ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਖ਼ਜ਼ਾਨਚੀ ਅਰੁਣ ਧੂਮਲ ਨੇ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਦਾਅਵੇ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਬੋਰਡ ਨੇ ਅਗਸਤ ਵਿਚ ਦੱਖਣੀ ਅਫਰੀਕਾ ਦਾ ਦੌਰਾ ਕਰਨ ਨੂੰ ਲੈ ਕੇ ਕੋਈ ਵਚਨਬੱਧਤਾ ਨਹੀਂ ਜ਼ਾਹਰ ਕੀਤੀ ਹੈ, ਸਿਰਫ਼ ਇਸ ਦੀਆਂ ਸੰਭਾਵਨਾਵਾਂ 'ਤੇ ਗੱਲਬਾਤ ਹੋਈ ਹੈ। ਸੀਐੱਸਏ ਦੇ ਡਾਇਰੈਕਟਰ ਗ੍ਰੀਮ ਸਮਿਥ ਤੇ ਮੁੱਖ ਕਾਰਜਕਾਰੀ ਜਾਕ ਪਾਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਬੀਸੀਸੀਆਈ ਨੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਦੱਖਣੀ ਅਫਰੀਕਾ ਦੇ ਦੌਰੇ ਲਈ ਹਾਮੀ ਭਰ ਦਿੱਤੀ ਹੈ ਪਰ ਧੂਮਲ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਨਕਾਰ ਦਿੱਤਾ। ਧੂਮਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਜਦ ਦੱਖਣੀ ਅਫਰੀਕਾ ਦਾ ਦੌਰਾ ਰੱਦ ਹੋ ਗਿਆ ਤਾਂ ਅਸੀਂ ਕਿਹਾ ਸੀ ਕਿ ਭਾਰਤੀ ਟੀਮ ਦੱਖਣੀ ਅਫਰੀਕਾ ਦਾ ਦੌਰਾ ਕਰਨ ਦੀ ਕੋਸ਼ਿਸ਼ ਕਰੇਗੀ। ਅਸੀਂ ਹਾਲਾਂਕਿ ਕਦੀ ਵੀ ਅਗਸਤ ਵਿਚ ਦੌਰਾ ਕਰਨ ਨੂੰ ਲੈ ਕੇ ਕੋਈ ਵਚਨਬੱਧਤਾ ਨਹੀਂ ਜ਼ਾਹਰ ਕੀਤੀ ਹੈ। ਬੀਸੀਸੀਆਈ ਦੇ ਇਕ ਸੀਨੀਅਰ ਅਹੁਦੇਦਾਰ ਨੇ ਸਪੱਸ਼ਟ ਕੀਤਾ ਕਿ ਜਦ ਤਕ ਸਰਕਾਰ ਅੰਤਰਰਾਸ਼ਟਰੀ ਯਾਤਰਾ ਨੂੰ ਮਨਜ਼ੂਰੀ ਨਹੀਂ ਦਿੰਦੀ, ਬੀਸੀਸੀਆਈ ਕਿਸੇ ਵੀ ਦੇਸ਼ ਨਾਲ ਵਚਨਬੱਧਤਾ ਕਰਨ ਦੀ ਸਥਿਤੀ ਵਿਚ ਨਹੀਂ ਹੋਵੇਗੀ। ਧੂਮਲ ਨੇ ਕਿਹਾ ਕਿ ਅਜੇ, ਅਸੀਂ ਇਹ ਵੀ ਨਹੀਂ ਕਹਿ ਸਕਦੇ ਹਾਂ ਕਿ ਅਸੀਂ ਜੁਲਾਈ ਵਿਚ ਸ੍ਰੀਲੰਕਾ ਤੇ ਫਿਰ ਜ਼ਿੰਬਾਬਵੇ (ਟੀ-20 ਸੀਰੀਜ਼) ਲਈ ਟੀਮ ਭੇਜ ਸਕਦੇ ਹਾਂ ਜਾਂ ਨਹੀਂ। ਇਹ ਦੋਵੇਂ ਦੌਰੇ ਸਾਡੇ ਐੱਫਟੀਪੀ ਪ੍ਰੋਗਰਾਮ ਦਾ ਹਿੱਸਾ ਹਨ। ਸਾਨੂੰ ਅਜੇ ਇਹ ਵੀ ਨਹੀਂ ਪਤਾ ਹੈ ਕਿ ਦੋ ਮਹੀਨੇ ਬਾਅਦ ਹਾਲਾਤ ਕੀ ਹੋਣਗੇ। ਇਸ ਕਾਰਨ ਦੱਖਣੀ ਅਫਰੀਕੀ ਦੌਰੇ ਲਈ ਕਿਵੇਂ ਵਚਨਬੱਧ ਹੋ ਸਕਦੇ ਹਾਂ? ਧੂਮਲ ਨਾਲ ਜਦ ਸੀਐੱਸਏ ਦੇ ਕ੍ਰਿਕਟ ਡਾਇਰੈਕਟਰ ਸੌਰਵ ਗਾਂਗੁਲੀ ਦੇ ਆਈਸੀਸੀ ਪ੍ਰਧਾਨ ਦੇ ਅਹੁਦੇ ਲਈ ਸਮਰਥਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਕੋਈ ਭਾਰਤੀ ਇਸ ਅਹੁਦੇ 'ਤੇ ਹੋਵੇਗਾ ਤਾਂ ਇਹ ਵਿਸ਼ਵ ਕ੍ਰਿਕਟ ਲਈ ਚੰਗਾ ਹੀ ਹੋਵੇਗਾ।

ਕੈਂਪ ਲਈ ਧਰਮਸ਼ਾਲਾ ਹੋ ਸਕਦਾ ਹੈ ਚੰਗਾ ਬਦਲ

ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ 25 ਮਈ ਤੋਂ ਘਰੇਲੂ ਉਡਾਣ ਸ਼ੁਰੂ ਹੋਣ ਦਾ ਐਲਾਨ ਕਰ ਦਿੱਤਾ। ਧੂਮਲ ਨੇ ਕਿਹਾ ਕਿ ਬੋਰਡ ਰਾਸ਼ਟਰੀ ਕੈਂਪ ਲਈ ਸੁਰੱਖਿਅਤ ਸਥਾਨ ਦਾ ਬਦਲ ਭਾਲ ਸਕਦਾ ਹੈ। ਜੇ ਬੈਂਗਲੁਰੂ ਮੌਜੂਦ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਇਸ ਨੂੰ ਨਹੀਂ ਕਰਵਾਇਆ ਜਾ ਸਕਦਾ ਤਾਂ ਧਰਮਸ਼ਾਲਾ ਚੰਗਾ ਬਦਲ ਹੋ ਸਕਦਾ ਹੈ। ਧਰਮਸ਼ਾਲਾ ਵਿਚ ਇੰਡੋਰ ਸਟੇਡੀਅਮ ਦੀ ਵੀ ਸਹੂਲਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਮੇਰਾ ਸੂਬਾਈ ਸੰਘ ਹੈ ਇਸ ਲਈ ਮੈਂ ਇਸ ਦੀ ਪੈਰਵੀ ਨਹੀਂ ਕਰ ਸਕਦਾ ਪਰ ਬਦਲਾਂ ਦੀ ਭਾਲ ਤੋਂ ਬਾਅਦ ਜੇ ਬੀਸੀਸੀਆਈ ਨੂੰ ਲਗਦਾ ਹੈ ਕਿ ਧਰਮਸ਼ਾਲਾ ਵਿਚ ਕੈਂਪ ਹੋ ਸਕਦਾ ਹੈ ਤਾਂ ਅਸੀਂ ਹਰ ਤਰ੍ਹਾਂ ਦੇ ਇੰਤਜ਼ਾਮ ਲਈ ਤਿਆਰ ਹਾਂ। ਇੱਥੇ ਤਕ ਕਿ ਜਿਸ ਪਵੇਲੀਅਨ ਹੋਟਲ ਵਿਚ ਭਾਰਤੀ ਟੀਮ ਰੁਕਦੀ ਹੈ ਉਹ ਵੀ ਐੱਚਪੀਸੀਏ (ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ) ਦਾ ਹਿੱਸਾ ਹੈ।