ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਸਮਿ੍ਤੀ ਮੰਧਾਨਾ ਨੇ ਬੱਲੇਬਾਜ਼ਾਂ ਦੀ ਵਨ ਡੇ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਗੁਆ ਦਿੱਤਾ ਹੈ। ਮੰਧਾਨਾ ਪਿਛਲੇ ਦਿਨੀਂ ਦੱਖਣੀ ਅਫਰੀਕਾ ਨਾਲ ਖੇਡੀ ਗਈ ਵਨ ਡੇ ਸੀਰੀਜ਼ ਵਿਚ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ। ਰੈਂਕਿੰਗ ਵਿਚ ਮੰਧਾਨਾ ਦੀ ਥਾਂ ਨਿਊਜ਼ੀਲੈਂਡ ਦੀ ਏਮੀ ਸਟੇਰਥਵੇਟ ਆ ਗਈ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲਾਂ ਮੰਧਾਨਾ ਨੂੰ ਅਭਿਆਸ ਸੈਸ਼ਨ ਵਿਚ ਸੱਟ ਲੱਗ ਗਈ ਸੀ ਤੇ ਉਹ ਆਪਣੇ ਸੱਜੇ ਪੈਰ ਦੇ ਅੰਗੂਠੇ ਨੂੰ ਫਰੈਕਚਰ ਕਰਵਾ ਬੈਠੀ ਸੀ। ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਵੀ ਰੈਂਕਿੰਗ ਵਿਚ ਨੁਕਸਾਨ ਉਠਾਉਣਾ ਪਿਆ ਹੈ। ਉਹ ਹੁਣ ਸੱਤਵੇਂ ਸਥਾਨ 'ਤੇ ਆ ਗਈ ਹੈ। ਮਿਤਾਲੀ ਇਸੇ ਸੀਰੀਜ਼ ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ 20 ਸਾਲ ਪੂਰੇ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਝੂਲਨ ਗੋਸਵਾਮੀ, ਸ਼ਿਖਾ ਪਾਂਡੇ ਤੇ ਪੂਨਮ ਯਾਦਵ ਵੀ ਹੇਠਾਂ ਖਿਸਕ ਗਈਆਂ ਹਨ ਤੇ ਕ੍ਰਮਵਾਰ ਛੇਵੇਂ ਅੱਠਵੇਂ ਤੇ ਨੌਂਵੇ ਸਥਾਨ 'ਤੇ ਆ ਗਈਆਂ ਹਨ।

ਬਾਊਂਡਰੀ ਨਿਯਮ ਹਟਾਉਣ 'ਤੇ ਆਈਸੀਸੀ 'ਤੇ ਵਰ੍ਹੇ ਨੀਸ਼ਮ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਬਾਊਂਡਰੀ ਵਾਲੇ ਨਿਯਮ ਨੂੰ ਹਟਾਉਣ 'ਤੇ ਨਿਊਜ਼ੀਲੈਂਡ ਦੇ ਨੀਸ਼ਮ ਨੇ ਆਈਸੀਸੀ ਦੀ ਖਿਚਾਈ ਕੀਤੀ ਹੈ ਕਿਉਂਕਿ ਇਸੇ ਨਿਯਮ ਤਹਿਤ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਹੱਥੋਂ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਜਿੱਤਿਆ ਸੀ।

ਸਿਮੰਸ ਮੁੜ ਬਣੇ ਵਿੰਡੀਜ਼ ਟੀਮ ਦੇ ਮੁੱਖ ਕੋਚ

ਫਿਲ ਸਿਮੰਸ ਨੂੰ ਇਕ ਵਾਰ ਮੁੜ ਵੈਸਟਇੰਡੀਜ਼ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਸਿਮੰਸ ਨੂੰ ਟੀ-20 ਵਿਸ਼ਵ ਕੱਪ 2016 ਦੇ ਕੁਝ ਸਮੇਂ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦਾ ਇਸ ਵਾਰ ਦਾ ਕਰਾਰ ਚਾਰ ਸਾਲ ਦਾ ਹੈ।

ਇੰਗਲੈਂਡ ਜਿੱਤ ਸਕਦੈ ਵਿਸ਼ਵ ਕੱਪ : ਆਰਚਰ

ਇੰਗਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਜਿੱਤ ਕੇ ਦੋ ਵਿਸ਼ਵ ਕੱਪ ਜਿੱਤਣ ਦਾ ਇਤਿਹਾਸ ਰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਟੈਸਟ ਚੈਂਪੀਅਨਸ਼ਿਪ ਰੈਂਕਿੰਗ ਵਿਚ ਅੱਗੇ ਆਉਣਾ ਚਾਹੁੰਦੇ ਹਾਂ।