ਲੰਡਨ (ਏਐੱਫਪੀ) : ਬਰਮਿੰਘਮ ਵਿਚ ਖੇਡੇ ਗਏ ਐਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਮੈਚ ਵਿਚ ਆਸਟ੍ਰੇਲੀਆ ਹੱਥੋਂ 251 ਦੌੜਾਂ ਨਾਲ ਮਾਤ ਖਾਣ ਵਾਲੀ ਇੰਗਲੈਂਡ ਦੀ ਟੀਮ ਬੁੱਧਵਾਰ ਤੋਂ ਲਾਰਡਜ਼ ਮੈਦਾਨ 'ਤੇ ਸ਼ੁਰੂ ਹੋ ਰਹੇ ਦੂਜੇ ਮੈਚ ਵਿਚ ਵਾਪਸੀ ਦੀ ਉਮੀਦ ਨਾਲ ਉਤਰੇਗੀ। ਮੈਚ ਤੋਂ ਪਹਿਲਾਂ ਹਾਲਾਂਕਿ ਇੰਗਲੈਂਡ ਨੂੰ ਇਕ ਝਟਕਾ ਲੱਗਾ ਹੈ ਕਿਉਂਕਿ ਜੇਮਜ਼ ਐਂਡਰਸਨ ਸੱਟ ਕਾਰਨ ਇਸ ਮੈਚ ਵਿਚ ਨਹੀਂ ਉਤਰਨਗੇ। ਐਂਡਰਸਨ ਦੇ ਨਾ ਹੋਣ ਤੇ ਆਸਟ੍ਰੇਲੀਆਈ ਬੱਲੇਬਾਜ਼ਾਂ ਦੀ ਬਿਹਤਰੀਨ ਲੈਅ ਤੋਂ ਬਾਅਦ ਵੀ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਯਕੀਨ ਹੈ ਕਿ ਟੀਮ ਵਾਪਸੀ ਕਰ ਸਕਦੀ ਹੈ। ਐਂਡਰਸਨ ਦੇ ਸਥਾਨ 'ਤੇ ਨੌਜਵਾਨ ਜੋਫਰਾ ਆਰਚਰ ਨੂੰ ਟੈਸਟ ਸ਼ੁਰੂਆਤ ਦਾ ਮੌਕਾ ਮਿਲ ਸਕਦਾ ਹੈ। ਆਰਚਰ ਨੇ ਵਿਸ਼ਵ ਕੱਪ ਵਿਚ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਸੀ ਤੇ ਉਮੀਦ ਹੋਵੇਗੀ ਕਿ ਉਹ ਸਟੀਵ ਸਮਿਥ ਦੀ ਅਗਵਾਈ ਵਾਲੇ ਆਸਟ੍ਰੇਲੀਆਈ ਬੱਲੇਬਾਜ਼ੀ ਹਮਲੇ ਨੂੰ ਰੋਕ ਸਕਣਗੇ। ਇੰਗਲੈਂਡ ਦੇ ਸਹਾਇਕ ਕੋਚ ਪਾਲ ਕੋਲਿੰਗਵੁਡ ਨੇ ਹਾਲਾਂਕਿ ਕਿਹਾ ਕਿ ਟੀਮ ਸਿਰਫ਼ ਆਰਚਰ ਦੇ ਭਰੋਸੇ ਨਹੀਂ ਰਹਿ ਸਕਦੀ।

ਆਤਮਵਸ਼ਿਵਾਸ ਨਾਲ ਭਰੀ ਆਸਟ੍ਰੇਲੀਆਈ ਟੀਮ

ਦੂਜੇ ਪਾਸੇ ਆਸਟ੍ਰੇਲੀਆਈ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ। ਬਰਮਿੰਘਮ 'ਚ ਉਸ ਨੇ ਖ਼ਰਾਬ ਸ਼ੁਰੂਆਤ ਤੋਂ ਬਾਹਰ ਨਿਕਲਦੇ ਹੋਏ ਜਿੱਤ ਹਾਸਲ ਕੀਤੀ ਸੀ। ਇਸ ਮੈਚ ਵਿਚ ਉਹ ਆਪਣੀ ਬੜ੍ਹਤ ਨੂੰ ਦੁੱਗਣਾ ਕਰਨਾ ਚਾਹੇਗੀ। ਪਿਛਲੇ ਮੈਚ ਵਿਚ ਸਿਰਫ਼ ਸਟੀਵ ਸਮਿਥ ਹੀ ਨਹੀਂ ਸੀ ਜੋ ਚਮਕੇ ਸਨ ਬਲਕਿ ਉਨ੍ਹਾਂ ਤੋਂ ਇਲਾਵਾ ਮੈਥਿਊ ਵੇਡ ਨੇ ਵੀ ਸੈਂਕੜਾ ਲਾਇਆ ਸੀ। ਉਥੇ ਗੇਂਦਬਾਜ਼ੀ ਵਿਚ ਨਾਥਨ ਲਿਓਨ ਨੇ ਕਮਾਲ ਦਿਖਾ ਕੇ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ ਸੀ।

ਦੂਜੇ ਐਸ਼ੇਜ਼ ਟੈਸਟ ਲਈ ਖਿਡਾਰੀ

ਆਸਟ੍ਰੇਲੀਆ :

ਟਿਮ ਪੇਨ (ਕਪਤਾਨ), ਡੇਵਿਡ ਵਾਰਨਰ, ਕੈਮਰਨ ਬੇਨਕ੍ਰਾਫਟ, ਉਸਮਾਨ ਖਵਾਜਾ, ਸਟੀਵ ਸਮਿਥ, ਟ੍ਰੇਵਿਸ ਹੈਡ, ਮੈਥਿਊ ਵੇਡ, ਪੈਟ ਕਮਿੰਸ, ਮਿਸ਼ੇਲ ਸਟਾਰਕ, ਪੀਟਰ ਸਿਡਲ, ਨਾਥਨ ਲਿਓਨ, ਜੋਸ਼ ਹੇਜ਼ਲਵੁਡ।

ਇੰਗਲੈਂਡ :

ਜੋ ਰੂਟ (ਕਪਤਾਨ), ਜੋਫਰਾ ਆਰਚਰ, ਜਾਨੀ ਬੇਰਸਟੋ, ਸਟੂਅਰਟ ਬਰਾਡ, ਰੋਰੀ ਬਰਨਜ਼, ਜੋਸ ਬਟਲਰ, ਸੈਮ ਕੁਰਨ, ਜੋ ਡੇਨਲੇ, ਜੈਕ ਲੀਚ, ਜੇਸਨ ਰਾਏ, ਬੇਨ ਸਟੋਕਸ, ਕ੍ਰਿਸ ਵੋਕਸ

ਸਟਾਰਕ ਨੂੰ ਅਗਲੇ ਟੈਸਟ 'ਚ ਚਾਹੁੰਦੇ ਨੇ ਜਾਨਸਨ

ਲੰਡਨ : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਲਾਰਡਜ਼ ਵਿਚ ਹੋਣ ਵਾਲੇ ਅਗਲੇ ਟੈਸਟ ਮੈਚ ਵਿਚ ਜੇਮਜ਼ ਪੈਟੀਂਸਨ ਦੀ ਥਾਂ ਮਿਸ਼ੇਲ ਸਟਾਰਕ ਨੂੰ ਆਖ਼ਰੀ-11 ਵਿਚ ਦੇਖਣਾ ਚਾਹੁੰਦੇ ਹਨ। ਜਾਨਸਨ ਨੇ ਕਿਹਾ ਸਟਾਰਕ ਬਹੁਤ ਉਪਯੋਗੀ ਹਨ ਇਸ ਲਈ ਮੈਂ ਸਟਾਰਕ ਨੂੰ ਟੀਮ 'ਚ ਚੁਣਾਂਗਾ ਤੇ ਪੈਂਟੀਸਨ ਨੂੰ ਬਾਹਰ ਰੱਖਾਂਗਾ।

ਸਿਰਫ਼ ਆਰਚਰ ਦੇ ਭਰੋਸੇ ਨਹੀਂ ਰਹਿ ਸਕਦੇ : ਪਾਲ

ਲੰਡਨ : ਇੰਗਲੈਂਡ ਕ੍ਰਿਕਟ ਟੀਮ ਦੇ ਸਹਾਇਕ ਕੋਚ ਪਾਲ ਕੋਲਿੰਗਵੁਡ ਦਾ ਮੰਨਣਾ ਹੈ ਕਿ ਕਪਤਾਨ ਜੋ ਰੂਟ ਤੇ ਉਨ੍ਹਾਂ ਦੀ ਟੀਮ ਨੂੰ ਤੇਜ਼ ਗੇਂਦਬਾਜ਼ ਜੋਫਰਾ ਆਰਚਰ 'ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੀਦਾ ਹੈ ਤੇ ਨਾ ਹੀ ਉਨ੍ਹਾਂ 'ਤੇ ਜ਼ਿਆਦਾ ਯਕੀਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਪੂਰਾ ਗੇਂਦਬਾਜ਼ੀ ਹਮਲਾ ਬਹੁਤ ਚੰਗਾ ਹੈ।

ਕੋਚ ਲੈਂਗਰ ਨੂੰ ਵਾਰਨਰ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ

ਲੰਡਨ : ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਨੂੰ ਉਮੀਦ ਹੈ ਕਿ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਬੁੱਧਵਾਰ ਤੋਂ ਲਾਰਡਜ਼ 'ਚ ਸ਼ੁਰੂ ਹੋਣ ਵਾਲੇ ਦੂਜੇ ਐਸ਼ੇਜ਼ ਟੈਸਟ ਵਿਚ ਟੀਮ ਲਈ ਦੌੜਾਂ ਬਣਾਉਣਗੇ। ਇਕ ਸਾਲ ਦੀ ਪਾਬੰਦੀ ਤੋਂ ਬਾਅਦ ਟੀਮ ਵਿਚ ਮੁੜੇ ਵਾਰਨਰ ਨੇ ਬਰਮਿੰਘਮ ਵਿਚ ਪਹਿਲੇ ਟੈਸਟ ਵਿਚ ਸਿਰਫ਼ 10 ਦੌੜਾਂ ਬਣਾਈਆਂ ਸਨ।