ਹੋਬਾਰਟ (ਪੀਟੀਆਈ) : ਆਸਟ੍ਰੇਲੀਆ ਨੇ ਇੱਥੇ ਪੰਜਵੇਂ ਟੈਸਟ ਮੈਚ ਨੂੰ ਦੋ ਦਿਨ ਬਾਕੀ ਰਹਿੰਦੇ ਐਤਵਾਰ ਨੂੰ 146 ਦੌੜਾਂ ਨਾਲ ਜਿੱਤ ਕੇ ਐਸ਼ੇਜ਼ ਸੀਰੀਜ਼ ਵਿਚ ਇੰਗਲੈਂਡ ਨੂੰ 4-0 ਦੇ ਚੰਗੇ ਫ਼ਰਕ ਨਾਲ ਪਛਾੜ ਦਿੱਤਾ। ਇੰਗਲੈਂਡ ਨੂੰ ਚੌਥੀ ਪਾਰੀ ਵਿਚ ਜਿੱਤ ਲਈ 271 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਪਹਿਲੀ ਵਿਕਟ ਲਈ ਜੈਕ ਕ੍ਰਾਲੇ (36) ਤੇ ਰਾਰੀ ਬਰਨਜ਼ (26) ਵਿਚਾਲੇ 68 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ ਟੀਮ ਦਿਨ ਦੇ ਆਖ਼ਰੀ ਸੈਸ਼ਨ ਵਿਚ 124 ਦੌੜਾਂ 'ਤੇ ਆਊਟ ਹੋ ਗਈ। ਇੰਗਲੈਂਡ ਨੇ 56 ਦੌੜਾਂ ਅੰਦਰ ਸਾਰੀਆਂ 10 ਵਿਕਟਾਂ ਗੁਆਈਆਂ। ਤੇਜ਼ ਗੇਂਦਬਾਜ਼ ਸਕਾਟ ਬੋਲੈਂਡ (3/18) ਤੇ ਕੈਮਰੂਨ ਗ੍ਰੀਨ (3/21) ਆਪਣੀ ਪਹਿਲੀ ਐਸ਼ੇਜ਼ ਸੀਰੀਜ਼ ਵਿਚ ਅਸਰ ਛੱਡਣ ਵਿਚ ਕਾਮਯਾਬ ਰਹੇ। ਦੋਵਾਂ ਨੇ ਘਾਹ ਵਾਲੀ ਪਿੱਚ 'ਤੇ ਛੇ ਵਿਕਟਾਂ ਸਾਂਝੀਆਂ ਕਰ ਕੇ ਤੀਜੇ ਦਿਨ ਹੀ ਮੈਚ ਆਸਟ੍ਰੇਲੀਆ ਦੇ ਨਾਂ ਕਰ ਦਿੱਤਾ। ਇੰਗਲੈਂਡ ਦੀ ਪਹਿਲੀ ਪਾਰੀ ਵੀ ਸਿਰਫ਼ 188 ਦੌੜਾਂ 'ਤੇ ਸਿਮਟ ਗਈ ਸੀ।

ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿਚ 303 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਵੀ 42 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਤੀਜੇ ਦਿਨ ਕੁੱਲ 17 ਵਿਕਟਾਂ ਡਿੱਗੀਆਂ। ਆਸਟ੍ਰੇਲੀਆ ਲਈ ਪਹਿਲੀ ਪਾਰੀ ਵਿਚ 101 ਦੌੜਾਂ ਬਣਾਉਣ ਵਾਲੇ ਟ੍ਰੈਵਿਸ ਹੈੱਡ ਮੈਨ ਆਫ ਦ ਮੈਚ ਰਹੇ। ਉਹ ਸੀਰੀਜ਼ ਦੇ ਸਰਬੋਤਮ ਖਿਡਾਰੀ (357 ਦੌੜਾਂ) ਵੀ ਚੁਣੇ ਗਏ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮਾਰਗ ਵੁਡ ਨੇ ਆਪਣੇ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ 37 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਜਿਸ ਨਾਲ ਇੰਗਲੈਂਡ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ ਨੂੰ 155 ਦੌੜਾਂ 'ਤੇ ਸਮੇਟ ਦਿੱਤਾ। ਆਸਟ੍ਰੇਲੀਆ ਨੇ ਇਸ ਡੇ-ਨਾਈਟ ਟੈਸਟ ਮੈਚ ਦੇ ਤੀਜੇ ਦਿਨ ਤਿੰਨ ਵਿਕਟਾਂ 'ਤੇ 37 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਵੁਡ ਨੇ ਨਾਈਟ ਵਾਚਮੈਨ ਸਕਾਟ ਬੋਲੈਂਡ (08), ਤਜਰਬੇਕਾਰ ਸਟੀਵ ਸਮਿਥ (27) ਤੇ ਪਹਿਲੀ ਪਾਰੀ 'ਚ ਸੈਂਕੜਾ ਲਾਉਣ ਵਾਲੇ ਟ੍ਰੈਵਿਸ ਹੈੱਡ (08) ਨੂੰ ਆਊਟ ਕਰ ਕੇ ਸਕੋਰ ਛੇ ਵਿਕਟਾਂ 'ਤੇ 63 ਦੌੜਾਂ ਕਰ ਦਿੱਤਾ। ਇਸ ਤੋਂ ਬਾਅਦ ਐਲੇਕਸ ਕੈਰੀ (49) ਕੇ ਕੈਮਰੂਨ ਗ੍ਰੀਨ (23) ਨੇ 49 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ ਕੀਤੀ। ਸਟੂਅਰਟ ਬਰਾਡ (2/42) ਨੇ ਗ੍ਰੀਨ ਨੂੰ ਲੱਤ ਅੜਿੱਕਾ ਆਊਟ ਕਰ ਕੇ ਇਹ ਭਾਈਵਾਲੀ ਤੋੜੀ। ਵੁਡ ਨੇ ਮਿਸ਼ੇਲ ਸਟਾਰਕ (00) ਨੂੰ ਫਾਰਵਰਡ ਸ਼ਾਰਟ ਲੈੱਗ 'ਤੇ ਕੈਚ ਕਰਵਾ ਕੇ ਆਪਣਾ ਪੰਜਵਾਂ ਵਿਕਟ ਹਾਸਲ ਕੀਤਾ। ਬਰਾਡ ਨੇ ਕੈਰੀ ਨੂੰ ਅਰਧ ਸੈਂਕੜਾ ਪੂਰਾ ਨਹੀਂ ਕਰ ਦਿੱਤਾ ਜਦਕਿ ਵੁਡ ਨੇ ਕਪਤਾਨ ਪੈਟ ਕਮਿੰਸ (13) ਨੂੰ ਬੋਲਡ ਕਰ ਕੇ ਆਸਟ੍ਰੇਲਿਆਈ ਪਾਰੀ ਦਾ ਅੰਤ ਕੀਤਾ। ਇੰਗਲੈਂਡ ਦੀ ਟੀਮ ਸ਼ੁਰੂਆਤੀ ਤਿੰਨ ਮੈਚ ਹਾਰ ਕੇ ਪਹਿਲਾਂ ਹੀ ਸੀਰੀਜ਼ ਗੁਆ ਚੁੱਕੀ ਸੀ। ਸਿਡਨੀ ਵਿਚ ਖੇਡਿਆ ਗਿਆ ਚੌਥਾ ਮੈਚ ਡਰਾਅ ਰਿਹਾ ਸੀ।