ਵਿਸ਼ਾਲ ਸ਼੍ਰੇਸ਼ਠ, ਕੋਲਕਾਤਾ : ਫਿਲਹਾਲ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਪੂਰੀ ਦੁਨੀਆ ਦੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਆਈਪੀਐੱਲ ਹੋਵੇਗਾ ਜਾਂ ਨਹੀਂ ਤੇ ਜੇ ਹੋਵੇਗੀ ਤਾਂ ਉਸ ਵਿਚ ਵਿਦੇਸ਼ੀ ਕ੍ਰਿਕਟਰ ਸ਼ਾਮਲ ਹੋਣਗੇ ਜਾਂ ਨਹੀਂ। ਟੋਕੀਓ ਓਲੰਪਿਕ ਨੂੰ ਇਕ ਸਾਲ ਲਈ ਮੁਲਤਵੀ ਕਰਨ ਤੋਂ ਬਾਅਦ ਬੀਸੀਸੀਆਈ ਦੇ ਹੁਕਮਰਾਨਾਂ 'ਤੇ ਇਸ ਨੂੰ ਵੀ ਰੱਦ ਕਰਨ ਦਾ ਦਬਾਅ ਵਧ ਗਿਆ ਹੈ ਪਰ ਅਜੇ ਤਕ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਨੇ ਇਸ 'ਤੇ ਫ਼ੈਸਲਾ ਨਹੀਂ ਲਿਆ ਹੈ। ਅਜੇ ਤਕ ਦੀ ਸਥਿਤੀ ਇਹ ਹੈ ਕਿ 14 ਅਪ੍ਰੈਲ ਤਕ ਦੇਸ਼ ਵਿਚ ਲਾਕਡਾਊਨ ਹੈ ਤੇ 15 ਅਪ੍ਰੈਲ ਤਕ ਵੀਜ਼ਾ ਸਬੰਧੀ ਰੋਕ ਹੋਣ ਕਾਰਨ ਦੇਸ਼ ਵਿਚ ਵਿਦੇਸ਼ੀ ਖਿਡਾਰੀ ਪ੍ਰਵੇਸ਼ ਨਹੀਂ ਕਰ ਸਕਦੇ। ਇਸ ਸਮੇਂ ਜੋ ਹਾਲਾਤ ਹਨ ਉਨ੍ਹਾਂ ਵਿਚ ਆਈਪੀਐੱਲ ਕਰਵਾਉਣ ਦੀਆਂ ਸੰਭਾਵਨਾਵਾਂ ਘੱਟ ਹੀ ਨਜ਼ਰ ਆ ਰਹੀਆਂ ਪਰ ਜੇ ਹਾਲਾਤ ਸੰਭਲਦੇ ਹਨ ਤੇ ਵਿਦੇਸ਼ੀ ਖਿਡਾਰੀ ਇਸ ਵਿਚ ਸ਼ਿਰਕਤ ਨਹੀਂ ਕਰ ਸਕਦੇ ਜਾਂ ਖ਼ੁਦ ਹੀ ਖੇਡਣ ਨਹੀਂ ਆਉਂਦੇ ਤਾਂ ਅੱਠਾਂ ਫਰੈਂਚਾਈਜ਼ੀਆਂ 'ਤੇ ਇਸ ਦਾ ਅਸਰ ਪੈਣਾ ਤੈਅ ਹੈ। ਆਓ ਜਾਣਦੇ ਹਾਂ ਕਿ ਵਿਦੇਸ਼ੀ ਕ੍ਰਿਕਟਰਾਂ ਦੇ ਨਾ ਖੇਡਣ 'ਤੇ ਕਿਸ ਟੀਮ 'ਤੇ ਕਿੰਨਾ ਅਸਰ ਪੈ ਸਕਦਾ ਹੈ।


ਚੇਨਈ ਸੁਪਰ ਕਿੰਗਜ਼ :


