ਨਵੀਂ ਦਿੱਲੀ (ਏਐੱਨਆਈ) : ਜੋਫਰਾ ਆਰਚਰ ਮੈਦਾਨ 'ਤੇ ਚਾਹੇ ਹਮਲਾਵਰ ਗੇਂਦਬਾਜ਼ ਹੋਣ ਪਰ ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਨੂੰ ਮੰਗਲਵਾਰ ਨੂੰ ਦਿੱਤੇ ਉਨ੍ਹਾਂ ਦੇ ਸ਼ਾਂਤ ਤੇ ਰਚਨਾਤਮਕ ਜਲਾਬ ਨਾਲ ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਨੇ ਦਿਲ ਜਿੱਤ ਲਿਆ ਹੈ। ਤਸਲੀਮਾ ਨੇ ਕਿਹਾ ਸੀ ਕਿ ਇੰਗਲੈਂਡ ਦੇ ਹਰਫ਼ਨਮੌਲਾ ਮੋਇਨ ਅਲੀ ਜੇ ਕ੍ਰਿਕਟ ਨਹੀਂ ਖੇਡ ਰਹੇ ਹੁੰਦੇ ਤਾਂ ਉਹ ਵਿਸ਼ਵ ਪੱਧਰੀ ਅੱਤਵਾਦੀ ਸਮੂਹ ਆਈਐੱਸਆਈਐੱਸ (ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ) ਵਿਚ ਸ਼ਾਮਲ ਹੋ ਜਾਂਦੇ। ਤਸਲੀਮਾ ਨੇ ਟਵੀਟ ਕੀਤਾ ਸੀ ਕਿ ਜੇ ਮੋਇਨ ਅਲੀ ਕ੍ਰਿਕਟ ਨਾਲ ਨਾ ਜੁੜੇ ਹੁੰਦੇ ਤਾਂ ਉਹ ਆਈਐੱਸਆਈਐੱਸ ਵਿਚ ਸ਼ਾਮਲ ਹੋਣ ਲਈ ਸੀਰੀਆ ਚਲੇ ਜਾਂਦੇ। ਆਪਣੇ ਕਰੀਅਰ ਵਿਚ 96 ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ ਆਰਚਰ ਨੇ ਇਸ 'ਤੇ ਲਿਖਿਆ ਕਿ ਤੁਸੀਂ ਠੀਕ ਤਾਂ ਹੋ? ਮੈਨੂੰ ਨਹੀਂ ਲਗਦਾ ਕਿ ਤੁਸੀਂ ਠੀਕ ਹੋ। ਇਸ 'ਤੇ ਬੰਗਲਾਦੇਸ਼ੀ ਲੇਖਿਕਾ ਨੇ ਚੀਜ਼ਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਲਿਖਿਆ ਕਿ ਨਫ਼ਰਤ ਕਰਨ ਵਾਲੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੋਇਨ ਅਲੀ ਨੂੰ ਲੈ ਕੇ ਮੇਰਾ ਟਵੀਟ ਇਕ ਵਿਅੰਗ ਸੀ ਪਰ ਉਨ੍ਹਾਂ ਨੇ ਮੈਨੂੰ ਬੇਇੱਜ਼ਤ ਕਰਨ ਲਈ ਇਕ ਮੁੱਦਾ ਬਣਾ ਦਿੱਤਾ ਕਿਉਂਕਿ ਮੈਂ ਮੁਸਲਿਮ ਸਮਾਜ ਨੂੰ ਧਰਮ ਨਿਰਪੱਖ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ 'ਤੇ ਆਰਚਰ ਨੇ ਟਵੀਟ ਨੂੰ ਹਟਾਉਣ ਦੀ ਸਲਾਹ ਦਿੰਦੇ ਹੋਏ ਲਿਖਿਆ ਕਿ ਵਿਅੰਗ? ਕੋਈ ਨਹੀਂ ਹੱਸ ਰਿਹਾ ਹੈ, ਇੱਥੇ ਤੱਕ ਕਿ ਤੁਸੀਂ ਖ਼ੁਦ ਵੀ ਨਹੀਂ, ਘੱਟੋ-ਘੱਟ ਤੁਸੀਂ ਇਸ ਟਵੀਟ ਨੂੰ ਹਟਾ ਦਿਓ।