ਨਵੀਂ ਦਿੱਲੀ (ਜੇਐੱਨਐੱਨ) : ਮਹਿੰਦਰ ਸਿੰਘ ਧੋਨੀ ਦੇ ਮਿੱਤਰ ਤੇ ਵਪਾਰਕ ਭਾਈਵਾਲ ਅਰੁਣ ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਭਾਰਤੀ ਵਿਕਟਕੀਪਰ ਬੱਲੇਬਾਜ਼ ਦੀ ਅਜੇ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ ਚਾਹੇ ਹੀ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਿਆਸ ਅਰਾਈਆਂ ਚੱਲ ਰਹੀਆਂ ਹੋਣ। ਭਾਰਤ ਦੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰਨ ਤੋਂ ਬਾਅਦ ਧੋਨੀ ਦੇ ਭਵਿੱਖ ਨੂੰ ਲੈ ਕੇ ਕਿਆਸ ਅਰਾਈਆਂ ਵਧ ਗਈਆਂ ਹਨ। ਪਾਂਡੇ ਨੇ ਕਿਹਾ ਕਿ ਉਨ੍ਹਾਂ ਦੀ ਅਜੇ ਤੁਰੰਤ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਵਰਗੇ ਖਿਡਾਰੀ ਦੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਕਿਆਸ ਅਰਾਈਆਂ ਚੰਗੀਆਂ ਨਹੀਂ। ਪਾਂਡੇ ਦੀ ਇਹ ਪ੍ਰਤੀਕਿਰਿਆ ਐਤਵਾਰ ਨੂੰ ਵੈਸਟਇੰਡੀਜ਼ ਦੌਰੇ ਲਈ ਟੀਮ ਚੋਣ ਤੋਂ ਪਹਿਲਾਂ ਆਈ ਹੈ। ਪਾਂਡੇ ਲੰਬੇ ਸਮੇਂ ਤੋਂ ਧੋਨੀ ਨਾਲ ਜੁੜੇ ਹੋਏ ਹਨ ਤੇ ਖੇਡ ਮੈਨੇਜਮੈਂਟ ਕੰਪਨੀ ਰਿਤੀ ਸਪੋਰਟਸ ਦੇ ਸੰਚਾਲਕ ਤੋਂ ਇਲਾਵਾ ਉਨ੍ਹਾਂ ਦੇ ਵਪਾਰਕ ਮਾਮਲਿਆਂ ਨੂੰ ਵੀ ਦੇਖਦੇ ਹਨ। ਵਿਸ਼ਵ ਕੱਪ ਤੋਂ ਬਾਅਦ ਚੋਣਕਾਰ ਭਵਿੱਖ ਬਾਰੇ ਸੋਚ ਰਹੇ ਹਨ ਤੇ ਇਸ ਕਾਰਨ 38 ਸਾਲ ਦਾ ਖਿਡਾਰੀ ਟੀਮ ਵਿਚ ਪਹਿਲੀ ਪਸੰਦ ਨਹੀਂ ਹੋਵੇਗਾ। ਉਨ੍ਹਾਂ ਦੇ ਕਈ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਹ ਖੇਡਣਾ ਜਾਰੀ ਰੱਖਣ ਪਰ ਕੁਝ ਬੱਲੇਬਾਜ਼ ਵਜੋਂ ਉਨ੍ਹਾਂ ਦੀ ਕਾਬਲੀਅਤ 'ਤੇ ਸਵਾਲ ਉਠਾ ਰਹੇ ਹਨ। ਧੋਨੀ ਦੀ ਕਪਤਾਨੀ ਵਿਚ ਭਾਰਤ ਨੇ ਆਈਸੀਸੀ ਟੂਰਨਾਮੈਂਟਾਂ ਵਨ ਡੇ ਵਿਸ਼ਵ ਕੱਪ, ਵਿਸ਼ਵ ਟੀ-20 ਤੇ ਚੈਂਪੀਅਨਜ਼ ਟਰਾਫੀ ਵਿਚ ਜਿੱਤ ਦਰਜ ਕੀਤੀ ਹੈ।