ਨਵੀਂ ਦਿੱਲੀ (ਪੀਟੀਆਈ) : ਆਈਸੀਸੀ ਦੀ ਕ੍ਰਿਕਟ ਕਮੇਟੀ ਦੇ ਮੁਖੀ ਅਨਿਲ ਕੁੰਬਲੇ ਨੇ ਕਿਹਾ ਕਿ ਗੇਂਦ 'ਤੇ ਬਾਹਰੀ ਪਦਾਰਥਾਂ ਦੇ ਇਸਤੇਮਾਲ ਨੂੰ ਲੈ ਕੇ ਗੱਲਬਾਤ ਹੋਈ ਸੀ। ਕੁੰਬਲੇ ਨੇ ਇਸ ਕਿਆਸ 'ਤੇ ਕਿਹਾ ਕਿ ਜੇ ਤੁਸੀਂ ਖੇਡ ਦੇ ਇਤਿਹਾਸ ਨੂੰ ਦੇਖੋ ਤਾਂ ਬਾਹਰੀ ਪਦਾਰਥਾਂ ਨੂੰ ਖੇਡ ਵਿਚ ਆਉਣ ਤੋਂ ਰੋਕਣ 'ਤੇ ਸਾਡਾ ਕਾਫੀ ਧਿਆਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੁਸੀਂ ਉਸ ਨੂੰ ਜਾਇਜ਼ ਕਰਨ ਜਾ ਰਹੇ ਹੋ ਜਿਸ ਦਾ ਪਿਛਲੇ ਕੁਝ ਸਾਲਾਂ 'ਚ ਗਹਿਰਾ ਅਸਰ ਰਿਹਾ ਹੈ। ਕੁੰਬਲੇ ਨੇ 2018 ਦੇ ਗੇਂਦ ਨਾਲ ਛੇੜਛਾੜ ਮਾਮਲੇ ਦਾ ਹਵਾਲਾ ਦਿੱਤਾ ਜਿਸ ਕਾਰਨ ਆਸਟ੍ਰੇਲਿਆਈ ਕ੍ਰਿਕਟਰਾਂ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰੂਨ ਬੇਨਕ੍ਰਾਫਟ 'ਤੇ ਪਾਬੰਦੀ ਲੱਗੀ। ਉਨ੍ਹਾਂ ਨੇ ਕਿਹਾ ਕਿ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦੌਰਾਨ ਜੋ ਹੋਇਆ ਉਸ 'ਤੇ ਆਈਸੀਸੀ ਨੇ ਫ਼ੈਸਲਾ ਲਿਆ ਪਰ ਕ੍ਰਿਕਟ ਆਸਟ੍ਰੇਲੀਆ ਨੇ ਇਸ ਤੋਂ ਵੀ ਸਖ਼ਤ ਰੁਖ਼ ਅਪਣਾਇਆ। ਇਸ ਲਈ ਅਸੀਂ ਵੀ ਇਸ 'ਤੇ ਵਿਚਾਰ ਕੀਤਾ।