ਮਹਿੰਦਰ ਸਿੰਘ ਧੋਨੀ ਦੀ ਤਿੰਨ ਵਾਰ ਦੀ ਚੈਂਪੀਅਨ ਇਸ ਟੀਮ ਵਿਚ ਇਕ ਤੋਂ ਵਧ ਕੇ ਇਕ ਧਮਾਕੇਦਾਰ ਭਾਰਤੀ ਖਿਡਾਰੀ ਹਨ। ਚੇਨਈ ਵਿਚ ਟੀ-20 ਕ੍ਰਿਕਟ ਦੇ ਮਹਾਰਥੀ ਸੁਰੇਸ਼ ਰੈਣਾ ਤੋਂ ਇਲਾਵਾ ਰਵਿੰਦਰ ਜਡੇਜਾ, ਕੇਦਾਰ ਜਾਧਵ, ਹਰਭਜਨ ਸਿੰਘ, ਦੀਪਕ ਚਾਹਰ, ਸ਼ਾਰਦੂਲ ਠਾਕੁਰ, ਅੰਬਾਤੀ ਰਾਇਡੂ, ਮੁਰਲੀ ਵਿਜੇ ਤੇ ਪੀਊਸ਼ ਚਾਵਲਾ ਵਰਗੇ ਦੇਸੀ ਖਿਡਾਰੀ ਵੀ ਹਨ। ਇੰਨੇ ਚੰਗੇ ਭਾਰਤੀ ਖਿਡਾਰੀਆਂ ਨਾਲ ਲੈਸ ਹੋਣ ਦੇ ਬਾਵਜੂਦ ਟੀਮ ਨੂੰ ਆਸਟ੍ਰੇਲੀਆ ਦੇ ਧਮਾਕੇਦਾਰ ਹਰਫ਼ਨਮੌਲਾ ਸ਼ੇਨ ਵਾਟਸਨ ਤੇ ਕੈਰੇਬਿਆਈ ਹਰਫ਼ਨਮੌਲਾ ਡਵੇਨ ਬਰਾਵੋ ਦੀ ਕਮੀ ਬਹੁਤ ਰੜਕ ਸਕਦੀ ਹੈ। ਇਹ ਦੋਵੇਂ ਕਈ ਮੌਕਿਆਂ 'ਤੇ ਮੈਚ ਵਿਨਰ ਰਹੇ ਹਨ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਨਗੀਦੀ ਤੇ ਅਫਰੀਕੀ ਸਪਿੰਨਰ ਇਮਰਾਨ ਤਾਹਿਰ ਦਾ ਨਾ ਖੇਡਣਾ ਵੀ ਟੀਮ ਦੀ ਗੇਂਦਬਾਜ਼ੀ ਨੂੰ ਕਮਜ਼ੋਰ ਕਰ ਸਕਦਾ ਹੈ।


ਦਿੱਲੀ ਕੈਪੀਟਲਜ਼ :


ਆਈਪੀਐੱਲ ਦੇ ਇਤਿਹਾਸ ਵਿਚ ਸਾਲ-ਦਰ-ਸਾਲ ਜਿੰਨੀ ਤਬਦੀਲੀ ਦਿੱਲੀ ਦੀ ਟੀਮ ਵਿਚ ਦੇਖਣ ਨੂੰ ਮਿਲੀ, ਓਨੀ ਸ਼ਾਇਦ ਹੀ ਕਿਸੇ ਹੋਰ ਟੀਮ ਵਿਚ ਦਿਖਾਈ ਦਿੱਤੀ ਹੋਵੇ। ਇਸ ਟੀਮ ਦੀ ਕਮਾਨ ਹੁਣ ਸ਼੍ਰੇਅਸ ਅਈਅਰ ਵਰਗੇ ਨੌਜਵਾਨ ਹੱਥਾਂ ਵਿਚ ਹੈ, ਜੋ ਟੀਮ ਇੰਡੀਆ ਵਿਚ ਆਪਣੀ ਥਾਂ ਮਜ਼ਬੂਤ ਕਰ ਚੁੱਕੇ ਹਨ। ਟੀਮ ਵਿਚ ਸ਼ਿਖਰ ਧਵਨ, ਅਮਿਤ ਮਿਸ਼ਰਾ, ਅਜਿੰਕੇ ਰਹਾਣੇ, ਰਵੀਚੰਦਰਨ ਅਸ਼ਵਿਨ, ਪਿ੍ਰਥਵੀ ਸ਼ਾਅ ਤੇ ਰਿਸ਼ਭ ਪੰਤ ਵਰਗੇ ਸ਼ਾਨਦਾਰ ਭਾਰਤੀ ਖਿਡਾਰੀ ਵੀ ਹਨ ਪਰ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਦਾ, ਇੰਗਲੈਂਡ ਦੇ ਜੇਸਨ ਰਾਏ ਤੇ ਕ੍ਰਿਸ ਵੋਕਸ ਤੇ ਵੈਸਟਇੰਡੀਜ਼ ਦੇ ਸ਼ਿਮਰੋਨ ਹੇਟਮਾਇਰ ਤੋਂ ਬਿਨਾਂ ਦਿੱਲੀ ਦਾ ਰਾਹ ਸੌਖਾ ਨਹੀਂ ਹੋਵੇਗਾ।


