ਨਵੀਂ ਦਿੱਲੀ, ਆਨਲਾਈਨ ਡੈਸਕ: ਜਸਪ੍ਰੀਤ ਬੁਮਰਾਹ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਖਬਰ 'ਤੇ BCCI ਨੇ ਵੱਡੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਖਬਰਾਂ ਵਿਚਾਲੇ ਬੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਬੁਮਰਾਹ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਵੀਰਵਾਰ ਨੂੰ ਇਹ ਖਬਰ ਆਈ ਸੀ ਕਿ ਪ੍ਰਮੁੱਖ ਭਾਰਤੀ ਤੇਜ਼ ਗੇਂਦਬਾਜ਼ 'ਪਿੱਠ ਦੇ ਤਣਾਅ' ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਦੱਖਣੀ ਅਫ਼ਰੀਕਾ ਸੀਰੀਜ਼ ਲਈ ਬੀਸੀਸੀਆਈ ਨੇ ਮੁਹੰਮਦ ਸਿਰਾਜ ਨੂੰ ਉਨ੍ਹਾਂ ਦੇ ਬਦਲ ਵਜੋਂ ਸ਼ਾਮਲ ਕੀਤਾ ਹੈ।

ਸੌਰਵ ਗਾਂਗੁਲੀ ਨੂੰ ਅਜੇ ਵੀ ਹੈ ਉਮੀਦ

ਗਾਂਗੁਲੀ ਨੇ ਜ਼ੋਰ ਦੇ ਕੇ ਕਿਹਾ ਕਿ ਬੁਮਰਾਹ ਅਜੇ ਵੀ ਆਸਟ੍ਰੇਲੀਆ ਜਾਣ ਲਈ ਤਿਆਰ ਹੈ। ਉਸ ਨੇ ਕਿਹਾ, ''ਨਹੀਂ, ਬੁਮਰਾਹ ਅਜੇ ਵਿਸ਼ਵ ਕੱਪ ਤੋਂ ਬਾਹਰ ਨਹੀਂ ਹੋਇਆ ਹੈ। ਦੇਖਦੇ ਹਾਂ ਕਿ ਕੀ ਹੁੰਦਾ ਹੈ। ਸਾਨੂੰ 3-4 ਦਿਨਾਂ ਵਿੱਚ ਪਤਾ ਲੱਗ ਜਾਵੇਗਾ। ਉਮੀਦ ਰੱਖੋ ਅਤੇ ਉਹਨਾਂ ਨੂੰ ਅਜੇ ਬਾਹਰ ਨਾ ਕਰੋ"

ਇਸ ਤੋਂ ਪਹਿਲਾਂ ਪਿੱਠ ਦੀ ਸੱਟ ਕਾਰਨ ਬੁਮਰਾਹ ਏਸ਼ੀਆ ਕੱਪ 2022 'ਚ ਨਹੀਂ ਖੇਡ ਸਕੇ ਸਨ, ਜਿੱਥੇ ਟੀਮ ਇੰਡੀਆ ਨੂੰ ਉਸ ਦੀ ਕਮੀ ਬਹੁਤ ਮਹਿਸੂਸ ਹੋਈ ਸੀ। ਪਰ ਏਸ਼ੀਆ ਕੱਪ ਤੋਂ ਬਾਅਦ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ਼ ਟੀ-20 ਸੀਰੀਜ਼ 'ਚ ਵਾਪਸੀ ਕੀਤੀ ਪਰ ਦੱਖਣੀ ਅਫ਼ਰੀਕਾ ਖਿਲਾਫ਼ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ। ਬੀਸੀਸੀਆਈ ਵਲੋਂ ਕਿਹਾ ਗਿਆ ਸੀ ਕਿ ਉਸ ਨੇ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ, ਪਰ ਵੀਰਵਾਰ ਨੂੰ ਉਸ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਬੁਮਰਾਹ ਨੂੰ ਲੈ ਕੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਵਧ ਗਈਆਂ ਹਨ

ਇਸ ਦੌਰਾਨ ਗਾਂਗੁਲੀ ਦੇ ਸ਼ਬਦਾਂ ਨੇ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਨੂੰ ਵੱਡੀ ਉਮੀਦ ਦਿੱਤੀ ਹੈ ਜੋ ਬੁਮਰਾਹ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਵਿਸ਼ਵ ਕੱਪ ਵਿੱਚ ਭਾਰਤ ਦੀਆਂ ਉਮੀਦਾਂ ਤੋਂ ਦੁਖੀ ਸਨ। ਜਿੱਥੋਂ ਤੱਕ ਕੰਮ ਦੇ ਬੋਝ ਦਾ ਸਵਾਲ ਹੈ, ਬੁਮਰਾਹ ਨੇ ਇਸ ਸਾਲ ਜ਼ਿਆਦਾ ਕ੍ਰਿਕਟ ਨਹੀਂ ਖੇਡੀ ਹੈ। ਉਸਨੇ IPL 2022 ਤੋਂ ਬਾਅਦ ਸਿਰਫ 3 T20I ਮੈਚ ਖੇਡੇ ਹਨ।

Posted By: Sandip Kaur