ਗੁਜਰਾਤ ਟਾਈਟਨਜ਼ ਦੇ ਵਿਰੁੱਧ ਆਖਰੀ ਪੰਜ ਗੇਂਦਾਂ ’ਤੇ ਪੰਜ ਛੱਕੇ ਮਾਰ ਕੇ ਕ੍ਰਿਕਟ ਜਗਤ ’ਚ ਛਾ ਜਾਣ ਵਾਲੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਬੱਲੇਬਾਜ਼ ਰਿੰਕੂ ਸਿੰਘ ਕੋਲ ਅੱਜ ਭਾਵੇਂ ਮਹਿੰਗੇ-ਮਹਿੰਗੇ ਬੱਲਿਆਂ ਦੀ ਭਰਮਾਰ ਹੋਵੇ ਪਰ ਉਨ੍ਹਾਂ ਨੂੰ ਅੱਜ ਵੀ 800 ਰੁਪਏ ਵਾਲਾ ਉਹ ਪਹਿਲਾ ਬੱਲਾ ਯਾਦ ਹੈ, ਜੋ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਖੇਡਣ ਲਈ ਦਿੱਤਾ ਸੀ। ਕੇਕੇਆਰ ਭਾਵੇ ਆਈਪੀਐੱਲ ਦੇ ਪਲੇਆਫ ’ਚ ਨਹੀਂ ਪਹੁੰਚ ਸਕੀ ਪਰ ਰਿੰਕੂ ਛੇਤੀ ਹੀ ਟੀਮ ਇੰਡੀਆ ’ਚ ਥਾਂ ਬਣਾਉਣ ਲਈ ਤਿਆਰ ਹਨ। ਅਭਿਸ਼ੇਕ ਤਿ੍ਰਪਾਠੀ ਨੇ ਰਿੰਕੂ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਹਿੱਸੇ -

-ਤੁਸੀਂ ਕਈ ਸਾਲਾਂ ਤੋਂ ਆਈਪੀਐੱਲ ’ਚ ਖੇਡ ਰਹੇ ਹੋ ਪਰ ਪੰਜ ਛੱਕਿਆਂ ਦੀ ਉਸ ਪਾਰੀ ਨੇ ਤੁਹਾਡੇ ਲਈ ਸਭ ਕੁਝ ਬਦਲ ਦਿੱਤਾ?

ਇਹ ਸੈਸ਼ਨ ਮੇਰੇ ਲਈ ਬਹੁਤ ਵਧੀਆ ਰਿਹਾ। ਮੈਂ ਯੂਪੀਸੀਏ ਲਈ ਖੇਡਦਾ ਹਾਂ ਅਤੇ ਉਨ੍ਹਾਂ ਨੇ ਮੇਰਾ ਬਹੁਤ ਸਮਰਥਨ ਕੀਤਾ ਹੈ। ਯੂਪੀਸੀਏ ਦੇ ਸਾਬਕਾ ਸਕੱਤਰ ਅਤੇ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਹਮੇਸ਼ਾ ਮੇਰੀ ਮਦਦ ਕੀਤੀ। ਮੈਨੂੰ ਆਈਪੀਐੱਲ ’ਚ ਮੌਕਾ ਮਿਲਿਆ ਅਤੇ ਕੇਕੇਆਰ ਨੇ ਮੇਰੇ ’ਤੇ ਪੂਰਾ ਭਰੋਸਾ ਕੀਤਾ। ਮੈਨੂੰ ਇਨ੍ਹਾਂ ਲੋਕਾਂ ਤੋਂ ਮਿਲੇ ਆਤਮ ਵਿਸ਼ਵਾਸ ਦਾ ਨਤੀਜਾ ਹੈ ਕਿ ਮੈਂ ਲਗਾਤਾਰ ਆਈਪੀਐੱਲ ’ਚ ਸਖ਼ਤ ਮਿਹਨਤ ਕੀਤੀ ਸੀ, ਜਿਸ ਦਾ ਫਲ ਮਿਲਿਆ ਹੈ। ਮੈਂ ਲਗਾਤਾਰ ਚੰਗਾ ਖੇਡਣ ’ਚ ਵਿਸ਼ਵਾਸ ਰੱਖਦਾ ਹਾਂ।

-ਪੰਜ ਛੱਕੇ ਕਿਵੇਂ ਲੱਗੇ? ਕੀ ਤੁਸੀਂ ਸੋਚਿਆ ਸੀ ਕਿ ਤੁਸੀਂ ਅਜਿਹਾ ਕਰ ਸਕੋਗੇ?

ਆਖਰੀ ਓਵਰ ’ਚ ਪੰਜ ਗੇਂਦਾਂ ’ਤੇ ਪੰਜ ਛੱਕੇ ਲਗਾਉਣਾ ਔਖਾ ਕੰਮ ਹੈ ਅਤੇ ਅਜਿਹਾ ਬਹੁਤ ਘੱਟ ਹੁੰਦਾ ਹੈ। ਉਸ ਸਮੇਂ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਅਸੀਂ ਮੈਚ ਹਾਰ ਗਏ ਹਾਂ। ਮੈਂ ਬਹੁਤਾ ਨਹੀਂ ਸੋਚ ਰਿਹਾ ਸੀ ਅਤੇ ਸ਼ਾਂਤ ਸੀ। ਮੈਂ ਉਹ ਗੇਂਦ ਖੇਡ ਰਿਹਾ ਸੀ ਜੋ ਮੈਨੂੰ ਮਿਲ ਰਿਹਾ ਸੀ। ਮੈਂ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਛੱਕੇ ਲਗਾਏ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਆਖ਼ਰੀ ਓਵਰ ’ਚ ਕਿੰਨੀਆਂ ਦੌੜਾਂ ਦੀ ਲੋੜ ਸੀ। ਆਖਰੀ ਦੋ ਗੇਂਦਾਂ ’ਤੇ ਮੈਨੂੰ ਪਤਾ ਲੱਗਾ ਕਿ ਹੁਣ 10 ਦੌੜਾਂ ਦੀ ਲੋੜ ਹੈ। ਫਿਰ ਮਹਿਸੂਸ ਹੋਇਆ ਕਿ ਅਸੀਂ ਮੈਚ ਜਿੱਤ ਸਕਦੇ ਹਾਂ। ਉਸ ਤੋਂ ਬਾਅਦ ਸਭ ਨੇ ਦੇਖਿਆ ਕੀ ਹੋਇਆ।

-ਲਖਨਊ ਸੁਪਰਜਾਇੰਟਸ ਵਿਰੁੱਧ ਟੀਮ ਦੇ ਆਖਰੀ ਮੈਚ ’ਚ ਜਦੋਂ ਤੁਸੀਂ ਸ਼ਾਟ ਮਾਰਨ ਲੱਗੇ ਤਾਂ ਵਿਰੋਧੀ ਟੀਮ ਨੂੰ ਲੱਗਣ ਲੱਗਾ ਕਿ ਜੇ ਰਿੰਕੂ ਹੈ ਤਾਂ ਕੇਕੇਆਰ ਮੈਚ ਜਿੱਤ ਲਵੇਗੀ?

ਹਾਂ, ਮੈਂ ਉਸ ਮੈਚ ਵਿਚ ਵੀ ਅਜਿਹਾ ਹੀ ਮਹਿਸੂਸ ਕਰ ਰਿਹਾ ਸੀ ਅਤੇ ਮੇਰੇ ਦਿਮਾਗ ਵਿਚ ਗੁਜਰਾਤ ਟਾਈਟਨਜ਼ ਦਾ ਮੈਚ ਆ ਰਿਹਾ ਸੀ। ਅਸੀਂ ਜਿੱਤ ਗਏ ਸੀ, ਅੰਤ ’ਚ ਸਿਰਫ਼ ਇਕ ਦੌੜ ਨਾਲ ਹਾਰ ਗਏ। ਇਹ ਸਾਡੀ ਮਾੜੀ ਕਿਸਮਤ ਸੀ ਕਿ ਅਸੀਂ ਜਿੱਤ ਨਹੀਂ ਸਕੇ। ਹੁਣ ਸਿਰਫ ਮੇਰੀ ਟੀਮ ਹੀ ਨਹੀਂ ਸਗੋਂ ਹੋਰ ਲੋਕ ਵੀ ਮਹਿਸੂਸ ਕਰਨ ਲੱਗੇ ਹਨ ਕਿ ਮੈਂ ਵੱਧ ਤੋਂ ਵੱਧ ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਸਕਦਾ ਹਾਂ।

