ਹੋਬਾਰਟ (ਏਪੀ) : ਟ੍ਰੇਨਿਵ ਹੈੱਡ ਦੇ ਸੈਂਕੜੇ ਦੀ ਮਦਦ ਨਾਲ ਆਸਟ੍ਰੇਲੀਆ ਨੇ ਤਿੰਨ ਵਿਕਟਾਂ 'ਤੇ 12 ਦੌੜਾਂ ਦੀ ਬਹੁਤ ਖ਼ਰਾਬ ਸ਼ੁਰੂਆਤ ਤੋਂ ਬਾਅਦ ਇੰਗਲੈਂਡ ਦੇ ਖ਼ਿਲਾਫ਼ ਪੰਜਵੇਂ ਤੇ ਆਖ਼ਰੀ ਐਸ਼ੇਜ਼ ਟੈਸਟ ਮੈਚ ਦੇ ਬਾਰਿਸ਼ ਨਾਲ ਪ੍ਰਭਾਵਿਤ ਪਹਿਲੇ ਦਿਨ ਸ਼ੁੱਕਰਵਾਰ ਨੂੰ ਇੱਥੇ ਛੇ ਵਿਕਟਾਂ 'ਤੇ 241 ਦੌੜਾਂ ਬਣਾਈਆਂ। ਬਿ੍ਸਬੇਨ ਵਿਚ ਪਹਿਲੇ ਟੈਸਟ ਮੈਚ ਵਿਚ 152 ਦੌੜਾਂ ਬਣਾਉਣ ਵਾਲੇ ਹੈੱਡ ਨੇ 113 ਗੇਂਦਾਂ 'ਚ 101 ਦੌੜਾਂ ਦੀ ਹਮਲਾਵਰ ਪਾਰੀ ਖੇਡ ਕੇ ਇੰਗਲੈਂਡ ਨੂੰ ਇਸ ਡੇ-ਨਾਈਟ ਮੈਚ ਵਿਚ ਸ਼ੁਰੂਆਤੀ ਕਾਮਯਾਬੀ ਦਾ ਫ਼ਾਇਦਾ ਨਹੀਂ ਉਠਾਉਣ ਦਿੱਤਾ। ਕੈਮਰੂਨ ਗ੍ਰੀਨ ਨੇ ਵੀ 74 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ। ਮਾਰਨਸ ਲਾਬੂਸ਼ਾਨੇ ਨੇ 54 ਦੌੜਾਂ ਬਣਾਈਆਂ।

