ਕੋਲਕਾਤਾ, ਜੇਐੱਨਐੱਨ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਲੋਕ 'ਦਾਦਾ' ਕਹਿੰਦੇ ਹਨ। ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਮਾਰੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਅਜਿਹੇ 'ਚ ਸੌਰਵ ਨੇ ਲੋੜਵੰਦ ਲੋਕਾਂ ਤਕ ਇਕ ਵੱਡੇ ਭਰਾ ਦੀ ਤਰ੍ਹਾਂ ਮਦਦ ਪਹੁੰਚਾਈ ਹੈ।


ਕੋਰੋਨਾ ਕਾਲ 'ਚ ਇਕ ਵਾਰ ਫਿਰ 'ਦਾਦਾ' ਦੀ ਦਰਿਆਦਿਲੀ ਦੇਖਣ ਨੂੰ ਮਿਲੀ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਕੋਸ਼ਿਸ਼ ਨਾਲ ਇਕ ਗ਼ਰੀਬ ਪਰਿਵਾਰ ਦਾ ਕੋਰੋਨਾ ਟੈਸਟ ਸੰਭਵ ਹੋ ਸਕਿਆ। ਪ੍ਰਾਪਤ ਜਾਣਕਾਰੀ ਮੁਤਾਬਕ ਬੰਗਾਲ ਦੇ ਹੁਗਲੀ ਜ਼ਿਲੇ ਦੇ ਚੁੰਚੜਾ ਇਲਾਕੇ ਦੇ ਕਦਮਤਲਾ ਦੇ ਕਨਕਸ਼ਾਲੀ ਦੇ ਵਾਸ਼ਿੰਦਾ ਸੌਰਵ ਬਸੂ ਦੀ ਕੋਰੋਨਾ ਨਾਲ ਐਤਵਾਰ ਨੂੰ ਮੌਤ ਹੋ ਗਈ ਸੀ।


ਉਨ੍ਹਾਂ ਦੀ ਪਤਨੀ ਸੁਸ਼ਮਿਤਾ ਬਸੂ ਤੇ ਦੋਵਾਂ ਬੱਚਿਆਂ 'ਚ ਕੋਰੋਨਾ ਦੇ ਲੱਛਣ ਹਨ। ਸੁਸ਼ਮਿਤਾ ਆਪਣਾ ਤੇ ਬੱਚਿਆਂ ਦਾ ਕੋਰੋਨਾ ਟੈਸਟ ਕਰਵਾਉਣ ਲਈ ਇਧਰ-ਉਧਰ ਭਟਕ ਰਹੀ ਸੀ। ਬਸੂ ਪਰਿਵਾਰ ਦੇ ਇਕ ਮਿੱਤਰ ਰਾਹੀਂ ਇਹ ਗੱਲ ਸੌਰਵ ਤਕ ਪਹੁੰਚੀ। ਇਸ ਤੋਂ ਬਾਅਦ 'ਦਾਦਾ' ਨੇ ਆਪਣੀ ਕੋਸ਼ਿਸ਼ ਨਾਲ ਐੱਸਡੀਪੀਓ ਅਰਿੰਦਮ ਵਿਸ਼ਵਾਸ ਦਾ ਨੰਬਰ ਜੁਗਾੜ ਕਰਕੇ ਉਨ੍ਹਾਂ ਨਾਲ ਸੰਪਰਕ ਕੀਤਾ। ਸੌਰਵ ਨੇ ਪਹਿਲਾਂ ਉਨ੍ਹਾਂ ਨੂੰ ਐੱਸਐੱਮਐੱਸ ਕਰ ਕੇ ਆਪਣੀ ਪਛਾਣ ਦੱਸੀ ਤੇ ਇਸ ਦੇ ਕੁਝ ਸਮੇਂ ਬਾਅਦ ਫੋਨ ਕੀਤਾ।

ਸੌਰਵ ਦਾ ਫੋਨ ਆਉਣ 'ਤੇ ਐੱਸਡੀਪੀਓ ਹੈਰਾਨ ਰਹਿ ਗਏ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦੇ ਖੇਤਰ ਦੇ ਇਕ ਪਰਿਵਾਰ ਲਈ ਸੌਰਵ ਖ਼ੁਦ ਉਨ੍ਹਾਂ ਨੂੰ ਫੋਨ ਕਰ ਰਹੇ ਹਨ। ਸੌਰਵ ਨੇ ਐੱਸਡੀਪੀਓ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਕੋਰੋਨਾ ਟੈਸਟ ਕਰਨ ਦੀ ਅਪੀਲ ਕੀਤੀ। ਐੱਸਡੀਪੀਓ ਵੱਲੋਂ ਸੋਮਵਾਰ ਨੂੰ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਕਰਨ ਦਾ ਵਿਸ਼ਵਾਸ ਦਵਾਇਆ ਗਿਆ। ਜ਼ਿਕਰਯੋਗ ਹੈ ਕਿ ਲਾਕਡਾਊਨ ਸਮੇਂ ਵੀ ਸੌਰਵ ਪ੍ਰਭਾਵਿਤਾਂ ਮਦਦ ਲਈ ਸਾਹਮਣੇ ਆਏ ਸਨ। ਉਨ੍ਹਾਂ ਨੇ ਪੰਜ ਲੱਖ ਰੁਪਏ ਦੇ ਚਾਵਲ ਦਾਨ ਕੀਤਾ ਸੀ।

Posted By: Rajnish Kaur