਦ ਨਾਲ ਕੀਤੀ ਗਈ ਛੇੜਛਾੜ ਤੋਂ ਬਾਅਦ ਸਟੀਵ ਸਮਿਥ ਨੂੰ ਬਾਲ ਟੈਂਪਰਿੰਗ ਦਾ ਦੋਸ਼ੀ ਪਾਇਆ ਗਿਆ ਸੀ। ਉਸ ਵੇਲੇ ਦੇ ਕਪਤਾਨ ਸਟੀਵ ਸਮਿਥ ਨਾਲ ਉੱਪ ਕਪਤਾਨ ਡੇਵਿਡ ਵਾਰਨਰ ਤੇ ਕੈਮਰੂਨ ਬੇਨਕ੍ਰਾਫਟ ਨੂੰ ਵੀ ਟੈਂਪਰਿੰਗ ਦਾ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ ਸਟੀਵ ਸਮਿਥ ਤੇ ਡੇਵਿਡ ਵਾਰਨਰ 'ਤੇ ਆਸਟ੍ਰੇਲੀਆ ਕ੍ਰਿਕਟ ਬੋਰਡ ਨੇ ਇਕ ਇਕ ਸਾਲ ਤੇ ਬੇਨਕ੍ਰਾਫਟ 'ਤੇ ਨੌਂ ਮਹੀਨੇ ਦੀ ਪਾਬੰਦੀ ਲਾਈ ਸੀ। ਇਸੇ ਗੱਲ ਨੂੰ ਲੈ ਕੇ ਦਰਸ਼ਕਾਂ ਨੇ ਸਟੀਵ ਸਮਿਥ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ।