ਨਵੀਂ ਦਿੱਲੀ (ਆਈਏਐੱਨਐੱਸ) : ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਮੈਂਬਰ ਸੰਜੀਵ ਗੁਪਤਾ ਦਾ ਬੀਸੀਸੀਆਈ ਦੇ ਲੋਕਪਾਲ ਡੀਕੇ ਜੈਨ ਨੂੰ ਪੱਤਰ ਲਿਖ ਕੇ ਵਿਰਾਟ ਕੋਹਲੀ ਦੇ ਵਪਾਰ ਨੂੰ ਲੈ ਕੇ ਸ਼ਿਕਾਇਤ ਕਰਨਾ ਤੇ ਇਹ ਕਹਿਣਾ ਕਿ ਇਹ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਉਲੰਘਣ ਹੈ, ਇਹ ਬੋਰਡ ਦੇ ਅਧਿਕਾਰੀਆਂ ਨੂੰ ਰਾਸ ਨਹੀਂ ਆਇਆ। ਬੋਰਡ ਦੇ ਇਕ ਅਧਿਕਾਰੀ ਨੇ ਬੀਤੇ ਕੁਝ ਸਾਲਾਂ ਤੋਂ ਆ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ ਕਿਹਾ ਕਿ ਇਨ੍ਹਾਂ ਦਾ ਪੈਟਰਨ ਇਕ ਹੈ ਤੇ ਨਾਲ ਹੀ ਕਿਹਾ ਕਿ ਇਹ ਹੜਕੰਪ ਮਚਾਉਣ ਤੇ ਉਨ੍ਹਾਂ ਲੋਕਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਹੈ ਜਿਨ੍ਹਾਂ ਨੇ ਦੇਸ਼ ਲਈ ਕਾਫੀ ਕੁਝ ਕੀਤਾ ਹੈ।

ਅਧਿਕਾਰੀ ਨੇ ਕਿਹਾ ਕਿ ਇਕ ਵਾਰ ਤੁਸੀਂ ਜਦ ਸ਼ਿਕਾਇਤਾਂ ਨੂੰ ਦੇਖੋਗੇ ਤਾਂ ਪਤਾ ਲੱਗ ਜਾਵੇਗਾ ਕਿ ਇਹ ਸ਼ਿਕਾਇਤਾਂ ਪ੍ਰਰੇਰਿਤ ਹਨ। ਕੋਈ ਨਾ ਕੋਈ ਬੀਸੀਸੀਆਈ ਅਧਿਕਾਰੀਆਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਹੁਣ ਉਹ ਭਾਰਤੀ ਟੀਮ ਦੇ ਕਪਤਾਨ ਨੂੰ ਕਿਸੇ ਕਾਰਨ ਨਾਲ ਘੇਰ ਰਿਹਾ ਹੈ। ਜੋ ਬੀਤੇ ਛੇ ਸਾਲ ਵਿਚ ਹੋਇਆ ਹੈ, ਉਸ ਤੋਂ ਇਹ ਸਾਫ਼ ਦਿਖਾਈ ਦੇ ਰਿਹਾ ਹੈ। ਤੁਸੀਂ ਈ ਮੇਲ ਤੇ ਉਸ ਦੀ ਭਾਸ਼ਾ ਨੂੰ ਦੇਖ ਲਓ, ਮਕਸਦ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਕਾਮਯਾਬ ਲੋਕਾਂ 'ਤੇ ਦਾਗ਼ ਲਾਉਣ ਦੀ ਕੋਸ਼ਿਸ਼ ਹੈ। ਇਸ ਪਿੱਛੇ ਕੋਈ ਨਾ ਕੋਈ ਕਾਰਣ ਹੈ। ਅਜਿਹੀ ਸ਼ਿਕਾਇਤ ਲਈ ਵਾਜਬ ਹਾਲਾਤ ਦਾ ਅਧਿਕਾਰ ਜ਼ਰੂਰੀ ਹੈ ਨਹੀਂ ਤਾਂ ਅਜਿਹੀਆਂ ਈਮੇਲ ਦਾ ਕੋਈ ਅੰਤ ਨਹੀਂ ਹੋਵੇਗਾ। ਇਸ 'ਤੇ ਗੱਲ ਕਰਦੇ ਹੋਏ ਇਕ ਸਾਬਕਾ ਖਿਡਾਰੀ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਉਨ੍ਹਾਂ ਲੋਕਾਂ ਦੀ ਮਦਦ ਕਰਦੀਆਂ ਹਨ ਜੋ ਮੈਚ ਫਿਕਸ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੀ ਤੁਸੀਂ ਅਸਲ ਵਿਚ ਇਸ ਵਿਚ ਸੱਟੇਬਾਜ਼ੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ? ਜਿੰਨਾ ਜ਼ਿਆਦਾ ਭੰਬਲਭੂਸਾ ਹੋਵੇਗਾ ਫਾਲਤੂ ਲੋਕਾਂ ਲਈ ਓਨਾ ਬਿਹਤਰ ਮਾਹੌਲ ਹੋਵੇਗਾ। ਇਹ ਬੀਸੀਸੀਆਈ ਨੂੰ ਮੈਦਾਨ ਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ਦੇ ਰਾਹ ਤੋਂ ਭਟਕਾਉਣ ਦੀ ਸਾਜਿਸ਼ ਹੈ।

ਸਾਰੇ ਕ੍ਰਿਕਟਰਾਂ ਨੂੰ ਪੈਸਾ ਕਮਾਉਣ ਦਾ ਹੈ ਹੱਕ

ਭਾਰਤੀ ਟੀਮ ਦੇ ਕਪਤਾਨ ਦੇ ਕਰੀਬੀ ਸੂਤਰਾਂ ਨੇ ਕਿਹਾ ਕਿ ਇਹ ਪੂਰਾ ਘਟਨਾਕ੍ਰਮ ਦੁਖਦ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕ੍ਰਿਕਟਰਾਂ ਦੀ ਵੀ ਆਪਣੀ ਖ਼ੁਦ ਦੀ ਜ਼ਿੰਦਗੀ ਹੈ ਤੇ ਉਹ ਵੀ ਪੈਸਾ ਕਮਾਉਣਾ ਚਾਹੁੰਦੇ ਹਨ। ਅਜਿਹੀਆਂ ਸ਼ਿਕਾਇਤਾਂ ਉਨ੍ਹਾਂ ਦੇ ਦਿਮਾਗ਼ ਤੇ ਪ੍ਰਦਰਸ਼ਨ 'ਤੇ ਅਸਰ ਪਾਉਣਗੀਆਂ। ਅਜਿਹੇ ਲੋਕ ਸਿਰਫ਼ ਪਬਲਿਸਿਟੀ ਚਾਹੁੰਦੇ ਹਨ, ਉਹ ਇਹ ਨਹੀਂ ਸਮਝਦੇ ਕਿ ਇਸ ਦਾ ਕੀ ਅਸਰ ਪਵੇਗਾ। ਅਜਿਹੀਆਂ ਚੀਜ਼ਾਂ ਖੇਡ ਲਈ ਚੰਗੀਆਂ ਨਹੀਂ ਹਨ।

ਦੋ ਅਹੁਦਿਆਂ ਦਾ ਕੀਤਾ ਗਿਐ ਜ਼ਿਕਰ

ਗੁਪਤਾ ਨੇ ਲੋਕਪਾਲ ਨੂੰ ਲਿਖੀ ਆਪਣੀ ਸ਼ਿਕਾਇਤ ਵਿਚ ਕੋਹਲੀ ਸਪੋਰਟਸ ਐੱਲਐੱਲਬੀ ਕੰਪਨੀ ਨਾਲ ਭਾਰਤੀ ਕਪਤਾਨ ਦੀ ਹਿੱਸੇਦਾਰੀ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿਚ ਦੋ ਡਾਇਰੈਕਟਰ ਸ਼ਾਮਲ ਹਨ, ਜਿਨ੍ਹਾਂ ਦਾ ਨਾਂ ਵਿਰਾਟ ਕੋਹਲੀ ਤੇ ਅਮਿਤ ਅਰੁਣ ਸਜਦੇਹ ਹੈ। ਨਾਲ ਹੀ ਕਾਰਨਰਸਟੋਨ ਵੈਂਚਰ ਪਾਰਟਨਰ ਐੱਲਐੱਲਪੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਤਿੰਨ ਡਾਇਰੈਕਟਰ ਮਾਲਕ ਹਨ ਤੇ ਇਨ੍ਹਾਂ ਦੇ ਨਾਂ ਵਿਰਾਟ ਕੋਹਲੀ, ਅਮਿਤ ਅਰੁਣ ਸਜਦੇਹ ਤੇ ਬਿਨਾਏ ਭਰਤ ਖਿਮਜੀ ਹਨ।

ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਦੱਸਿਆ ਉਲੰਘਣ

ਗੁਪਤਾ ਨੇ ਕਿਹਾ ਕਿ ਇਹ ਦੇਖਣ ਵਿਚ ਆਉਂਦਾ ਹੈ ਕਿ ਇਹ ਲੋਢਾ ਪੈਨਲ ਦੀਆਂ ਸਿਫ਼ਾਰਸ਼ਾਂ ਦਾ ਉਲੰਘਣ ਹੈ, ਜਿਸ ਨੂੰ ਸੁਪਰੀਮ ਕੋਰਟ ਵੱਲੋਂ ਉਸ ਸਮੇਂ ਮਨਜ਼ੂਰ ਕੀਤਾ ਗਿਆ ਸੀ ਜਿਸ ਸਮੇਂ ਬੀਸੀਸੀਆਈ ਦਾ ਨਵਾਂ ਸੰਵਿਧਾਨ ਰਜਿਸਟਰਡ ਸੀ। ਗੁਪਤਾ ਨੇ ਕਿਹਾ ਕਿ ਵਿਰਾਟ ਕੋਹਲੀ, ਇਕ ਹੀ ਸਮੇਂ ਦੋ ਅਹੁਦਿਆਂ 'ਤੇ ਕਾਬਜ ਹਨ ਜੋ ਕਿ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਬੀਸੀਸੀਆਈ ਦੇ ਨਿਯਮ 38 (4) ਦਾ ਉਲੰਘਣ ਹੈ ਤੇ ਉਨ੍ਹਾਂ ਨੂੰ ਆਪਣੇ ਇਕ ਅਹੁਦੇ ਨੂੰ ਛੱਡਣਾ ਪਵੇਗਾ। ਉਨ੍ਹਾਂ ਦੇ ਇਕ ਅਹੁਦਾ ਏ-38 (4) (ਏ) ਖਿਡਾਰੀ ਹੈ ਜਦਕਿ ਦੂਜਾ ਅਹੁਦਾ-ਬੀ-3 (4) (ਓ) ਇਕਰਾਰ 'ਤੇ ਅਧਾਰਤ ਇਕਾਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨੈਤਿਕ ਅਧਿਕਾਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਿਰਾਟ ਕੋਹਲੀ ਨੂੰ ਇਕ ਅਹੁਦਾ ਛੱਡਣ ਦਾ ਹੁਕਮ ਦੇਣ ਤਾਂਕਿ ਬੀਸੀਸੀਆਈ ਦੇ ਸੰਵਿਧਾਨ ਨਿਯਮ ਨੰਬਰ 38 (4) ਦਾ ਪਾਲਣ ਕੀਤਾ ਜਾ ਸਕੇ ਜੋ ਕਿ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਹੈ।