ਮਾਨਚੈਸਟਰ (ਪੀਟੀਆਈ) : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਜੈਵ ਸੁਰੱਖਿਅਤ ਪ੍ਰੋਟੋਕਾਲ ਦੇ ਉਲੰਘਣ ਕਾਰਨ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਹ ਸੀਰੀਜ਼ ਖੇਡੀ ਜਾ ਰਹੀ ਹੈ ਤੇ ਸਾਊਥੈਂਪਟਨ ਵਿਚ ਪਹਿਲੇ ਟੈਸਟ ਮੈਚ ਵਿਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਹੀਂ ਘਟੀ ਸੀ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਕਿਹਾ ਕਿ ਆਰਚਰ ਨੂੰ ਹੁਣ ਪੰਜ ਦਿਨ ਤਕ ਕੁਆਰੰਟਾਈਨ ਵਿਚ ਰਹਿਣਾ ਪਵੇਗਾ ਤੇ ਇਸ ਦੌਰਾਨ ਉਨ੍ਹਾਂ ਦੇ ਕੋਵਿਡ-19 ਲਈ ਦੋ ਟੈਸਟ ਹੋਣਗੇ। ਇਨ੍ਹਾਂ ਦੋਵਾਂ ਦੇ ਨੈਗੇਟਿਵ ਆਉਣ 'ਤੇ ਹੀ ਉਹ ਕੁਆਰੰਟਾਈਨ 'ਚੋਂ ਬਾਹਰ ਨਿਕਲ ਸਕਣਗੇ। ਆਰਚਰ ਨੇ ਇਸ ਗ਼ਲਤੀ ਲਈ ਮਾਫ਼ੀ ਮੰਗੀ ਜਿਸ ਬਾਰੇ ਈਸੀਬੀ ਨੇ ਬਿਆਨ ਵਿਚ ਵਿਸਥਾਰ ਨਾਲ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਲਈ ਮੈਨੂੰ ਬਹੁਤ ਦੁੱਖ ਹੈ। ਮੈਂ ਆਪਣੇ ਆਪ ਨੂੰ ਹੀ ਨਹੀਂ ਬਲਕਿ ਪੂਰੀ ਟੀਮ ਤੇ ਮੈਨੇਜਮੈਂਟ ਨੂੰ ਖ਼ਤਰੇ ਵਿਚ ਪਾਇਆ। ਮੈਂ ਇਸ ਗ਼ਲਤੀ ਦੇ ਨਤੀਜਿਆਂ ਨੂੰ ਸਵੀਕਾਰ ਕਰਦਾ ਹਾਂ ਤੇ ਮੈਂ ਜੈਵ ਸੁਰੱਖਿਅਤ ਵਾਤਾਵਰਨ ਵਿਚ ਰਹਿਣ ਵਾਲੇ ਹਰੇਕ ਵਿਅਕਤੀ ਤੋਂ ਮਾਫ਼ੀ ਮੰਗਦਾ ਹਾਂ। ਮੈਂ ਟੈਸਟ 'ਚੋਂ ਬਾਹਰ ਹੋਣ 'ਤੇ ਬਹੁਤ ਦੁਖੀ ਹਾਂ।