ਕਿੰਗਜ਼ ਇਲੈਵਨ ਪੰਜਾਬ :


ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੰਜਾਬ ਦੀ ਬੱਲੇਬਾਜ਼ੀ ਕਾਫੀ ਹੱਦ ਤਕ ਵਿਦੇਸ਼ੀ ਬੱਲੇਬਾਜ਼ਾਂ 'ਤੇ ਹੀ ਨਿਰਭਰ ਹੈ ਇਸ ਲਈ ਉਸ ਨੂੰ ਬਹੁਤ ਜ਼ਿਆਦਾ ਫ਼ਰਕ ਪੈ ਸਕਦਾ ਹੈ। ਕਪਤਾਨ ਲੋਕੇਸ਼ ਰਾਹੁਲ ਨੂੰ ਛੱਡ ਦਿੱਤਾ ਜਾਵੇ ਤਾਂ ਟੀਮ ਵਿਚ ਟੀ-20 ਕ੍ਰਿਕਟ ਦਾ ਹੋਰ ਕੋਈ ਭਾਰਤੀ ਸਟਾਰ ਨਹੀਂ ਹੈ, ਪਰ ਵਿਦੇਸ਼ੀ ਕ੍ਰਿਕਟਰਾਂ ਦੀ ਗੱਲ ਕਰੀਏ ਤਾਂ ਇਸ ਟੀਮ ਕੋਲ ਕ੍ਰਿਸ ਗੇਲ ਤੇ ਗਲੇਨ ਮੈਕਸਵੈਲ ਦੇ ਰੂਪ ਵਿਚ ਦੁਨੀਆ ਦੇ ਦੋ ਅਜਿਹੇ ਧਮਾਕੇਦਾਰ ਬੱਲੇਬਾਜ਼ ਹਨ ਜੋ ਆਪਣੇ ਦਮ 'ਤੇ ਕਿਸੇ ਵੀ ਮੈਚ ਦਾ ਰੁਖ਼ ਬਦਲ ਸਕਦੇ ਹਨ। ਪਿਛਲੀ ਨਿਲਾਮੀ ਵਿਚ ਟੀਮ ਨੂੰ ਸ਼ੇਲਡਨ ਕਾਟਰੇਲ ਦੇ ਰੂਪ ਵਿਚ ਚੰਗਾ ਕੈਰੇਬਿਆਈ ਗੇਂਦਬਾਜ਼ ਵੀ ਮਿਲ ਚੁੱਕਾ ਹੈ।


ਰਾਇਲ ਚੈਲੰਜਰਜ਼ ਬੈਂਗਲੁਰੂ :


