ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਡੀਡੀਸੀਏ ਚੋਣ ਕਮੇਟੀ ਦੇ ਚੇਅਰਮੈਨ ਅਮਿਤ ਭੰਡਾਰੀ 'ਤੇ ਕੁਝ ਗੁੰਡਿਆਂ ਨੇ ਹਾਕੀ ਸਟਿਕ ਨਾਲ ਹਮਲਾ ਕਰ ਦਿੱਤਾ। ਇਹ ਵਾਰਦਾਤ ਉਸ ਸਮੇਂ ਦੀ ਹੈ ਜਦ ਅਮਿਤ ਅੰਡਰ-23 ਖਿਡਾਰੀਆਂ ਲਈ ਸੇਂਟ ਸਟੀਫੰਸ ਮੈਦਾਨ 'ਤੇ ਟਰਾਇਲ ਵਿਚ ਮੌਜੂਦ ਸਨ। ਇਸ ਦੌਰਾਨ ਅਮਿਤ ਖਿਡਾਰੀਆਂ ਨੂੰ ਪਰਖ ਰਹੇ ਸਨ। ਇਸ ਹਮਲੇ ਵਿਚ ਭੰਡਾਰੀ ਨੂੰ ਸਿਰ ਤੇ ਕੰਨ ਵਿਚ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਦੇ ਸਹਿਯੋਗੀ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਸਿਵਿਲ ਲਾਈਨਜ਼ ਵਿਖੇ ਸੰਤ ਪਰਮਾਨੰਦ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਪੁਲਿਸ ਦੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਗੁੰਡੇ ਮੌਕੇ ਤੋਂ ਭੱਜ ਗਏ। ਦਿੱਲੀ ਐਂਡ ਡਿਸਟਿ੍ਕਟ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਪ੍ਧਾਨ ਰਜਤ ਸ਼ਰਮਾ ਨੇ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਸੀਂ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੱਥੇ ਤਕ ਮੈਨੂੰ ਪਤਾ ਹੈ ਕਿ ਇਹ ਹਮਲਾ ਇਕ ਅਸੰਤੁਸ਼ਟ ਖਿਡਾਰੀ ਨੇ ਕਰਵਾਇਆ ਜਿਸ ਨੂੰ ਨੈਸ਼ਨਲ ਅੰਡਰ-23 ਟੂਰਨਾਮੈਂਟ ਦੇ ਸੰਭਾਵਤ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਸਥਾਨਕ ਪੁਲਿਸ ਸਟੇਸ਼ਨ ਤੋਂ ਐੱਸਐੱਚਓ ਸੇਂਟ ਸਟੀਫਨ ਦੇ ਮੈਦਾਨ ਵਿਚ ਪੁੱਜ ਗਏ ਹਨ। ਮੈਂ ਨਿੱਜੀ ਰੂਪ ਨਾਲ ਦਿੱਲੀ ਪੁਲਿਸ ਕਮਿਸ਼ਨਰ ਅਮੁਲ ਪਟਨਾਇਕ ਨਾਲ ਗੱਲ ਕੀਤੀ ਹੈ। ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਜੋ ਵੀ ਇਸ ਵਿਚ ਸ਼ਾਮਲ ਪਾਇਆ ਜਾਂਦਾ ਹੈ ਉਸ ਖ਼ਿਲਾਫ਼ ਮੈਂ ਕਾਰਵਾਈ ਦਾ ਵਾਅਦਾ ਕਰਦਾ ਹਾਂ। ਅਸੀਂ ਇਕ ਐੱਫਆਈਆਰ ਦਰਜ ਕਰਾਵਾਂਗੇ। ਜ਼ਿਕਰਯੋਗ ਹੈ ਕਿ ਇਕ ਅਕਤੂਬਰ 1978 ਨੂੰ ਜੰਮੇ ਅਮਿਤ ਨੇ ਟੀਮ ਇੰਡੀਆ ਲਈ ਦੋ ਵਨ ਡੇ ਮੈਚ ਖੇਡੇ ਹਨ। ਇਸ ਵਿਚ ਉਨ੍ਹਾਂ ਨੇ ਕੁੱਲ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਅਮਿਤ ਨੇ ਪਹਿਲਾ ਦਰਜਾ ਦੇ 95 ਮੈਚਾਂ ਵਿਚ 314 ਤੇ ਲਿਸਟ ਏ ਦੇ 105 ਮੈਚਾਂ ਵਿਚ 153 ਵਿਕਟਾਂ ਲਈਆਂ ਹਨ।