-ਤੁਸੀਂ ਯਸ਼ ਠਾਕੁਰ ਦੇ ਆਖਰੀ ਓਵਰ ਦੀ ਤੀਜੀ ਗੇਂਦ ’ਤੇ ਨਹੀਂ ਦੌੜੇ। ਉਸ ’ਤੇ ਦੋ ਦੌੜਾਂ ਬਣਾ ਸਕਦੇ ਸੀ ਤੇ ਕੇਕੇਆਰ ਜਿੱਤ ਜਾਂਦੀ?

ਨਹੀਂ, ਮੈਂ ਬੈਠ ਕੇ ਸ਼ਾਟ ਮਾਰਿਆ ਅਤੇ ਮੈਨੂੰ ਪਤਾ ਸੀ ਕਿ ਇਸ ’ਤੇ ਦੋ ਦੌੜਾਂ ਨਹੀਂ ਲੱਗਣਗੀਆਂ। ਜੇ ਮੈਂ ਉੱਠ ਕੇ ਦੁਬਾਰਾ ਦੌੜਦਾ ਤਾਂ ਇੱਕ ਹੀ ਦੌੜ ਹੋਣੀ ਸੀ। ਅਜਿਹੇ ’ਚ ਇਕ ਹੀ ਦੌੜ ਹੁੰਦੀ ਅਤੇ ਸਟ੍ਰਾਈਕ ਵੈਭਵ ਅਰੋੜਾ ’ਤੇ ਚਲੀ ਜਾਂਦੀ। ਮੈਂ ਸਟ੍ਰਾਈਕ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ।

-ਤੁਸੀਂ ਯੂਪੀ ਲਈ ਵੀ ਲਗਾਤਾਰ ਚੰਗਾ ਖੇਡ ਰਹੇ ਸੀ ਪਰ ਲੋਕ ਸਵਾਲ ਉਠਾ ਰਹੇ ਹਨ ਕਿ ਰਿੰਕੂ ਨੂੰ ਯੂਪੀ ਰਣਜੀ ਟੀਮ ਦਾ ਕਪਤਾਨ ਕਿਉਂ ਨਹੀਂ ਬਣਾਇਆ ਗਿਆ?

ਨਹੀਂ, ਅਜਿਹਾ ਨਹੀਂ ਹੈ। ਮੈਨੂੰ ਵਾਰ-ਵਾਰ ਯੂਪੀ ਦੀ ਕਪਤਾਨੀ ਦੀ ਪੇਸ਼ਕਸ਼ ਕੀਤੀ ਗਈ ਪਰ ਇਹ ਇਕ ਅਜਿਹਾ ਰੋਲ ਹੈ ਜੋ ਮੈਂ ਕਦੇ ਨਹੀਂ ਨਿਭਾਇਆ, ਇਸ ਲਈ ਮੈਂ ਇਸਨੂੰ ਠੁਕਰਾ ਦਿੱਤਾ। ਮੈਂ ਸਿਰਫ ਆਪਣੀ ਖੇਡ ’ਤੇ ਧਿਆਨ ਦੇਣਾ ਚਾਹੁੰਦਾ ਹਾਂ।

-ਭਵਿੱਖ ’ਚ ਕਪਤਾਨੀ ਕਰਨ ਦੀ ਕੋਈ ਯੋਜਨਾ?