ਜਿਸ ਟੀਮ ਕੋਲ ਵਿਰਾਟ ਕੋਹਲੀ ਵਰਗਾ ਦੁਨੀਆ ਦਾ ਮੌਜੂਦਾ ਦੌਰ ਦਾ ਸਰਬੋਤਮ ਬੱਲੇਬਾਜ਼ ਹੋਵੇ ਉਸ ਬਾਰੇ ਹੋਰ ਕੀ ਕਹਿਣਾ, ਪਰ ਕੋਹਲੀ ਹਰ ਵਾਰ ਇਕੱਲੇ ਆਪਣੀ ਟੀਮ ਦੀ ਬੇੜੀ ਪਾਰ ਨਹੀਂ ਕਰਵਾ ਸਕਦੇ। ਬੈਂਗਲੁਰੂ ਦੀ ਟੀਮ ਬੱਲੇਬਾਜ਼ੀ ਵਿਚ ਕੋਹਲੀ ਤੋਂ ਇਲਾਵਾ ਦੱਖਣੀ ਅਫਰੀਕਾ ਦੇ 360 ਡਿਗਰੀ ਬੱਲੇਬਾਜ਼ ਏਬੀ ਡਿਵੀਲੀਅਰਜ਼ 'ਤੇ ਕਾਫੀ ਹੱਦ ਤਕ ਨਿਰਭਰ ਰਹੀ ਹੈ। ਟੀਮ ਵਿਚ ਆਰੋਨ ਫਿੰਚ ਵਰਗਾ ਸ਼ਾਨਦਾਰ ਆਸਟ੍ਰੇਲੀਆਈ ਬੱਲੇਬਾਜ਼ ਵੀ ਹੈ ਤੇ ਹੁਣ ਤਾਂ ਉਸ ਨੂੰ ਡੇਲ ਸਟੇਨ ਦੇ ਰੂਪ ਵਿਚ ਬਹੁਤ ਤਜਰਬੇਕਾਰ ਤੇਜ਼ ਗੇਂਦਬਾਜ਼ ਵੀ ਮਿਲ ਗਿਆ ਹੈ। ਇਨ੍ਹਾਂ ਵਿਦੇਸ਼ੀ ਖਿਡਾਰੀਆਂ ਤੋਂ ਬਿਨਾਂ ਬੈਂਗਲੁਰੂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੈਸੇ ਟੀਮ ਦੀ ਸਪਿੰਨ ਗੇਂਦਬਾਜ਼ੀ ਭਾਰਤੀਆਂ 'ਤੇ ਹੀ ਨਿਰਭਰ ਹੈ। ਟੀਮ ਵਿਚ ਯੁਜਵਿੰਦਰ ਚਹਿਲ ਤੇ ਵਾਸ਼ਿੰਗਟਨ ਸੁੰਦਰ ਵਰਗੇ ਚੰਗੇ ਸਪਿੰਨਰ ਹਨ।


ਸਨਰਾਈਜਰਜ਼ ਹੈਦਰਾਬਾਦ :


ਇਸ ਟੀਮ ਦੀ ਤਾਂ ਕਮਾਨ ਹੀ ਵਿਦੇਸ਼ੀ ਖਿਡਾਰੀ ਡੇਵਿਡ ਵਾਰਨਰ ਦੇ ਹੱਥਾਂ ਵਿਚ ਹੈ, ਜੋ ਆਪਣੇ ਆਪ ਵਿਚ ਬਹੁਤ ਖ਼ਤਰਨਾਕ ਬੱਲੇਬਾਜ਼ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੇ ਇੰਗਲੈਂਡ ਦੇ ਸਟਾਰ ਬੱਲੇਬਾਜ਼ ਜਾਨੀ ਬੇਰਸਟੋ ਵੀ ਇਸ ਟੀਮ ਦਾ ਹਿੱਸਾ ਹਨ। ਆਈਪੀਐੱਲ ਵਿਚ ਪਹਿਲਾ ਸੈਂਕੜਾ ਲਾਉਣ ਵਾਲੇ ਮਨੀਸ਼ ਪਾਂਡੇ ਤੇ ਮੌਜੂਦਾ ਸਮੇਂ ਦੇ ਸਰਬੋਤਮ ਭਾਰਤੀ ਟੈਸਟ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਇਸ ਟੀਮ ਕੋਲ ਹਨ ਤੇ ਭੁਵਨੇਸ਼ਵਰ ਕੁਮਾਰ ਵਰਗਾ ਸ਼ਾਨਦਾਰ ਤੇਜ਼ ਗੇਂਦਬਾਜ਼ ਵੀ, ਪਰ ਵਿਦੇਸ਼ੀ ਖਿਡਾਰੀਆਂ ਤੋਂ ਬਿਨਾਂ ਇਸ ਟੀਮ ਦਾ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਮੈਚ ਜਿਤਾਉਣ ਵਾਲੇ ਅਫ਼ਗਾਨੀ ਸਪਿੰਨਰ ਰਾਸ਼ਿਦ ਖ਼ਾਨ ਵੀ ਉਪਲੱਬਧ ਨਹੀਂ ਹੋ ਸਕਣਗੇ।


ਰਾਜਸਥਾਨ ਰਾਇਲਜ਼ :


