ਲੰਡਨ (ਪੀਟੀਆਈ) : ਇੰਗਲੈਂਡ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜੋਫਰਾ ਆਰਚਰ ਲੱਕ ਵਿਚ ਸਟ੍ਰੈੱਸ ਫਰੈਕਚਰ ਕਾਰਨ ਪੂਰੇ ਸੈਸ਼ਨ 'ਚੋਂ ਬਾਹਰ ਹੋ ਗਏ ਹਨ ਤੇ ਜੁਲਾਈ ਵਿਚ ਭਾਰਤ ਖ਼ਿਲਾਫ਼ ਹੋਣ ਵਾਲੇ ਇੱਕੋ ਇਕ ਕ੍ਰਿਕਟ ਟੈਸਟ ਵਿਚ ਨਹੀਂ ਖੇਡ ਸਕਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਈਸੀਬੀ ਨੇ ਕਿਹਾ ਕਿ ਪਿੱਠ ਵਿਚ ਸਟ੍ਰੈੱਸ ਫਰੈਕਚਰ ਦਾ ਪਤਾ ਲੱਗਣ ਤੋਂ ਬਾਅਦ ਇੰਗਲੈਂਡ ਤੇ ਸਸੇਕਸ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਬਾਕੀ ਬਚੇ ਪੂਰੇ ਸੈਸ਼ਨ 'ਚੋਂ ਬਾਹਰ ਹੋ ਗਏ ਹਨ। ਆਰਚਰ ਅਣਮਿੱਥੇ ਸਮੇਂ ਲਈ ਪ੍ਰਤੀਯੋਗੀ ਕ੍ਰਿਕਟ 'ਚੋਂ ਬਾਹਰ ਹੋ ਗਏ ਹਨ ਕਿਉਂਕਿ ਈਸੀਬੀ ਨੇ ਉਨ੍ਹਾਂ ਦੀ ਵਾਪਸੀ ਲਈ ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ਹੈ। ਈਸੀਬੀ ਨੇ ਕਿਹਾ ਕਿ ਉਨ੍ਹਾਂ ਦੀ ਵਾਪਸੀ ਲਈ ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ਗਈ ਹੈ।

ਅਗਲੇ ਦਿਨਾਂ ਵਿਚ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਮੈਨੇਜਮੈਂਟ ਉਨ੍ਹਾਂ ਨੂੰ ਲੈ ਕੇ ਯੋਜਨਾ ਬਣਾਏਗੀ। ਭਾਰਤ ਨੇ ਜੁਲਾਈ ਵਿਚ ਇੰਗਲੈਂਡ ਖ਼ਿਲਾਫ਼ ਇਕ ਟੈਸਟ (ਪਿਛਲੀ ਸੀਰੀਜ਼ ਦਾ ਬਚਿਆ ਹੋਇਆ ਮੈਚ) ਤੇ ਸੀਮਤ ਓਵਰਾਂ ਦੇ ਛੇ ਮੁਕਾਬਲੇ ਖੇਡਣੇ ਹਨ। ਪਿਛਲਾ ਅੰਤਰਾਰਸ਼ਟਰੀ ਮੈਚ ਮਾਰਚ 2021 ਵਿਚ ਭਾਰਤ ਖ਼ਿਲਾਫ਼ ਉਸੇ ਦੀ ਜ਼ਮੀਨ 'ਤੇ ਖੇਡਣ ਵਾਲੇ 27 ਸਾਲ ਦੇ ਆਰਚਰ ਦੀ ਕੂਹਣੀ ਦਾ ਆਪ੍ਰਰੇਸ਼ਨ ਹੋਇਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਸਸੇਕਸ ਵੱਲੋਂ ਕਾਊਂਟੀ ਕਿ੍ਕਟ ਵਿਚ ਵਾਪਸੀ ਕੀਤੀ ਜਿੱਥੇ ਉਨ੍ਹਾਂ ਨੂੰ ਸਟ੍ਰੈੱਸ ਫਰੈਕਚਰ ਹੋ ਗਿਆ। ਬਾਰਬਾਡੋਸ ਵਿਚ ਜਨਮੇ ਆਰਚਰ ਨੇ ਇੰਗਲੈਂਡ ਲਈ ਤਿੰਨਾਂ ਫਾਰਮੈਟਾਂ ਵਿਚ 42 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ਵਿਚ ਉਨ੍ਹਾਂ ਨੇ 86 ਵਿਕਟਾਂ ਹਾਸਲ ਕੀਤੀਆਂ ਹਨ।