ਜੰਸੀ, ਨਵੀਂ ਦਿੱਲੀ :ਨਵੀਂ ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਏਅਰ ਕੁਆਲਿਟੀ ਇੰਡੈਕਸ ਲਗਾਤਾਰ ਉਪਰ ਜਾ ਰਿਹਾ ਹੈ। ਜਿਸ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ। ਇਸ ਦੌਰਾਨ ਭਾਰਤ ਅਤੇ ਬੰਗਲਾ ਦੇਸ਼ ਵਿਚ 3 ਨਵੰਬਰ ਐਤਵਾਰ ਨੂੰ ਪਹਿਲਾ ਟੀ20 ਮੈਚ ਖੇਡਿਆ ਜਾਣਾ ਹੈ। ਇਸ ਮਾਮਲੇ ਵਿਚ ਹੁਣ ਟੀਮ ਦੇ ਸਪਿਨਰ ਆਰ ਅਸ਼ਵਿਨ ਨੇ ਦਿੱਲੀ ਵਿਚ ਐਮਰਜੈਂਸੀ ਹਾਲਾਤ ਹੋਣ ਦੀ ਗੱਲ ਕਹੀ ਹੈ।


ਜ਼ਿਕਰਯੋਗ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਭਾਰਤ ਅਤੇ ਬੰਗਲਾ ਦੇਸ਼ ਵਿਚ ਪਹਿਲਾ ਟੀ20 ਮੈਚ ਕਰਵਾਏ ਜਾਣ ਦਾ ਸਸ਼ੋਪੰਜ ਪਿਆ ਹੋਇਆ ਸੀ। ਦੀਵਾਲੀ ਤੋਂ ਬਾਅਦ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਹੋਰ ਗੰਭੀਰ ਸਥਿਤੀ 'ਤੇ ਪਹੁੰਚ ਗਿਆ ਹੈ। ਵਾਤਾਵਰਣ ਮਾਹਿਰ ਅਤੇ ਡਾਕਟਰ ਵੀ ਇਸ ਸਥਿਤੀ ਨੂੰ ਖਤਰਨਾਕ ਮੰਨ ਰਹੇ ਹਨ। ਹਾਲਾਂਕਿ ਬੀਸੀਸੀਆਈ ਨੇ ਮੈਚ ਦੇ ਸਥਾਨ ਨੂੰ ਲੈ ਕੇ ਬਦਲਾਅ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਸ਼ਵਿਨ ਨੇ ਸ਼ਨੀਵਾਰ ਦੀ ਸਵੇਰ ਦਿੱਲੀ ਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੱਡੀ ਗੱਲ ਕਹੀ। ਉਨ੍ਹਾਂ ਮੌਜੂਦਾ ਸਥਿਤੀ ਨੂੰ ਐਮਰਜੈਂਸੀ ਦੀ ਸਥਿਤੀ ਦੱਸਿਆ।

ਅਸ਼ਵਿਨ ਨੇ ਟਵੀਟ 'ਤੇ ਲਿਖਿਆ -ਦਿੱਲੀ ਦੀ ਏਅਰ ਕੁਆਲਿਟੀ ਵਾਕਈ ਡਰਾਉਣੀ ਹੈ। ਇਸ ਗ੍ਰਹਿ 'ਤੇ ਜੀਵਨ ਲਈ ਮਨੁੱਖਾਂ ਨੂੰ ਆਕਸੀਜਨ ਹੀ ਮੁੱਢਲੀ ਲੋੜ ਹੈ। ਇਹ ਅਸਲ ਵਿਚ ਐਮਰਜੈਂਸੀ ਦੇ ਹਾਲਾਤ ਹਨ। ਅਸ਼ਵਿਨ ਸ਼ੁੱਕਰਵਾਰ ਨੂੰ ਰਾਂਚੀ ਵਿਚ ਸਨ। ਉਹ ਦੇਵਧਰ ਟਰਾਫੀ ਵਿਚ ਇੰਡੀਆ ਏ ਲਈ ਖੇਡ ਰਹੇ ਹਨ। ਉਨ੍ਹਾਂ ਦੀ ਟੀਮ ਦੀ ਹਾਰ ਤੋਂ ਬਾਅਦ ਉਹ ਦਿੱਲੀ ਤੋਂ ਹੁੰਦੇ ਹੋਏ ਆਪਣੇ ਘਰ ਗਏ ਸਨ ਪਰ ਦਿੱਲੀ ਦੀ ਸਵੇਰ ਦਾ ਮਾਹੌਲ ਦੇਖ ਕੇ ਟਵੀਟ ਕੀਤਾ।

Posted By: Susheel Khanna