ਨਹੀਂ, ਮੇਰੀ ਅਜਿਹੀ ਕੋਈ ਯੋਜਨਾ ਨਹੀਂ ਹੈ। ਮੈਨੂੰ ਯੂਪੀਸੀਏ ਦੁਆਰਾ ਕਈ ਵਾਰ ਇਸ ਦੀ ਪੇਸ਼ਕਸ਼ ਕੀਤੀ ਗਈ ਹੈ, ਪਰ ਮੈਂ ਇਨਕਾਰ ਕਰ ਦਿੱਤਾ।

-ਤੁਹਾਡਾ ਪਰਿਵਾਰ ਬਹੁਤ ਗ਼ਰੀਬ ਸੀ ਅਤੇ ਕ੍ਰਿਕਟ ਇੰਨੀ ਸਸਤੀ ਖੇਡ ਨਹੀਂ ਹੈ। ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ?

ਇਸ ਪੱਧਰ ’ਤੇ ਆਉਣ ਲਈ ਸੂਬੇ ਲਈ ਖੇਡਣਾ ਜ਼ਰੂਰੀ ਹੈ। ਮੈਂ ਯੂਪੀ ਲਈ ਖੇਡਦਾ ਹਾਂ ਕਿਉਂਕਿ ਯੂਪੀਸੀਏ ਨੇ ਮੇਰੀ ਬਹੁਤ ਮਦਦ ਕੀਤੀ ਹੈ। ਮੈਂ 2012 ਤੋਂ ਯੂਪੀ ਲਈ ਖੇਡ ਰਿਹਾ ਹਾਂ। ਇਸ ਟੀਮ ਲਈ ਦੌੜਾਂ ਬਣਾਈਆਂ ਜਿਸ ਤੋਂ ਬਾਅਦ ਮੈਂ ਆਈਪੀਐੱਲ ਲਈ ਸਾਲ 2010 ’ਚ ਖੇਡਣਾ ਸ਼ੁਰੂ ਕੀਤਾ ਸੀ। ਸਾਰਿਆਂ ਵਾਂਗ ਮੈਂ ਵੀ ਗਲੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ। 2012 ’ਚ ਯੂਪੀ ਤੋਂ ਅੰਡਰ-16 ਖੇਡਿਆ। ਇਸ ਤੋਂ ਇਲਾਵਾ ਹੋਰ ਕੁਝ ਸਮਝ ਨਹੀਂ ਸੀ ਆਉਂਦਾ।

-ਕੀ ਕ੍ਰਿਕਟ ਦਾ ਸਾਹਮਣਾ ਕਰਨਾ ਬਹੁਤ ਮਹਿੰਗਾ ਹੈ? ਪਹਿਲਾ ਬੱਲਾ ਯਾਦ ਹੈ?

ਹਾਂ, ਕ੍ਰਿਕਟ ਖੇਡਣਾ ਆਸਾਨ ਨਹੀਂ ਹੈ ਪਰ ਦੁਨੀਆ ’ਚ ਬਹੁਤ ਸਾਰੇ ਚੰਗੇ ਲੋਕ ਹਨ। ਇਸ ਸਫ਼ਰ ’ਚ ਮੇਰੇ ਜੱਦੀ ਸ਼ਹਿਰ ਅਲੀਗੜ੍ਹ ਦੇ ਕਈ ਲੋਕਾਂ ਨੇ ਮੇਰੀ ਮਦਦ ਕੀਤੀ। ਪਰਿਵਾਰ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ। ਸਭ ਤੋਂ ਪਹਿਲਾਂ ਮੈਨੂੰ ਪਰਿਵਾਰ ਵੱਲੋਂ ਵਧੀਆ ਬੱਲਾ ਦਿੱਤਾ ਗਿਆ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਨੂੰ 800 ਰੁਪਏ ਦਾ ਬੀਡੀਐੱਮ ਬੈਟ ਮਿਲਿਆ ਸੀ, ਮੈਂ ਬਹੁਤ ਖੁਸ਼ ਸੀ।

-ਹੁਣ ਤੁਸੀਂ ਮਸ਼ਹੂਰ ਹੋ, ਪੈਸਾ ਵੀ ਆ ਗਿਆ ਹੈ। ਤੁਸੀਂ ਆਪਣੇ ਪਰਿਵਾਰ ਲਈ ਕੀ ਕਰਨਾ ਚਾਹੁੰਦੇ ਹੋ?

