ਲਾਹੌਰ (ਪੀਟੀਆਈ) : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ 2020-21 ਸੈਸ਼ਨ ਲਈ ਜਾਰੀ ਸਾਲਾਨਾ ਕੇਂਦਰੀ ਕਰਾਰ ਸੂਚੀ ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਤੇ ਹਸਨ ਅਲੀ ਨੇ ਬੋਰਡ ਦਾ ਅਧਿਕਾਰਕ ਵੱਟਸਐਪ ਗਰੁੱਪ ਛੱਡ ਦਿੱਤਾ ਹੈ। ਕ੍ਰਿਕਟ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਟੀਮ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖਿਡਾਰੀਆਂ ਲਈ ਆਪਣੀ ਮਰਜ਼ੀ ਨਾਲ ਗਰੁੱਪ ਨੂੰ ਛੱਡਣਾ ਨਾਮੰਨਣਯੋਗ ਨਹੀਂ ਸੀ। ਮੁੱਦਿਆਂ ਤੇ ਫਿਟਨੈੱਸ ਨਾਲ ਜੁੜੀਆਂ ਸਿਫ਼ਾਰਸ਼ਾਂ ਲਈ ਪੀਸੀਬੀ ਨੇ ਇਸ ਗਰੁੱਪ ਨੂੰ ਬਣਾਇਆ ਸੀ ਪਰ ਕੇਂਦਰੀ ਕਰਾਰ ਸੂਚੀ 'ਚੋਂ ਹਟਾ ਦਿੱਤੇ ਜਾਣ ਤੋਂ ਬਾਅਦ ਆਮਿਰ ਤੇ ਹਸਨ ਨੇ ਗਰੁੱਪ ਨੂੰ ਛੱਡ ਦਿੱਤਾ ਹੈ। ਸਾਲਾਨਾ ਕੇਂਦਰੀ ਕਰਾਰ ਸੂਚੀ 'ਚੋਂ ਬਾਹਰ ਕੀਤੇ ਜਾਣ ਵਾਲੇ ਖਿਡਾਰੀਆਂ ਵਿਚ ਵਹਾਬ ਰਿਆਜ਼ ਵੀ ਸ਼ਾਮਲ ਸਨ ਪਰ ਰਿਆਜ਼ ਅਜੇ ਵੀ ਪੀਸਬੀ ਦੇ ਇਸ ਵੱਟਸਐੱਪ ਗਰੁੱਪ ਦਾ ਹਿੱਸਾ ਬਣੇ ਹੋਏ ਹਨ। ਪੀਸੀਬੀ ਨੇ 2020-21 ਸੈਸ਼ਨ ਲਈ ਪਿਛਲੇ ਹਫ਼ਤੇ ਹੀ 18 ਖਿਡਾਰੀਆਂ ਦੀ ਸਾਲਾਨਾ ਕੇਂਦਰੀ ਕਰਾਰ ਸੂਚੀ ਜਾਰੀ ਕੀਤੀ ਸੀ ਜਿਸ ਵਿਚ ਨੌਜਵਾਨ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਤੇ ਵਿਕਟਕੀਪਰ ਬੱਲੇਬਾਜ਼ ਇਫਤਿਖਾਰ ਅਹਿਮਦ ਨੂੰ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਇਹ ਕਰਾਰ ਇਕ ਜੁਲਾਈ ਤੋਂ ਸ਼ੁਰੂ ਹੋਣਗੇ। ਪੀਸੀਬੀ ਨੇ ਹਾਲਾਂਕਿ ਕਿਹਾ ਕਿ ਆਮਿਰ, ਹਸਨ ਤੇ ਰਿਆਜ਼ ਟੀਮ ਵਿਚ ਥਾਂ ਲਈ ਦਾਅਵੇਦਾਰ ਹਨ। ਕੇਂਦਰੀ ਕਰਾਰ ਦੀ ਸੂਚੀ 'ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਹਸਨ ਨੇ ਤਾਂ ਇਕ ਵਿਵਾਦਤ ਟਵੀਟ ਵੀ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਬਾਅਦ ਵਿਚ ਡਿਲੀਟ ਕਰ ਦਿੱਤਾ ਸੀ।

ਆਖ਼ਰੀ ਮੁਕਾਬਲਾ ਭਾਰਤ ਖ਼ਿਲਾਫ਼ ਖੇਡੇ ਸਨ ਅਲੀ :

ਜ਼ਿਕਰਯੋਗ ਹੈ ਕਿ ਹਸਨ ਅਲੀ ਨੇ ਆਪਣਾ ਆਖ਼ਰੀ ਮੈਚ ਮਾਨਚੈਸਟਰ ਵਿਚ ਵਿਸ਼ਵ ਕੱਪ 2019 ਵਿਚ ਭਾਰਤ ਖ਼ਿਲਾਫ਼ ਖੇਡਿਆ ਸੀ। ਉਥੇ ਆਮਿਰ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਵਿਚ ਆਖ਼ਰੀ ਵਾਰ ਪਾਕਿਸਤਾਨ ਲਈ ਖੇਡੇ ਸਨ ਜਦਕਿ ਰਿਆਜ਼ ਨੇ ਵੀ ਇਸੇ ਸੀਰੀਜ਼ ਵਿਚ ਆਪਣਾ ਆਖ਼ਰੀ ਮੈਚ ਖੇਡਿਆ ਸੀ।