ਸ਼ੋਭਿਤ ਚਤੁਰਵੇਦੀ, ਨਵੀਂ ਦਿੱਲੀ : ਲੰਬੇ ਸਮੇਂ ਤੋਂ ਖ਼ਰਾਬ ਦੌਰ 'ਚੋਂ ਗੁਜ਼ਰ ਰਹੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਇਸ ਮਹੀਨੇ ਦੇ ਅੰਤ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਹੋਣ ਵਾਲੇ ਏਸ਼ੀਆ ਕੱਪ ਵਿਚ ਖ਼ਰਾਬ ਲੈਅ ਨੂੰ ਦੁਬਾਰਾ ਹਾਸਲ ਕਰਨਾ ਜ਼ਰੂਰੀ ਹੈ। ਇਸ ਸਾਲ ਅਕਤੂਬਰ-ਨਵੰਬਰ ਵਿਚ ਆਸਟ੍ਰੇਲੀਆ ਵਿਚ ਟੀ-20 ਵਿਸ਼ਵ ਕੱਪ ਹੋਣਾ ਹੈ ਤੇ ਇਸ ਵਿਸ਼ਵ ਪੱਧਰੀ ਟੂਰਨਾਮੈਂਟ ਤੋਂ ਪਹਿਲਾਂ ਏਸ਼ੀਆ ਕੱਪ ਹੀ ਇੱਕੋ ਇਕ ਬਹੁਦੇਸ਼ੀ ਟੂਰਨਾਮੈਂਟ ਹੈ ਜਿਸ ਵਿਚ ਕੋਹਲੀ ਆਪਣਾ ਦੌੜਾਂ ਦਾ ਸੋਕਾ ਖ਼ਤਮ ਕਰ ਸਕਦੇ ਹਨ। ਉਨ੍ਹਾਂ ਦੀ ਖ਼ਰਾਬ ਲੈਅ ਦਾ ਅਸਰ ਰੈਂਕਿੰਗ 'ਤੇ ਵੀ ਪਿਆ ਹੈ। ਕੋਹਲੀ ਟੈਸਟ ਤੇ ਟੀ-20 ਰੈਂਕਿੰਗ ਵਿਚ ਟਾਪ-10 'ਚੋਂ ਬਾਹਰ ਚੱਲ ਰਹੇ ਹਨ ਜਦਕਿ ਵਨ ਡੇ ਵਿਚ ਉਨ੍ਹਾਂ ਦੀ ਮੌਜੂਦਾ ਰੈਂਕਿੰਗ ਪੰਜ ਹੈ। ਉਮੀਦ ਮੁਤਾਬਕ ਨਾ ਖੇਡਣ ਦੇ ਬਾਵਜੂਦ ਕੋਹਲੀ ਨੂੰ ਏਸ਼ੀਆ ਕੱਪ ਦੀ ਟੀਮ ਵਿਚ ਚੁਣਿਆ ਗਿਆ ਹੈ। ਟੀਮ ਮੈਨੇਜਮੈਂਟ, ਕੋਚ ਰਾਹੁਲ ਦ੍ਰਾਵਿੜ ਤੇ ਕਪਤਾਨ ਰੋਹਿਤ ਸ਼ਰਮਾ ਨੂੰ ਉਨ੍ਹਾਂ ਕੋਲੋਂ ਬਿਹਤਰ ਪ੍ਰਦਸ਼ਨ ਕਰਨ ਦੀ ਉਮੀਦ ਰਹੇਗੀ। ਭਾਰਤ ਨੇ ਪਿਛਲਾ ਟੀ-20 ਵਿਸ਼ਵ ਕੱਪ ਕੋਹਲੀ ਦੀ ਕਪਤਾਨੀ ਵਿਚ ਹੀ ਖੇਡਿਆ ਸੀ ਪਰ ਤਦ ਤੋਂ ਹੁਣ ਤਕ ਹਾਲਾਤ ਕਾਫੀ ਬਦਲ ਚੁੱਕੇ ਹਨ। ਇਸ ਖਿਡਾਰੀ ਦੀਆਂ ਦੌੜਾਂ, ਬਰਾਂਡ ਵੈਲਿਊ ਸਭ ਹੇਠਾਂ ਵੱਲ ਜਾ ਰਹੇ ਹਨ।