ਰਾਜਸਥਾਨ ਨੇ ਪਹਿਲਾ ਅਤੇ ਇੱਕੋ ਇਕ ਆਈਪੀਐੱਲ ਖ਼ਿਤਾਬ ਵਿਦੇਸ਼ੀ ਕਪਤਾਨ ਸ਼ੇਨ ਵਾਰਨ ਦੀ ਅਗਵਾਈ ਵਿਚ ਜਿੱਤਿਆ ਸੀ। ਇਸ ਟੀਮ ਨੂੰ ਪਿਛਲੀ ਨਿਲਾਮੀ ਵਿਚ ਰਾਬਿਨ ਉਥੱਪਾ ਵਰਗਾ ਤਜਰਬੇਕਾਰ ਤੇ ਯਸ਼ਸਵੀ ਜਾਇਸਵਾਲ ਵਰਗਾ ਨੌਜਵਾਨ ਬੱਲੇਬਾਜ਼ ਮਿਲ ਚੁੱਕਾ ਹੈ। ਇਸ ਟੀਮ ਵਿਚ ਆਈਪੀਐੱਲ ਨਾਲ ਚਮਕਣ ਵਾਲੇ ਸੰਜੂ ਸੈਮਸਨ ਤੇ ਸੌਰਾਸ਼ਟਰ ਨੂੰ ਬਤੌਰ ਕਪਤਾਨ ਪਿਛਲੀ ਰਣਜੀ ਟਰਾਫੀ ਜਿਤਾਉਣ ਵਾਲੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਵੀ ਹਨ। ਫਿਰ ਵੀ ਆਸਟ੍ਰੇਲੀਆ ਦੇ ਸਟੀਵ ਸਮਿਥ, ਇੰਗਲੈਂਡ ਦੇ ਬੇਨ ਸਟੋਕਸ ਤੇ ਜੋਸ ਬਟਲਰ ਤੇ ਜੋਫਰਾ ਆਰਚਰ ਤੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਨਾ ਹੋਣ ਨਾਲ ਟੀਮ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਕਮਜ਼ੋਰ ਨਜ਼ਰ ਆਉਂਦੇ ਹਨ। ਸਟੀਵ ਸਮਿਥ ਨਹੀਂ ਖੇਡੇ ਤਾਂ ਰਾਜਸਥਾਨ ਨੂੰ ਨਵਾਂ ਕਪਤਾਨ ਵੀ ਲੱਭਣਾ ਪਵੇਗਾ। ਅਜਿੰਕੇ ਰਹਾਣੇ ਕਪਤਾਨ ਦੇ ਤੌਰ 'ਤੇ ਨਾਕਾਮ ਰਹੇ ਹਨ।


ਮੁੰਬਈ ਇੰਡੀਅਨ :


ਧੋਨੀ ਵਾਂਗ ਰੋਹਿਤ ਸ਼ਰਮਾ ਵੀ ਆਪਣੀ ਟੀਮ ਨੂੰ ਤਿੰਨ ਵਾਰ ਆਈਪੀਐੱਲ ਟਰਾਫੀ ਜਿਤਾ ਚੁੱਕੇ ਹਨ। ਰੋਹਿਤ ਦੀ ਟੀਮ ਵਿਚ ਹਾਰਦਿਕ ਤੇ ਕਰੁਣਾਲ ਪਾਂਡਿਆ ਤੋਂ ਇਲਾਵਾ ਜਸਪ੍ਰਰੀਤ ਬੁਮਰਾਹ ਵਰਗੇ ਦਿੱਗਜ ਭਾਰਤੀ ਖਿਡਾਰੀ ਹਨ। ਫਿਰ ਵੀ ਕੈਰੇਬਿਆਈ ਹਰਫ਼ਨਮੌਲਾ ਕਿਰੋਨ ਪੋਲਾਰਡ ਤੇ ਸ੍ਰੀਲੰਕਾਈ ਤੇਜ਼ ਗੇਂਦਬਾਜ਼ ਲਸਿਥ ਮਲਿੰਕਾ ਤੋਂ ਬਿਨਾਂ ਇਸ ਟੀਮ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਤੀ। ਟੀਮ ਨੂੰ ਟ੍ਰੇਂਟ ਬੋਲਟ ਦਾ ਝਟਕਾ ਵੀ ਲੱਗ ਸਕਦਾ ਹੈ।