ਜੇ ਮੈਂ ਜਾਂ ਕੋਈ ਹੋਰ ਖਿਡਾਰੀ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਪਰਿਵਾਰ ਹਮੇਸ਼ਾ ਖੁਸ਼ ਰਹਿੰਦਾ ਹੈ। ਮੇਰਾ ਪੂਰਾ ਪਰਿਵਾਰ ਖੁਸ਼ ਹੈ। ਪਰਿਵਾਰ ਵਾਲਿਆਂ ਨੂੰ ਲੱਗਦਾ ਹੈ ਕਿ ਬੇਟਾ ਦੇਸ਼ ਲਈ ਖੇਡੇ ਅਤੇ ਮੇਰੀ ਮਾਂ ਦੀ ਵੀ ਇਹੀ ਇੱਛਾ ਹੈ ਪਰ ਮੈਂ ਇਸ ਬਾਰੇ ਨਹੀਂ ਸੋਚ ਰਿਹਾ। ਜੇਕਰ ਮੈਂ ਚੰਗੀਆਂ ਦੌੜਾਂ ਬਣਾਵਾਂਗਾ, ਤਾਂ ਮੈਂ ਖੇਡਾਂਗਾ, ਜੇਕਰ ਮੈਂ ਨਹੀਂ ਬਣਾਵਾਂਗਾ, ਤਾਂ ਮੈਂ ਨਹੀਂ ਖੇਡ ਸਕਾਂਗਾ। ਪਹਿਲਾਂ ਘਰ ’ਚ ਪੈਸੇ ਦੀ ਕਮੀ ਸੀ ਅਤੇ ਕਰਜ਼ਾ ਵੀ ਸੀ, ਇਸ ਲਈ ਮੈਂ ਇਸ ਸਮੱਸਿਆ ਨੂੰ ਦੂਰ ਕੀਤਾ ਹੈ। ਘਰ ਵੀ ਬਣ ਗਿਆ ਹੈ ਤੇ ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੈ। ਕੁੱਲ ਮਿਲਾ ਕੇ ਕ੍ਰਿਕਟ ਨੇ ਜ਼ਿੰਦਗੀ ਨੂੰ ਲੀਹ ’ਤੇ ਲਿਆਂਦਾ ਹੈ।

-ਲੋਕ ਕਹਿ ਰਹੇ ਹਨ ਕਿ ਪੰਜ ਛੱਕਿਆਂ ਨੇ ਤੁਹਾਡੇ ਲਈ ਟੀਮ ਇੰਡੀਆ ਦਾ ਦਰਵਾਜ਼ਾ ਖੜਕਾਇਆ ਹੈ?

ਲੋਕ ਭਾਵੇਂ ਅਜਿਹਾ ਕਹਿ ਰਹੇ ਹਨ ਪਰ ਮੈਂ ਇਸ ਬਾਰੇ ਫਿਲਹਾਲ ਨਹੀਂ ਸੋਚ ਰਿਹਾ। ਮੈਂ ਸਖ਼ਤ ਮਿਹਨਤ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ। ਜੇ ਮੈਂ ਇਸ ਬਾਰੇ ਸੋਚਦਾ ਰਿਹਾ, ਤਾਂ ਮੈਂ ਆਪਣੇ ਆਪ ਨੂੰ ਪਰੇਸ਼ਾਨ ਕਰਾਂਗਾ। ਮੈਂ ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ’ਚ ਚੰਗਾ ਪ੍ਰਦਰਸ਼ਨ ਕਰਨ ’ਤੇ ਧਿਆਨ ਦੇਵਾਂਗਾ।

Posted By: Seema Anand