ਸਿਡਨੀ (ਏਪੀ) : ਐਸ਼ੇਜ਼ ਸੀਰੀਜ਼ ਨੂੰ ਦੁਨੀਆ ਦੀ ਸਭ ਤੋਂ ਰੋਮਾਂਚਕ ਸੀਰੀਜ਼ ਕਿਹਾ ਜਾਂਦਾ ਹੈ। ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਚੌਥਾ ਸਿਡਨੀ ਟੈਸਟ ਡਰਾਅ ਇਸ ਦੀ ਮਿਸਾਲ ਹੈ। ਸਟੂਅਰਟ ਬਰਾਡ ਤੇ ਜੇਮਜ਼ ਐਂਡਰਸਨ ਦੇ ਰੂਪ ਵਿਚ ਆਖ਼ਰੀ ਜੋੜੀ ਮੈਦਾਨ ’ਤੇ ਸੀ ਤੇ ਆਸਟ੍ਰੇਲਿਆਈ ਟੀਮ ਇਹ ਵਿਕਟ ਨਹੀਂ ਕੱਢ ਸਕੀ। ਇਸ ਤਰ੍ਹਾਂ ਮੇਜ਼ਬਾਨ ਟੀਮ ਜਿੱਤ ਤੋਂ ਇਕ ਵਿਕਟ ਦੂਰ ਰਹਿ ਗਈ। ਦੂਜੇ ਪਾਸੇ, ਇੰਗਲੈਂਡ ਆਪਣੀ ਇੱਜ਼ਤ ਬਚਾਉਣ ਵਿਚ ਕਾਮਯਾਬ ਰਿਹਾ। 388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮਹਿਮਾਨ ਟੀਮ ਨੇ ਨੌਂ ਵਿਕਟਾਂ ’ਤੇ 270 ਦੌੜਾਂ ਬਣਾਈਆਂ। ਜੈਕ ਲੀਚ (26), ਸਟੂਅਰਡ ਬਰਾਡ (ਅਜੇਤੂ 08) ਤੇ ਜੇਮਜ਼ ਐਂਡਰਸਨ (ਅਜੇਤੂ 00) ਨੇ ਬਹੁਤ ਦਬਾਅ ਵਿਚਾਲੇ ਆਖ਼ਰੀ 10 ਓਵਰ ਬੱਲੇਬਾਜ਼ੀ ਕਰ ਕੇ ਇੰਗਲੈਂਡ ਨੂੰ ਹਾਰ ਤੋਂ ਬਚਾਇਆ। ਸਕਾਟ ਬੋਲੈਂਡ (3/30), ਕਪਤਾਨ ਪੈਟ ਕਮਿੰਸ (2/80) ਤੇ ਨਾਥਨ ਲਿਓਨ (2/28) ਨੇ ਆਸਟ੍ਰੇਲੀਆ ਨੂੰ ਜਿੱਤ ਦੀ ਦਹਿਲੀਜ਼ ’ਤੇ ਪੁਹੰਚਾਇਆ ਜਿਸ ਤੋਂ ਬਾਅਦ ਸਟੀਵ ਸਮਿਥ (1/10) ਨੇ ਦੋ ਓਵਰ ਬਾਕੀ ਰਹਿੰਦੇ ਲੀਚ ਨੂੰ ਆਊਟ ਕੀਤਾ। ਟੀਮ ਆਖ਼ਰੀ ਓਵਰ ਵਿਚ ਆਖ਼ਰੀ ਵਿਕਟ ਹਾਸਲ ਨਹੀਂ ਕਰ ਸਕੀ। ਬਰਾਡ ਤੇ ਐਂਡਰਸਨ ਨੇ ਦੋ ਓਵਰ ਟਿਕੇ ਰਹਿ ਕੇ ਇੰਗਲੈਂਡ ਨੂੰ ਹਾਰ ਤੋਂ ਬਚਾਅ ਲਿਆ ਜਿਸ ਨੇ 102 ਓਵਰਾਂ ਵਿਚ ਨੌਂ ਵਿਕਟਾਂ ’ਤੇ 