ਹੈੱਡ ਤੇ ਗ੍ਰੀਨ ਨੇ ਪੰਜਵੀਂ ਵਿਕਟ ਲਈ 121 ਦੌੜਾਂ ਦੀ ਭਾਈਵਾਲੀ ਕੀਤੀ। ਚਾਹ ਦੇ ਆਰਾਮ ਤੋਂ ਅੱਧੇ ਘੰਟੇ ਬਾਅਦ ਬਾਰਿਸ਼ ਕਾਰਨ ਦਿਨ ਵਿਚ ਅੱਗੇ ਦੀ ਖੇਡ ਨਹੀਂ ਹੋ ਸਕੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਫ਼ੈਸਲੇ ਤੋਂ ਬਾਅਦ ਹੈੱਡ ਨੇ 10ਵੇਂ ਓਵਰ ਵਿਚ ਜਦ ਕ੍ਰੀਜ਼ 'ਤੇ ਕਦਮ ਰੱਖਿਆ ਤਦ ਤਕ ਡੇਵਿਡ ਵਾਰਨਰ (00), ਉਸਮਾਨ ਖਵਾਜਾ (06) ਤੇ ਸਟੀਵ ਸਮਿਥ (00) ਪਵੇਲੀਅਨ ਮੁੜ ਚੁੱਕੇ ਸਨ। ਗੇਂਦਬਾਜ਼ਾਂ ਲਈ ਢੁੱਕਵੀਂ ਦਿਖ ਰਹੀ ਵਿਕਟ 'ਤੇ ਓਲੀ ਰਾਬਨਿਸਨ (2/24) ਤੇ ਸਟੂਅਰਟ ਬਰਾਡ (2/48) ਨੇ ਆਸਟ੍ਰੇਲੀਆ ਨੂੰ ਮੁਖ ਤੌਰ 'ਤੇ ਨੁਕਸਾਨ ਪਹੁੰਚਾਇਆ। ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਸਿਡਨੀ ਟੈਸਟ ਵਿਚ ਨਹੀਂ ਖੇਡ ਸਕਣ ਵਾਲੇ ਹੈੱਡ ਨੇ ਪਹਿਲਾਂ ਲਾਬੂਸ਼ਾਨੇ ਨਾਲ 71 ਦੌੜਾਂ ਦੀ ਭਾਈਵਾਲੀ ਕਰ ਕੇ ਸਥਿਤੀ ਸੰਭਾਲੀ। ਲਾਬੂਸ਼ਾਨੇ ਨੇ ਜਦ ਖ਼ਾਤਾ ਵੀ ਨਹੀਂ ਖੋਲਿ੍ਹਆ ਸੀ ਤਦ ਜੈਕ ਕ੍ਰਾਉਲੇ ਨੇ ਦੂਜੀ ਸਲਿਪ ਵਿਚ ਉਨ੍ਹਾਂ ਦਾ ਕੈਚ ਛੱਡਿਆ ਜੋ ਇੰਗਲੈਂਡ ਨੂੰ ਮਹਿੰਗਾ ਪਿਆ। ਲਾਬੂਸ਼ਾਨੇ ਨੇ ਕ੍ਰਿਸ ਵੋਕਸ (1/50) ਤੇ ਮਾਰਕ ਵੁਡ (1/79) 'ਤੇ ਕੁਝ ਚੰਗੇ ਸ਼ਾਟ ਲਾਏ ਪਰ ਬਰਾਡ ਦੀ ਗੇਂਦ ਨੂੰ ਏਕ੍ਰਾਸ ਦ ਲਾਈਨ ਖੇਡਣ ਦੀ ਕੋਸ਼ਿਸ਼ ਵਿਚ ਉਹ ਤਿਲਕ ਗਏ ਤੇ ਬੋਲਡ ਹੋ ਗਏ।

ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਚੁੱਕੈ ਆਸਟ੍ਰੇਲੀਆ :

ਦੂਜੇ ਸੈਸ਼ਨ ਵਿਚ ਹੈੱਡ ਤੇ ਗ੍ਰੀਨ ਨੇ ਵਿਕਟਾਂ ਦੇ ਦੋਵਾਂ ਪਾਸੇ ਕੁਝ ਚੰਗੇ ਸ਼ਾਟ ਲਾਏ। ਹੈੱਡ ਨੇ ਸੈਂਕੜਾ ਪੂਰਾ ਕਰਨ ਤੋਂ ਬਾਅਦ ਵੋਕਸ ਦੀ ਗੇਂਦ 'ਤੇ ਮਿਡਆਨ 'ਤੇ ਕੈਚ ਦਿੱਤਾ। ਉਨ੍ਹਾਂ ਨੇ ਆਪਣੀ ਪਾਰੀ ਵਿਚ 12 ਚੌਕੇ ਲਾਏ। ਗ੍ਰੀਨ ਨੇ ਵੁਡ ਦੀ ਗੇਂਦ 'ਤੇ ਆਉਟ ਹੋਣ ਤੋਂ ਪਹਿਲਾਂ 109 ਗੇਂਦਾਂ ਖੇਡੀਆਂ ਤੇ ਅੱਠ ਚੌਕੇ ਲਾਏ। ਦਿਨ ਦੀ ਖੇਡ ਖ਼ਤਮ ਹੋਣ ਦੇ ਸਮੇਂ ਐਲੇਕਸ ਕੈਰੀ 10 ਦੌੜਾਂ 'ਤੇ ਖੇਡ ਰਹੇ ਸਨ ਜਦਕਿ ਮਿਸ਼ੇਲ ਸਟਾਰਕ ਨੇ ਅਜੇ ਖ਼ਾਤਾ ਖੋਲ੍ਹਣਾ ਹੈ। ਆਸਟ੍ਰੇਲੀਆ ਪਹਿਲੇ ਤਿੰਨ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਚੁੱਕਾ ਹੈ। ਸਿਡਨੀ ਵਿਚ ਖੇਡਿਆ ਗਿਆ ਚੌਥਾ ਟੈਸਟ ਡਰਾਅ ਰਿਹਾ ਸੀ।