ਜੇਐੱਨਐੱਨ, ਅਹਿਮਦਾਬਾਦ : ਭਾਰਤੀ ਦਿੱਗਜ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਦੀ ਦੂਜੀ ਪਾਰੀ ਵਿਚ ਇਤਿਹਾਸ ਰਚ ਦਿੱਤਾ। ਉਹ ਸਭ ਤੋਂ ਤੇਜ਼ 400 ਵਿਕਟਾਂ ਤਕ ਪੁੱਜਣ ਵਾਲੇ ਦੁਨੀਆ ਦੇ ਦੂਜੇ ਗੇਂਦਬਾਜ਼ ਹਨ। ਉਹ ਇੰਨੀਆਂ ਟੈਸਟ ਵਿਕਟਾਂ ਲੈਣ ਵਾਲੇ ਚੌਥੇ ਭਾਰਤੀ ਹਨ। ਅਸ਼ਵਿਨ ਨੇ 77 ਮੈਚਾਂ ਵਿਚ 400 ਵਿਕਟਾਂ ਦਾ ਅੰਕੜਾ ਛੂਹਿਆ ਜਦਕਿ ਸ੍ਰੀਲੰਕਾ ਦੇ ਮੁਥਈਆ ਮੁਰਲੀਧਰਨ ਨੇ ਸਿਰਫ਼ 72 ਮੈਚਾਂ ਵਿਚ ਇੱਥੇ ਤਕ ਦਾ ਸਫ਼ਰ ਪੂਰਾ ਕੀਤਾ ਸੀ। ਉਹ 400 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤ ਦੇ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਭਾਰਤ ਲਈ ਅਨਿਲ ਕੁੰਬਲੇ ਨੇ 85 ਟੈਸਟ ਮੈਚਾਂ ਵਿਚ ਇਹ ਕਾਰਨਾਮਾ ਕੀਤਾ ਸੀ। ਅਸ਼ਵਿਨ ਟੈਸਟ ਮੈਚਾਂ ਵਿਚ 400 ਵਿਕਟਾਂ ਲੈਣ ਵਾਲੇ ਦੁਨੀਆ ਦੇ 16ਵੇਂ ਤੇ ਭਾਰਤ ਦੇ ਚੌਥੇ ਗੇਂਦਬਾਜ਼ ਬਣ ਗਏ ਹਨ। ਉਹ ਛੇਵੇਂ ਸਪਿੰਨਰ ਹਨ ਜਿਨ੍ਹਾਂ ਨੇ ਟੈਸਟ ਮੈਚਾਂ ਵਿਚ 400 ਵਿਕਟਾਂ ਲਈਆਂ ਹਨ। ਭਾਰਤ ਵੱਲੋਂ ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ (619), ਕਪਿਲ ਦੇਵ (434) ਤੇ ਹਰਭਜਨ ਸਿੰਘ (417) ਇਸ ਮੁਕਾਮ 'ਤੇ ਪੁੱਜੇ ਸਨ। ਅਸ਼ਵਿਨ ਤੋਂ ਪਹਿਲਾਂ ਇਹ ਉਪਲੱਬਧੀ ਹਾਸਲ ਕਰਨ ਵਾਲੇ ਸਪਿੰਨਰਾਂ ਵਿਚ ਮੁਥਈਆ ਮੁਰਲੀਧਰਨ (800), ਸ਼ੇਨ ਵਾਰਨ (708), ਕੁੰਬਲੇ, ਰੰਗਨਾ ਹੇਰਾਥ (433) ਤੇ ਹਰਭਜਨ ਸਿੰਘ ਸ਼ਾਮਲ ਹਨ। ਇਸ ਨਾਲ ਉਨ੍ਹਾਂ ਨੇ 600 ਅੰਤਰਰਾਸ਼ਟਰੀ ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ।

Posted By: Susheel Khanna