ਕੋਲਕਾਤਾ ਨਾਈਟਰਾਈਡਰਜ਼


ਸ਼ਾਹਰੁਖ਼ ਖਾਨ ਦੀ ਕੋਲਕਾਤਾ ਟੀਮ ਦੀ ਗੱਲ ਕਰੀਏ ਤਾਂ ਆਈਪੀਐੱਲ ਦੀ ਇਹ ਇਕੱਲੇ ਅਜਿਹੀ ਟੀਮ ਹੈ ਜੋ ਪਹਿਲੇ ਸੈਸ਼ਨ ਤੋਂ ਹੀ ਵਿਦੇਸ਼ੀ ਖਿਡਾਰੀਆਂ 'ਤੇ ਨਿਰਭਰ ਰਹੀ ਹੈ। ਪਹਿਲਾਂ ਬਰੈਂਡਨ ਮੈਕੁਲਮ, ਕ੍ਰਿਸ ਗੇਲ ਤੇ ਜੈਕ ਕੈਲਿਸ ਤੇ ਪਿਛਲੇ ਸੈਸ਼ਨ ਵਿਚ ਆਂਦਰੇ ਰਸੇਲ ਨੇ ਇਸ ਟੀਮ ਨੂੰ ਸੰਭਾਲਿਆ ਹੈ। ਵੈਸਟਇੰਡੀਜ਼ ਦੇ ਸਪਿੰਨਰ ਸੁਨੀਲ ਨਾਰਾਇਣ ਤੋਂ ਬਿਨਾਂ ਵੀ ਇਸ ਟੀਮ ਦਾ ਕੰਮ ਨਹੀਂ ਬਣਦਾ। ਉਨ੍ਹਾਂ ਨੂੰ ਸਾਲਾਂ ਤੋਂ ਇਸ ਟੀਮ ਨੇ ਰਿਟੇਨ ਕੀਤਾ ਹੋਇਆ ਹੈ। ਦੇਸੀ ਖਿਡਾਰੀਆਂ ਵਿਚ ਸਿਰਫ਼ ਸਾਬਕਾ ਕਪਾਤਨ ਗੌਤਮ ਗੰਭੀਰ ਤੇ ਤਜਰਬੇਕਾਰ ਬੱਲੇਬਾਜ਼ ਰਾਬਿਨ ਉਥੱਪਾ ਹੀ ਚਮਕ ਸਕੇ ਹਨ। ਟੀਮ ਨੇ ਇਸ ਸਾਲ ਨਿਲਾਮੀ ਵਿਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ 15.5 ਕਰੋੜ ਰੁਪਏ ਦੀ ਵੱਡੀ ਰਕਮ ਖ਼ਰਚ ਕਰ ਕੇ ਖ਼ਰੀਦਿਆ ਹੈ ਜੋ ਆਈਪੀਐੱਲ ਦੇ ਇਤਿਹਾਸ ਵਿਚ ਕਿਸੇ ਵਿਦੇਸ਼ੀ ਖਿਡਾਰੀ 'ਤੇ ਲੱਗੀ ਹੁਣ ਤਕ ਦੀ ਸਭ ਤੋਂ ਉੱਚੀ ਬੋਲੀ ਹੈ। ਕੋਲਕਾਤਾ ਨੇ ਇੰਗਲੈਂਡ ਨੂੰ ਪਿਛਲੇ ਸਾਲ 50 ਓਵਰਾਂ ਦਾ ਵਿਸ਼ਵ ਕੱਪ ਜਿਤਾਉਣ ਵਾਲੇ ਇਆਨ ਮਾਰਗਨ ਨੂੰ ਵੀ ਮੁੜ ਤੋਂ ਖ਼ਰੀਦਿਆ ਹੈ। ਇਹ ਦੋਵੇਂ ਖਿਡਾਰੀ ਇਸ ਵਾਰ ਕੋਲਕਾਤਾ ਦੇ ਗੇਮ ਪਲਾਨ ਦਾ ਅਹਿਮ ਹਿੱਸਾ ਹਨ। ਇਸ ਕਾਰਨ ਇਹ ਵਿਦੇਸ਼ੀ ਖਿਡਾਰੀ ਨਾ ਖੇਡ ਸਕੇ ਤਾਂ ਦਿਨੇਸ਼ ਕਾਰਤਿਕ ਦੀ ਅਗਵਾਈ ਵਾਲੀ ਕੋਲਕਾਤਾ ਬਹੁਤ ਕਮਜ਼ੋਰ ਟੀਮ ਸਾਬਤ ਹੋ ਸਕਦੀ ਹੈ।

Posted By: Rajnish Kaur