ਕੋਹਲੀ ਨੇ ਆਖ਼ਰੀ ਵਾਰ ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਇੰਗਲੈਂਡ ਦੌਰੇ 'ਤੇ ਦੋ ਟੀ-20 ਮੈਚ ਖੇਡੇ ਸਨ ਪਰ ਉਥੇ ਵੀ ਉਨ੍ਹਾਂ ਦਾ ਬੱਲਾ ਪੂਰੀ ਤਰ੍ਹਾਂ ਖ਼ਾਮੋਸ਼ ਰਿਹਾ ਸੀ। ਉਨ੍ਹਾਂ ਨੇ ਬਰਮਿੰਘਮ ਵਿਚ ਖੇਡੇ ਗਏ ਦੂਜੇ ਟੀ-20 ਵਿਚ ਇਕ ਦੌੜ ਜਦਕਿ ਨਾਟਿੰਘਮ ਵਿਚ ਹੋਏ ਤੀਜੇ ਤੇ ਆਖ਼ਰੀ ਟੀ-20 ਵਿਚ 11 ਦੌੜਾਂ ਬਣਾਈਆਂ ਸਨ। ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਏਸ਼ੀਆ ਕੱਪ ਟੀ-20 ਫਾਰਮੈਟ ਵਿਚ 27 ਅਗਸਤ ਤੋਂ 11 ਸਤੰਬਰ ਤਕ ਖੇਡਿਆ ਜਾਵੇਗਾ। ਕੋਹਲੀ ਪਿਛਲੇ ਕਰੀਬ ਇਕ ਮਹੀਨੇ ਤੋਂ ਮੈਦਾਨ 'ਚੋਂ ਬਾਹਰ ਹਨ। ਇੰਗਲੈਂਡ ਦੌਰੇ ਤੋਂ ਬਾਅਦ ਉਹ ਵੈਸਟਇੰਡੀਜ਼ ਖ਼ਿਲਾਫ਼ ਹੋਈ ਸੀਮਤ ਓਵਰਾਂ ਦੀ ਸੀਰੀਜ਼ ਵਿਚ ਸ਼ਾਮਲ ਨਹੀਂ ਹੋਏ ਸਨ ਤੇ ਉਨ੍ਹਾਂ ਨੇ ਆਰਾਮ ਮੰਗਿਆ ਸੀ। 18 ਅਗਸਤ ਤੋਂ ਜ਼ਿੰਬਾਬਵੇ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਵੀ ਕੋਹਲੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਏਸ਼ੀਆ ਕੱਪ ਨਾ ਸਿਰਫ਼ ਭਾਰਤੀ ਟੀਮ ਬਲਕਿ ਕੋਹਲੀ ਲਈ ਇਕ ਅਹਿਮ ਮੌਕਾ ਸਾਬਤ ਹੋ ਸਕਦਾ ਹੈ। ਕੋਹਲੀ ਇਸ ਟੂਰਨਾਮੈਂਟ ਨਾਲ ਮੈਦਾਨ 'ਤੇ ਵਾਪਸੀ ਕਰਨਗੇ ਤੇ ਸਾਰਿਆਂ ਨੂੰ ਉਮੀਦ ਰਹੇਗੀ ਕਿ ਉਹ ਇਸ ਸਾਬਕਾ ਕਪਤਾਨ ਨੂੰ ਉਸੇ ਰੰਗ ਢੰਗ ਵਿਚ ਦੇਖਣ ਜਿਸ ਲਈ ਕੋਹਲੀ ਹੁਣ ਤਕ ਜਾਣੇ ਜਾਂਦੇ ਰਹੇ ਹਨ। ਏਸ਼ੀਆ ਕੱਪ ਵਿਚ ਧੁਰ ਵਿਰੋਧੀ ਪਾਕਿਸਤਾਨ, ਸੀਲੰਕਾ ਤੇ ਬੰਗਲਾਦੇਸ਼ ਵਰਗੀਆਂ ਟੀਮਾਂ ਨਾਲ ਭਾਰਤ ਦਾ ਮੁਕਾਬਲਾ ਹੋਵੇਗਾ ਤੇ ਇਹ ਤਿੰਨੇ ਹੀ ਟੀਮਾਂ ਟੀ-20 ਵਿਸ਼ਵ ਕੱਪ ਦਾ ਵੀ ਹਿੱਸਾ ਹੋਣਗੀਆਂ। ਇਸ ਕਾਰਨ ਕੋਹਲੀ ਨੂੰ ਏਸ਼ੀਆ ਕੱਪ ਨੂੰ ਇਕ ਮੌਕੇ ਵਾਂਗ ਲੈਣਾ ਪਵੇਗਾ ਜਿਸ ਨਾਲ ਉਹ ਆਪਣੀਆਂ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਆਕਾਰ ਦੇ ਸਕਣ।

ਕੋਹਲੀ ਨਾਲ ਇਕ ਮੁਸ਼ਕਲ ਅਜਿਹੀ ਵੀ ਹੈ ਜੋ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਕੋਹਲੀ ਪਿੱਚ 'ਤੇ ਜ਼ਿਆਦਾ ਦੇਰ ਟਿਕ ਨਹੀਂ ਪਾ ਰਹੇ ਹਨ ਤੇ ਗ਼ਲਤ ਸ਼ਾਟ, ਖ਼ਾਸ ਤੌਰ 'ਤੇ ਚੌਥੇ-ਪੰਜਵੇਂ ਸਟੰਪ 'ਤੇ ਆਉਣ ਵਾਲੀ ਗੇਂਦ ਨੂੰ ਖੇਡ ਕੇ ਲਗਾਤਾਰ ਆਪਣੀ ਵਿਕਟ ਗੁਆ ਰਹੇ ਹਨ। ਜੇ ਉਹ ਸੰਤੁਲਿਤ ਹੋ ਕੇ ਖੇਡਣ ਤੇ ਥੋੜ੍ਹਾ ਧੀਰਜ ਰੱਖਣ ਤਾਂ ਇਸ ਨੂੰ ਵੱਡੀ ਪਾਰੀ ਵਿਚ ਬਦਲ ਸਕਦੇ ਹਨ। ਕੋਹਲੀ ਨੂੰ ਇਸ ਨਾਲ ਹੀ ਆਪਣੀਆਂ ਪਿਛਲੀਆਂ ਗ਼ਲਤੀਆਂ ਤੋਂ ਵੀ ਸਿੱਖਣ ਦੀ ਲੋੜ ਹੈ।

ਵਿਰਾਟ ਨੇ ਏਸ਼ੀਆ ਕੱਪ ਨੂੰ ਦੇਖਦੇ ਹੋਏ ਵੀਰਵਾਰ ਨੂੰ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਕੋਹਲੀ ਨੇ ਇਸੰਟਾਗ੍ਰਾਮ ਰਾਹੀਂ ਟ੍ਰੇਨਿੰਗ ਸੈਸ਼ਨ ਦਾ ਵੀਡੀਓ ਸਾਂਝਾ ਕੀਤਾ। ਇਸ ਵਿਚ ਕੋਹਲੀ ਇੰਡੋਰ ਟ੍ਰੇਨਿੰਗ ਕਰਦੇ ਨਜ਼ਰ ਆ ਰਹੇ ਹਨ। ਕੋਹਲੀ ਵਿਕਟਾਂ ਵਿਚਾਲੇ ਸ਼ਾਰਟ ਸਪਿ੍ਰੰਟ ਕਰਦੇ ਦਿਖਾਈ ਦੇ ਰਹੇ ਹਨ।

Posted By: Gurinder Singh