270 ਦੌੜਾਂ ਬਣਾਈਆਂ। ਟੀਮ 388 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਇੰਗਲੈਂਡ ਦੀ ਟੀਮ ਨੇ ਇਸ ਨਾਲ ਹੀ ਮੌਜੂਦਾ ਸੀਰੀਜ਼ ਵਿਚ ਲਗਾਤਾਰ ਤਿੰਨ ਹਾਰਾਂ ਦਾ ਸਿਲਸਿਲਾ ਤੋੜਿਆ। ਇੰਗਲੈਂਡ ਨੇ ਬੱਲੇਬਾਜ਼ੀ ਵਿਚ ਸੀਰੀਜ਼ ਦਾ ਸੰਭਵ ਤੌਰ ’ਤੇ ਆਪਣਾ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਜਿਸ ਨਾਲ ਮੈਚ ਡਰਾਅ ਵੱਲ ਵਧ ਰਿਹਾ ਸੀ ਪਰ ਆਖ਼ਰੀ ਘੰਟੇ ਤੋਂ ਪਹਿਲਾਂ ਕਮਿੰਸ ਨੇ ਜੋਸ ਬਟਲਰ (11) ਤੇ ਮਾਰਕ ਵੁਡ (00) ਨੂੰ ਤਿੰਨ ਗੇਂਦਾਂ ਅੰਦਰ ਆਊਟ ਕਰ ਕੇ ਆਸਟ੍ਰੇਲੀਆ ਦਾ ਪਲੜਾ ਭਾਰੀ ਕਰ ਦਿੱਤਾ। ਇਸ ਸਮੇਂ ਟੀਮ ਦਾ ਸਕੋਰ 85 ਓਵਰਾਂ ਵਿਚ ਸੱਤ ਵਿਕਟਾਂ ’ਤੇ 218 ਦੌੜਾਂ ਸੀ। ਟੈਸਟ ਕ੍ਰਿਕਟ ਵਿਚ ਬਿਹਤਰੀਨ ਸ਼ੁਰੂਆਤ ਕਰਨ ਵਾਲੇ ਬੋਲੈਂਡ ਨੇ ਪਹਿਲੀ ਪਾਰੀ ’ਚ ਸੈਂਕੜਾ ਲਾਉਣ ਵਾਲੇ ਜਾਨੀ ਬੇਰਸਟੋ (41) ਨੂੰ ਮਾਨਰਸ ਲਾਬੂਸ਼ਾਨੇ ਹੱਥੋਂ ਕੈਚ ਕਰਵਾਇਆ। ਇਹ ਬੋਲੈਂਡ ਦਾ ਦੂਜੇ ਟੈਸਟ ਵਿਚ 14ਵਾਂ ਵਿਕਟ ਸੀ। ਬਰਾਡ ਤੇ ਲੀਚ ਨੇ ਇਸ ਤੋਂ ਬਾਅਦ ਅੱਠ ਤੋਂ ਵੱਧ ਓਵਰਾਂ ਤਕ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੂੰ ਕਾਮਯਾਬੀ ਤੋਂ ਦੂਰ ਰੱਖਿਆ। ਘੱਟ ਹੁੰਦੀ ਰੋਸ਼ਨੀ ਵਿਚਾਲੇ ਆਸਟ੍ਰੇਲੀਆ ਨੂੰ ਆਖ਼ਰੀ ਤਿੰਨ ਓਵਰਾਂ ਵਿਚ ਗੇਂਦਬਾਜ਼ੀ ਸਪਿੰਨਰਾਂ ਲਿਓਨ ਤੇ ਸਮਿਥ ਤੋਂ ਕਰਵਾਉਣੀ ਪਈ। ਸਮਿਥ ਨੇ ਲੀਚ ਨੂੰ ਵਾਰਨਰ ਹੱਥੋਂ ਕੈਚ ਕਰਵਾਇਆ ਪਰ ਬਰਾਡ ਤੇ ਐਂਡਰਸਨ ਨੇ ਆਖ਼ਰੀ ਦੋ ਓਵਰ ਖੇਡ ਕੇ ਮੈਚ ਡਰਾਅ ਕਰਵਾ ਦਿੱਤਾ। ਇਸ ਤੋਂ ਪਹਿਲਾਂ ਸੱਟ ਦੇ ਬਾਵਜੂਦ ਸਟੋਕਸ ਨੇ 10 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 60 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਪਹਿਲੀ ਪਾਰੀ ਵਿਚ ਵੀ 66 ਦੌੜਾਂ ਬਣਾਈਆਂ ਸਨ। ਲਿਓਨ ਨੇ ਸਟੋਕਸ ਨੂੰ ਸਲਿਪ ਵਿਚ ਸਮਿਥ ਦੇ ਹੱਥੋਂ ਕੈਚ ਕਰਵਾਇਆ। ਆਖ਼ਰੀ ਘੰਟੇ ਤੋਂ ਪਹਿਲਾਂ ਕਮਿੰਸ ਨੇ ਬਟਲਰ ਤੇ ਵੁਡ ਨੂੰ ਲੱਤ ਅੜਿੱਕਾ ਆਊਟ ਕੀਤਾ। ਬੋਲੈਂਡ ਨੇ ਬੇਰਸਟੋ ਨੂੰ ਪਵੇਲੀਅਨ ਦਾ ਰਾਹ ਦਿਖਾਇਆ ਪਰ ਲੀਚ, ਬਰਾਡ ਤੇ ਐਂਡਰਸਨ ਨੇ ਬੱਲੇ ਦੇ ਆਲੇ ਦੁਆਲੇ ਨੌਂ ਫੀਲਡਰਾਂ ਦੀ ਮੌਜੂਦਗੀ ਦੇ ਬਾਵਜੂਦ ਮੈਚ ਡਰਾਅ ਕਰਵਾ ਦਿੱਤਾ।

ਜੈਕ ਕ੍ਰਾਉਲੇ ਨੇ ਕੀਤੀ ਹਮਲਾਵਰ ਬੱਲੇਬਾਜ਼ੀ :

ਇੰਗਲੈਂਡ ਦੀ ਟੀਮ ਐਤਵਾਰ ਨੂੰ ਬਿਨਾਂ ਵਿਕਟ ਗੁਆਏ 30 ਦੌੜਾਂ ਤੋਂ ਅੱਗੇ ਖੇਡਣ ਉਤਰੀ ਪਰ ਸਵੇਰ ਦੇ ਸੈਸ਼ਨ ਵਿਚ ਸਲਾਮੀ ਬੱਲੇਬਾਜ਼ ਹਸੀਬ ਹਮੀਦ (09) ਤੇ ਡੇਵਿਡ ਮਲਾਨ (04) ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ। ਕਮਿੰਸ ਦੀ ਗੇਂਦ ’ਤੇ ਹਮੀਦ ਨੂੰ ਵਿਕਟਕੀਪਰ ਐਲੇਕਸ ਕੈਰੀ ਨੇ ਜੀਵਨਦਾਨ ਦਿੱਤਾ ਪਰ ਉਹ ਇਸ ਦਾ ਫ਼ਾਇਦਾ ਨਾ ਉਠਾ ਸਕੇ ਤੇ ਆਪਣੇ ਸ਼ਨਿਚਵਾਰ ਦੇ ਸਕੋਰ ਵਿਚ ਸਿਰਫ਼ ਇਕ ਦੌੜ ਜੋੜਨ ਤੋਂ ਬਾਅਦ ਬੋਲੈਂਡ ਦੀ ਗੇਂਦ ’ਤੇ ਕੈਰੀ ਨੂੰ ਕੈਚ ਦੇ ਬੈਠੇ। ਲਿਓਨ ਨੇ ਆਪਣੇ ਤੀਜੇ ਹੀ ਓਵਰ ਵਿਚ ਮਲਾਨ ਨੂੰ ਬੋਲਡ ਕਰ ਕੇ ਇੰਗਲੈਂਡ ਦਾ ਸਕੋਰ ਦੋ ਵਿਕਟਾਂ ’ਤੇ 74 ਦੌੜਾਂ ਕਰ ਦਿੱਤਾ। ਸਲਾਮੀ ਬੱਲੇਬਾਜ਼ ਜੈਕ ਕ੍ਰਾਉਲੇ ਨੇ ਹਮਲਾਵਰ ਵਤੀਰਾ ਅਪਣਾਇਆ। ਉਨ੍ਹਾਂ ਨੇ ਅੱਠ ਚੌਕਿਆਂ ਦੀ ਮਦਦ ਨਾਲ 69 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਕ੍ਰਾਉਲੇ 13 ਚੌਕਿਆਂ ਦੀ ਮਦਦ ਨਾਲ 77 ਦੌੜਾਂ ਬਣਾਉਣ ਤੋਂ ਬਾਅਦ ਕੈਮਰਨ ਗ੍ਰੀਨ ਦੀ ਗੇਂਦ ’ਤੇ ਲੱਤ ਅੜਿੱਕਾ ਹੋ ਗਏ। ਜੋ ਰੂਟ (24) ਤੇ ਸਟੋਕਸ ਨੇ 26 ਓਵਰਾਂ ਵਿਚ 60 ਦੌੜਾਂ ਦੀ ਭਾਈਵਾਲੀ ਕੀਤੀ ਪਰ ਬੋਲੈਂਡ ਨੇ ਇੰਗਲੈਂਡ ਦੇ ਕਪਤਾਨ ਨੂੰ ਚਾਹ ਦੇ ਆਰਾਮ ਤੋਂ ਪਹਿਲਾਂ ਕੈਰੀ ਹੱਥੋਂ ਕੈਚ ਕਰਵਾ ਦਿੱਤਾ।

------------------

ਜ਼ਖ਼ਮੀ ਬਟਲਰ ਮੁੜਨਗੇ ਇੰਗਲੈਂਡ

ਸਿਡਨੀ (ਏਪੀ) : ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਉਂਗਲੀ ਵਿਚ ਫਰੈਕਚਰ ਕਾਰਨ ਐਸ਼ੇਜ਼ ਦੌਰਾ ਵਿਚਾਲੇ ਛੱਡ ਕੇ ਵਾਪਸ ਦੇਸ਼ ਮੁੜਨਗੇ। ਇੰਗਲੈਂਡ ਟੀਮ ਮੈਨੇਜਮੈਂਟ ਨੇ ਚੌਥੇ ਟੈਸਟ ਦੀ ਰੋਮਾਂਚਕ ਸਮਾਪਤੀ ਤੋਂ ਬਾਅਦ ਕਿਹਾ ਕਿ ਐਤਵਾਰ ਨੂੰ ਡਰਾਅ ਹੋਏ ਮੈਚ ਦੌਰਾਨ ਬਟਲਰ ਨੂੰ ਖੱਬੇ ਹੱਥ ਦੀ ਅੰਗੂਠੇ ਦੇ ਨਾਲ ਵਾਲੀ ਉਂਗਲੀ ਵਿਚ ਸੱਟ ਲੱਗੀ ਜੋ ਫਰੈਕਚਰ ਹੈ। ਉਹ ਅੱਗੇ ਦੀ ਦੇਖਰੇਖ ਤੇ ਇਲਾਜ ਲਈ ਸੋਮਵਾਰ ਨੂੰ ਵਾਪਸ ਦੇਸ਼ ਮੁੜਨਗੇ ਤੇ ਆਖ਼ਰੀ ਟੈਸਟ ਵਿਚ ਉਨ੍ਹਾਂ ਨੂੰ ਥਾਂ ਨਹੀਂ ਮਿਲੀ।

Posted By: Susheel Khanna